Code Of Ethics

Download app

Subscribe To Print Edition

Parvinder Jhota Case: ਪੰਜਾਬ ਫਾਰਮੇਸੀ ਕੌਂਸਲ ਵੱਲੋਂ ਅਸ਼ਵਨੀ ਕੁਮਾਰ ਦੀ ਰਜਿਸਟਰੇਸ਼ਨ ਰੱਦ

ਅਸਲਾ ਲਾਇਸੈਂਸ ਵੀ ਕੀਤਾ ਜਾ ਚੁੱਕਾ ਹੈ ਰੱਦ; ਨਸ਼ਿਆਂ ਦੀ ਗ਼ੈਰਕਾਨੂੰਨੀ ਵਿਕਰੀ ਦੇ ਮਾਮਲੇ ਵਿਚ ਕੀਤੀ ਕਾਰਵਾਈ

featured-img

Parvinder Jhota Case: ਮਾਨਸਾ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਮੌਤ ਦੇ ਮਾਮਲੇ ਵਿੱਚ ਮੁਲਜ਼ਮ ਅਸ਼ਵਨੀ ਕੁਮਾਰ ਵਿਰੁੱਧ ਕਾਰਵਾਈ ਕਰਦਿਆਂ ਪੰਜਾਬ ਫਾਰਮੇਸੀ ਕੌਂਸਲ ਨੇ ਉਸ ਦੀ ਰਜਿਸਟਰੇਸ਼ਨ ਰੱਦ ਕਰ ਦਿੱਤੀ ਹੈ। ਕੌਂਸਲ ਦੇ ਚੇਅਰਮੈਨ ਸੁਨੀਲ ਬਾਂਸਲ ਨੇ ਦੱਸਿਆ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਫਾਰਮਾਸਿਸਟ ਖਿਲਾਫ਼ ਸਖ਼ਤ ਕਾਰਵਾਈ ਕੀਤੀ ਗਈ ਹੈ। ਉਸ ਦੀ ਫਾਰਮਾਸਿਸਟ ਰਜਿਸਟਰੇਸ਼ਨ 10 ਜੁਲਾਈ, 2020 ਨੂੰ ਜਾਰੀ ਹੋਈ ਸੀ ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ।

ਅਸ਼ਵਨੀ ਕੁਮਾਰ ਪਰਵਿੰਦਰ ਸਿੰਘ ਝੋਟਾ ਦੀ ਮੌਤ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਹੈ। ਇਸ ਘਟਨਾ ਤੋਂ ਬਾਅਦ ਨਸ਼ਿਆਂ ਦੀ ਗ਼ੈਰਕਾਨੂੰਨੀ ਵਿਕਰੀ ਅਤੇ ਇਸ ਵਿਰੁੱਧ ਕਾਰਵਾਈ ਕਰਨ ਵਾਲੀਆਂ ਸਰਕਾਰੀ ਏਜੰਸੀਆਂ ਦੀ ਭੂਮਿਕਾ ਨੂੰ ਲੈ ਕੇ ਵੀ ਸਵਾਲ ਉੱਠੇ ਸਨ।

ਇਸ ਤੋਂ ਪਹਿਲਾਂ ਸਾਹਮਣੇ ਆਈ ਜਾਣਕਾਰੀ ਅਨੁਸਾਰ ਅਸ਼ਵਨੀ ਕੁਮਾਰ ਦੇ ਟਿਕਾਣਿਆਂ ’ਤੇ ਪਿਛਲੇ ਚਾਰ ਸਾਲਾਂ ਦੌਰਾਨ ਕਰੀਬ 10 ਵਾਰ ਛਾਪੇ ਮਾਰੇ ਗਏ ਸਨ ਅਤੇ ਉਸ ਦੇ ਡਰੱਗ ਲਾਇਸੈਂਸ ਨੂੰ ਤਿੰਨ ਵਾਰ ਮੁਅੱਤਲ ਕੀਤਾ ਗਿਆ ਸੀ। ਪੰਜਾਬ ਸਰਕਾਰ ਦੇ ਅੰਕੜਿਆਂ ਅਨੁਸਾਰ ਅਪਰੈਲ 2025 ਤੋਂ ਸਤੰਬਰ 2026 ਤੱਕ ਸੂਬੇ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲੇ 520 ਦਵਾਈ ਵਿਕਰੇਤਾਵਾਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਅਤੇ 22 ਦੇ ਲਾਇਸੈਂਸ ਰੱਦ ਕੀਤੇ ਗਏ ਸਨ।

ਇਸ ਮਾਮਲੇ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਸਬੰਧਤ ਮੈਡੀਕਲ ਸਟੋਰ ਦਾ ਡਰੱਗ ਲਾਇਸੈਂਸ ਅਸ਼ਵਨੀ ਕੁਮਾਰ ਦੀ ਪਤਨੀ ਸੰਤੋਸ਼ ਰਾਣੀ ਦੇ ਨਾਮ ’ਤੇ ਸੀ। ਅਸ਼ਵਨੀ ਕੁਮਾਰ ਖ਼ੁਦ ਉਸ ਲਾਇਸੈਂਸ ਤਹਿਤ ਦਵਾਈਆਂ ਵੇਚਣ ਲਈ ਅਧਿਕਾਰਤ ਨਹੀਂ ਸੀ।

ਅਸਲਾ ਲਾਇਸੈਂਸ ਵੀ ਕੀਤਾ ਜਾ ਚੁੱਕਾ ਹੈ ਰੱਦ

ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਪੁਲੀਸ ਦੀ ਸਿਫ਼ਾਰਸ਼ ’ਤੇ ਅਸ਼ਵਨੀ ਕੁਮਾਰ ਦਾ ਅਸਲਾ ਲਾਇਸੈਂਸ ਵੀ ਰੱਦ ਕਰ ਦਿੱਤਾ ਸੀ। ਪ੍ਰਸ਼ਾਸਨ ਮੁਤਾਬਕ, ਉਸ ਨੇ ਲਾਇਸੈਂਸ ਤਹਿਤ ਹਾਸਲ ਕੀਤੇ ਹਥਿਆਰ ਦੀ ਵਰਤੋਂ ਕਤਲ ਦੀ ਘਟਨਾ ਵਿੱਚ ਕੀਤੀ ਸੀ।

ਫਾਰਮੇਸੀ ਕੌਂਸਲ ਵੱਲੋਂ ਰਜਿਸਟਰੇਸ਼ਨ ਰੱਦ ਕਰਨ ਦੀ ਖ਼ਬਰ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਝੋਟਾ ਮਾਮਲੇ ਵਿੱਚ ਇਨਸਾਫ਼ ਅਤੇ ਨਸ਼ਿਆਂ ਦੀ ਵਿਕਰੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਦੀ ਟੀਮ ਅੱਜ ਵਿਪਿਨ ਕੁਮਾਰ ਦੇ ਘਰ ਪਹੁੰਚੀ। ਜਾਣਕਾਰੀ ਮੁਤਾਬਿਕ ਵਿਪਿਨ ਉਹ ਵਿਅਕਤੀ ਦੱਸਿਆ ਜਾ ਰਿਹਾ ਹੈ, ਜੋ ਅਸ਼ਵਨੀ ਕੁਮਾਰ ਨੂੰ ਆਪਣੇ ਨਾਲ ਲੈ ਕੇ ਗਿਆ ਸੀ। ਇਸੇ ਸਬੰਧ ਵਿੱਚ ਸੀ.ਬੀ.ਆਈ. ਦੀ ਟੀਮ ਨੇ ਵਿਪਿਨ ਦੇ ਘਰ ਪਹੁੰਚ ਕੇ ਜਾਂਚ ਕੀਤੀ।

ਜ਼ਿਕਰਯੋਗ ਹੈ ਕਿ ਵਿਪਿਨ ਕੁਮਾਰ ਉੱਪਰ ਅਸ਼ਵਨੀ ਕੁਮਾਰ ਨੂੰ ਪਨਾਹ ਦੇਣ ਦਾ ਦੋਸ਼ ਹੈ ਅਤੇ ਪੁਲੀਸ ਵੱਲੋਂ ਉਸ ਉੱਪਰ ਮਾਮਲਾ ਦਰਜ ਕਰਕੇ ਉਸ ਨੂੰ ਪਹਿਲੇ ਦਿਨ ਹੀ ਗ੍ਰਿਫ਼ਤਾਰ ਕੀਤਾ ਗਿਆ ਸੀ।

 

Leave a Comment

Advertisment

You May Like This