ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਸੰਮਨ ਜਾਰੀ ਕੀਤੇ ਜਾਣ ਤੋਂ ਬਾਅਦ ਲੁਧਿਆਣਾ ਦੇ ਪੁਲੀਸ ਕਮਿਸ਼ਨਰ (ਸੀਪੀ) ਸਵਪਨ ਸ਼ਰਮਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਆਪਣੇ ‘ਤੇ ਲੱਗੇ ਦੋਸ਼ਾਂ ਅਤੇ ਈਡੀ ਸੰਮਨਾਂ ਬਾਰੇ ਬੋਲਦਿਆਂ ਸੀਪੀ ਸਵਪਨ ਸ਼ਰਮਾ ਨੇ ਕਿਹਾ,”ਮੈਂ ਆਪਣੀ ਡਿਊਟੀ ਦੇ ਹਿੱਸੇ…
ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਸੰਮਨ ਜਾਰੀ ਕੀਤੇ ਜਾਣ ਤੋਂ ਬਾਅਦ ਲੁਧਿਆਣਾ ਦੇ ਪੁਲੀਸ ਕਮਿਸ਼ਨਰ (ਸੀਪੀ) ਸਵਪਨ ਸ਼ਰਮਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਆਪਣੇ ‘ਤੇ ਲੱਗੇ ਦੋਸ਼ਾਂ ਅਤੇ ਈਡੀ ਸੰਮਨਾਂ ਬਾਰੇ ਬੋਲਦਿਆਂ ਸੀਪੀ ਸਵਪਨ ਸ਼ਰਮਾ ਨੇ ਕਿਹਾ,”ਮੈਂ ਆਪਣੀ ਡਿਊਟੀ ਦੇ ਹਿੱਸੇ ਵਜੋਂ ਉੱਤਰੀ ਭਾਰਤ ਵਿੱਚ ਫੈਲੇ ਇੱਕ ਵੱਡੇ ਸਾਈਬਰ ਅਪਰਾਧ ਮਾਮਲੇ ਦੀ ਜਾਂਚ ਲਈ ਗੁੜਗਾਓਂ ਗਿਆ ਸੀ। ਮੇਰੇ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ।’’
ਇਸ ਦੇ ਨਾਲ ਹੀ ਚੰਡੀਗੜ੍ਹ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਆਈਪੀਐੱਸ ਅਧਿਕਾਰੀ ਨੂੰ ਸੰਮਨ ਭੇਜਣ ਲਈ ਦੋ ਅਲੱਗ-ਅਲੱਗ ਮਾਮਲਿਆਂ ਨੂੰ ਆਪਸ ਵਿੱਚ ਜੋੜ ਦਿੱਤਾ ਜਾਪਦਾ ਹੈ, ਜੋ ਕਿ ਸਹੀ ਨਹੀਂ ਲੱਗਦਾ।
ਜ਼ਿਕਰਯੋਗ ਹੈ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਲੁਧਿਆਣਾ ਦੇ ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੂੰ 19 ਅਕਤੂਬਰ 2026 ਨੂੰ ਚੰਡੀਗੜ੍ਹ ਸਥਿਤ ਆਪਣੇ ਦਫ਼ਤਰ ਵਿੱਚ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਸੰਮਨ ਭੇਜਿਆ ਹੈ। ਈਡੀ ਵੱਲੋਂ ਇਹ ਸੰਮਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਬੰਧਤ ਇੱਕ ਵਿਵਾਦਤ ਵਾਇਰਲ ਵੀਡੀਓ ਦੀ ਜਾਅਲੀ ਫੋਰੈਂਸਿਕ ਅਤੇ ਸਾਈਬਰ ਵਿਸ਼ਲੇਸ਼ਣ ਰਿਪੋਰਟ ਤਿਆਰ ਕਰਨ ਦੇ ਦੋਸ਼ਾਂ ਦੇ ਸਬੰਧ ਵਿੱਚ ਭੇਜੇ ਗਏ ਹਨ।
ਦੋਸ਼ ਹਨ ਕਿ ਸੀਪੀ ਸਵਪਨ ਸ਼ਰਮਾ ਨੇ ਗੁਰੂਗ੍ਰਾਮ ਵਿੱਚ ਕੁਝ ਮਾਹਰਾਂ ਨਾਲ ਮੁਲਾਕਾਤ ਕੀਤੀ ਸੀ ਤਾਂ ਜੋ ਇਹ ਦਿਖਾਉਣ ਲਈ ਜਾਅਲੀ ਰਿਪੋਰਟਾਂ ਤਿਆਰ ਕੀਤੀਆਂ ਜਾ ਸਕਣ ਕਿ ਮੁੱਖ ਮੰਤਰੀ ਦੀ ਵੀਡੀਓ ਏਆਈ (AI) ਦੁਆਰਾ ਬਣਾਈ ਗਈ ਸੀ।
ਵਾਇਰਲ ਵੀਡੀਓ ਦਾ ਪਿਛੋਕੜ
ਜੂਨ ਮਹੀਨੇ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਕਥਿਤ ਤੌਰ ‘ਤੇ ਮੁੱਖ ਮੰਤਰੀ ਮਾਨ ਨੂੰ ਸਿੱਖ ਗੁਰੂਆਂ ਦੀਆਂ ਤਸਵੀਰਾਂ ਦੀ ਬੇਅਦਬੀ ਕਰਦੇ ਦਿਖਾਇਆ ਗਿਆ ਸੀ। ਇਸ ਵਿਵਾਦ ਤੋਂ ਬਾਅਦ ਮੁੱਖ ਮੰਤਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ ਸਨ ਅਤੇ ਦਾਅਵਾ ਕੀਤਾ ਸੀ ਕਿ ਉਹ ਵੀਡੀਓ ਵਿੱਚ ਨਹੀਂ ਹਨ ਅਤੇ ਇਹ ਇੱਕ ਏਆਈ-ਜਨਰੇਟਿਡ ਕਲਿੱਪ ਹੈ।
ਗੁਰੂਗ੍ਰਾਮ ਵਿੱਚ ਗ੍ਰਿਫ਼ਤਾਰੀਆਂ ਅਤੇ ਦੂਜੀ ਵੀਡੀਓ
ਗੁਰੂਗ੍ਰਾਮ ਪੁਲੀਸ ਨੇ ਇਸ ਮਾਮਲੇ ਵਿੱਚ ਜਾਅਲੀ ਫੋਰੈਂਸਿਕ ਅਤੇ ਸਾਈਬਰ ਰਿਪੋਰਟਾਂ ਤਿਆਰ ਕਰਨ ਦੀ ਸਾਜ਼ਿਸ਼ ਦੇ ਦੋਸ਼ ਹੇਠ ਅਰੁਣ ਮਹਿਦਰੂ (25) ਅਤੇ ਅੰਕਿਤ (25) ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਇੱਕ ਹੋਰ ਵੀਡੀਓ ਸਾਹਮਣੇ ਆਈ ਜਿਸ ਵਿੱਚ ਸੀਪੀ ਸਵਪਨ ਸ਼ਰਮਾ ਗੁਰੂਗ੍ਰਾਮ ਵਿੱਚ ਦੋ ਵਿਅਕਤੀਆਂ ਨਾਲ ਬੈਠੇ ਦਿਖਾਈ ਦਿੱਤੇ ਸਨ, ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾਵਾਂ ਨੇ ਫਰਜ਼ੀ ਰਿਪੋਰਟ ਲਈ “ਸਮਝੌਤਾ” ਹੋਣ ਦੇ ਦੋਸ਼ ਲਗਾਏ ਸਨ।
ਈਡੀ ਦੀ ਇਹ ਕਾਰਵਾਈ ਗੁਰੂਗ੍ਰਾਮ ਪੁਲੀਸ ਵੱਲੋਂ ਦਰਜ ਕੀਤੀ ਗਈ ਐਫਆਈਆਰ (FIR) ਅਤੇ ਜਾਅਲੀ ਫੋਰੈਂਸਿਕ ਰਿਪੋਰਟਾਂ ਤਿਆਰ ਕਰਨ ਦੇ ਮਾਮਲੇ ਵਿੱਚ ਹੋਈਆਂ ਗ੍ਰਿਫ਼ਤਾਰੀਆਂ ਨਾਲ ਜੁੜੀ ਹੋਈ ਹੈ।





















