ਘਰਾਚੋਂ ਪਿੰਡ ’ਚ ਸੀਬੀਆਈ ਟੀਮ ਦਾ ਫੁੱਲਾਂ ਨਾਲ ਸਵਾਗਤ ਕਰਨ ਅਤੇ ਲੱਡੂ ਵੰਡਣ ਤੋਂ ਬਾਅਦ ਪੁਲੀਸ ਦੀ ਕਾਰਵਾਈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸ਼ੇਸ਼ ਕਾਰਜ ਅਧਿਕਾਰੀ (OSD) ਰਾਜਬੀਰ ਸਿੰਘ ਘੁੰਮਣ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਘਰਾਚੋਂ ਸਥਿਤ ਘਰ ’ਤੇ ਕੇਂਦਰੀ ਜਾਂਚ ਬਿਊਰੋ (CBI) ਵੱਲੋਂ ਮਾਰੇ ਛਾਪੇ ਤੋਂ ਬਾਅਦ ਹਲਚਲ ਤੇਜ਼ ਹੋ ਗਈ ਹੈ। ਸੀਬੀਆਈ ਟੀਮ ਦੇ ਪੁੱਜਣ ’ਤੇ ਪਿੰਡ ਵਾਸੀਆਂ ਵੱਲੋਂ ਫੁੱਲਾਂ ਨਾਲ ਸਵਾਗਤ ਕਰਨ ਅਤੇ ਮਠਿਆਈ ਵੰਡਣ ਦੀ ਘਟਨਾ ਤੋਂ ਕੁਝ ਘੰਟਿਆਂ ਬਾਅਦ ਹੀ ਸੰਗਰੂਰ ਪੁਲੀਸ ਨੇ ਇੱਕ ਐੱਸਐੱਚਓ (SHO) ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਕੁੱਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।
ਇਹ ਘਟਨਾਕ੍ਰਮ ਉਸ ਦਿਨ ਵਾਪਰਿਆ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਸੰਗਰੂਰ ਦੇ ਦੌਰੇ ’ਤੇ ਸਨ। ਇਸ ਘਟਨਾ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਵਿਰੋਧੀ ਧਿਰਾਂ ਨਾਲ ਜੁੜੇ ਕੁਝ ਸਿਆਸੀ ਵਰਕਰਾਂ ਨੇ ਸੀਬੀਆਈ ਛਾਪੇ ਦਾ ਸਵਾਗਤ ਕੀਤਾ ਸੀ।
ਸੰਗਰੂਰ ਪੁਲੀਸ ਨੇ ਮੰਗਲਵਾਰ ਸ਼ਾਮ ਨੂੰ ਛਾਪੇਮਾਰੀ ਦੌਰਾਨ ਸੀਬੀਆਈ ਦੀ ਗੱਡੀ ’ਤੇ ਫੁੱਲਾਂ ਦੀ ਵਰਖਾ ਕਰਨ ਵਾਲੇ ਦੋ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ।
‘ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਡਿਊਟੀ ਵਿੱਚ ਅਣਗਹਿਲੀ ਵਰਤਣ ਦੇ ਦੋਸ਼ ਹੇਠ ਐੱਸਐੱਚਓ ਯਸ਼ਪਾਲ ਸ਼ਰਮਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ, “ਅੱਜ ਮੁੱਖ ਮੰਤਰੀ ਦੇ ਸੰਗਰੂਰ ਦੌਰੇ ਦੇ ਮੱਦੇਨਜ਼ਰ ਅਸੀਂ ਘਰਾਚੋਂ ਤੋਂ ਕੁਝ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ।”
ਜ਼ਿਕਰਯੋਗ ਹੈ ਕਿ ਘੁੰਮਣ ਦੀ ਘਰਾਚੋਂ ਸਥਿਤ ਰਿਹਾਇਸ਼ ’ਤੇ ਸੀਬੀਆਈ ਦੀ ਤਲਾਸ਼ੀ ਅਭਿਆਨ ਮੰਗਲਵਾਰ ਸ਼ਾਮ ਨੂੰ ਸ਼ੁਰੂ ਹੋਇਆ ਸੀ। ਏਜੰਸੀ ਨੇ ਚੰਡੀਗੜ੍ਹ ਦੇ ਸੈਕਟਰ 2 ਸਥਿਤ ਮੁੱਖ ਮੰਤਰੀ ਦੇ ਕੈਂਪ ਦਫ਼ਤਰ ਵਜੋਂ ਵਰਤੀ ਜਾਂਦੀ ਇੱਕ ਕੋਠੀ (ਜਿੱਥੇ ਘੁੰਮਣ ਰਹਿ ਰਹੇ ਸਨ) ਤੋਂ ਇਲਾਵਾ ਮੁਹਾਲੀ, ਗੁਰਦਾਸਪੁਰ, ਲੁਧਿਆਣਾ, ਪਟਿਆਲਾ ਅਤੇ ਜਲੰਧਰ ਵਿੱਚ ਇਸ ਤਫ਼ਤੀਸ਼ ਨਾਲ ਜੁੜੇ ਹੋਰ ਵਿਅਕਤੀਆਂ ਦੇ ਟਿਕਾਣਿਆਂ ਦੀ ਵੀ ਤਲਾਸ਼ੀ ਲਈ ਹੈ।





















