ਪ੍ਰਬੰਧਕਾਂ ਨੇ ਕੀਤਾ ਐਲਾਨ; ਹੁਣ 1 ਨਵੰਬਰ ਦੀ ਬਜਾਏ 30 ਅਕਤੂਬਰ 2026 ਨੂੰ ਹੋਵੇਗਾ ਸ਼ੋਅ
ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੀ ਦਿਲਜੀਤ ਦੋਸਾਂਝ ਨੂੰ ਕੀਤੀ ਅਪੀਲ ਤੋਂ ਬਾਅਦ ਗਾਇਕ ਨੇ ਦਿੱਲੀ ਵਿੱਚ ਪਹਿਲਾਂ ਤੋਂ ਤੈਅ ਆਪਣੇ 1 ਨਵੰਬਰ ਦੇ ਕੰਸਰਟ ਦੀ ਤਾਰੀਖ਼ ਬਦਲ ਦਿੱਤੀ ਹੈ।
ਸਾਹਨੀ ਵੱਲੋਂ ਦੋਸਾਂਝ ਨੂੰ ਦਿੱਲੀ ਕੰਸਰਟ ਦੀ ਤਾਰੀਖ਼ 1 ਨਵੰਬਰ ਤੋਂ ਬਦਲਣ ਦੀ ਅਪੀਲ ਕਰਨ ਦੇ ਇੱਕ ਦਿਨ ਬਾਅਦ, ਪ੍ਰਬੰਧਕਾਂ ਨੇ ਐਲਾਨ ਕੀਤਾ ਹੈ ਕਿ ਇਹ ਕੰਸਰਟ ਹੁਣ 30 ਅਕਤੂਬਰ, 2026 ਨੂੰ ਹੋਵੇਗਾ।
ਸਾਹਨੀ ਨੇ ਦਿਲਜੀਤ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਪ੍ਰਭਾਵਿਤ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਣ ਦੀ ਅਪੀਲ ਕੀਤੀ ਸੀ, ਜਿਨ੍ਹਾਂ ਲਈ 1 ਨਵੰਬਰ ਇਸ ਦੁਖਾਂਤ ਅਤੇ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਦੀ ਇੱਕ ਦਰਦਨਾਕ ਯਾਦ ਬਣਿਆ ਹੋਇਆ ਹੈ।
ਇਸ ਫੈਸਲੇ ਦਾ ਸਵਾਗਤ ਕਰਦਿਆਂ ਸਾਹਨੀ ਨੇ ਦਿਲਜੀਤ ਦੋਸਾਂਝ ਅਤੇ ਪ੍ਰਬੰਧਕਾਂ ਦਾ ਆਪਣੀ ਅਪੀਲ ‘ਤੇ ਵਿਚਾਰ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਮੈਂ ਮੇਰੀ ਬੇਨਤੀ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਲਈ ਦਿਲਜੀਤ ਦੋਸਾਂਝ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਉਹ ਪੰਜਾਬ ਦਾ ਸੱਚਾ ਪੁੱਤਰ, ਦਸਤਾਰਧਾਰੀ ਮਾਣਮੱਤਾ ਗਲੋਬਲ ਆਈਕਨ ਅਤੇ ਲੱਖਾਂ ਲੋਕਾਂ ਲਈ ਪ੍ਰੇਰਨਾ ਸਰੋਤ ਹੈ। ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਦਰਦ ਪ੍ਰਤੀ ਉਨ੍ਹਾਂ ਦੀ ਇਹ ਸੰਵੇਦਨਸ਼ੀਲਤਾ ਉਸ ਹਮਦਰਦੀ ਅਤੇ ਜ਼ਿੰਮੇਵਾਰੀ ਨੂੰ ਦਰਸਾਉਂਦੀ ਹੈ ਜੋ ਉਨ੍ਹਾਂ ਦੇ ਰੁਤਬੇ ਨਾਲ ਜੁੜੀ ਹੋਈ ਹੈ।”





















