Code Of Ethics

Download app

Subscribe To Print Edition

Chohla Sahib murder: ਦੋ ਨੌਜਵਾਨਾਂ ਦੀ ਗੋਲੀਆਂ ਮਾਰ ਕੇ ਹੱਤਿਆ

ਪਿੰਡ ’ਚ ਦਹਿਸ਼ਤ ਦਾ ਮਾਹੌਲ; ਪੁਲੀਸ ਵੱਲੋਂ ਵੱਖ-ਵੱਖ ਪੱਖਾਂ ਤੋਂ ਜਾਂਚ ਸ਼ੁਰੂ

featured-img

ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਚੋਹਲਾ ਸਾਹਿਬ ਨੇੜਲੇ ਪਿੰਡ ਪੱਖੋਪੁਰ ਵਿਖੇ ਬੀਤੀ ਦੇਰ ਰਾਤ ਦੋ ਨੌਜਵਾਨਾਂ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਪਿੰਡ ਪੱਖੋਪੁਰ ਅਤੇ ਆਸ-ਪਾਸ ਦੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।

ਮ੍ਰਿਤਕਾਂ ਦੀ ਪਛਾਣ ਪਲਵਿੰਦਰ ਸਿੰਘ ਪਿੰਦਾ (23) ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਪੱਖੋਪੁਰ ਅਤੇ ਗੁਰਿੰਦਰ ਸਿੰਘ ਬਿੱਲਾ (26) ਪੁੱਤਰ ਕੁਲਵੰਤ ਸਿੰਘ ਵਾਸੀ ਖਾਰਾ ਦੇ ਤੌਰ ’ਤੇ ਹੋਈ ਹੈ। ਪੁਲੀਸ ਅਨੁਸਾਰ ਮੁੱਢਲੀ ਜਾਂਚ ਤੋਂ ਜਾਪਦਾ ਹੈ ਕਿ ਮ੍ਰਿਤਕਾਂ ਨੂੰ ਕਿਸੇ ਹੋਰ ਥਾਂ ’ਤੇ ਮਾਰ ਕੇ ਲਾਸ਼ਾਂ ਚੋਹਲਾ ਸਾਹਿਬ ਨੇੜੇ ਸੁੱਟ ਦਿੱਤੀਆਂ ਗਈਆਂ ਹਨ।

ਘਟਨਾ ਦੀ ਸੂਚਨਾ ਮਿਲਦੇ ਹੀ ਸਬ-ਡਵੀਜ਼ਨ ਸ੍ਰੀ ਗੋਇੰਦਵਾਲ ਸਾਹਿਬ ਦੇ ਡੀ.ਐੱਸ.ਪੀ. ਹਰਿੰਦਰ ਸਿੰਘ ਪੁਲੀਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲੀਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਵਾਰਦਾਤ ਦੀਆਂ ਕੜੀਆਂ ਜੋੜਨ ਅਤੇ ਵਿਸਥਾਰ ਸਹਿਤ ਜਾਣਕਾਰੀ ਹਾਸਲ ਕਰਨ ਲਈ ਇਲਾਕੇ ਦੇ ਘਰਾਂ ਅਤੇ ਦੁਕਾਨਾਂ ’ਤੇ ਲੱਗੇ ਸੀਸੀਟੀਵੀ (CCTV) ਕੈਮਰਿਆਂ ਦੀ ਘੋਖ ਕੀਤੀ ਜਾ ਰਹੀ ਹੈ।

ਪੁਲੀਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੋਵੇਂ ਨੌਜਵਾਨ ਘਟਨਾ ਸਮੇਂ ਕਿੱਥੇ ਸਨ, ਉਨ੍ਹਾਂ ਦੇ ਨਾਲ ਕੌਣ-ਕੌਣ ਸੀ ਅਤੇ ਵਾਰਦਾਤ ਤੋਂ ਪਹਿਲਾਂ ਜਾਂ ਬਾਅਦ ਵਿੱਚ ਉਨ੍ਹਾਂ ਦੀ ਕਿਸੇ ਨਾਲ ਕੋਈ ਤਕਰਾਰ ਜਾਂ ਸੰਪਰਕ ਹੋਇਆ ਸੀ ਜਾਂ ਨਹੀਂ। ਫਿਲਹਾਲ ਪੁਲੀਸ ਨੇ ਕਤਲ ਦੇ ਕਾਰਨਾਂ ਅਤੇ ਮੁਲਜ਼ਮਾਂ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

ਦੋ ਨੌਜਵਾਨਾਂ ਦੇ ਇਸ ਤਰ੍ਹਾਂ ਹੋਏ ਕਤਲ ਕਾਰਨ ਇਲਾਕਾ ਵਾਸੀਆਂ ਵਿੱਚ ਭਾਰੀ ਚਿੰਤਾ ਅਤੇ ਸੋਗ ਪਾਇਆ ਜਾ ਰਿਹਾ ਹੈ। ਲੋਕਾਂ ਨੇ ਪੁਲੀਸ ਪ੍ਰਸ਼ਾਸਨ ਤੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਜਾਂਚ ਪੂਰੀ ਹੋਣ ਅਤੇ ਸਾਰੇ ਤੱਥ ਸਾਹਮਣੇ ਆਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ।

Leave a Comment

Advertisment

You May Like This