Code Of Ethics

Download app

Subscribe To Print Edition

Pakistan Sikh Pilgrims: ਪਾਕਿਸਤਾਨੀ ਸਿੱਖ ਸ਼ਰਧਾਲੂਆਂ ਨੂੰ ਅਟਾਰੀ-ਵਾਹਗਾ ਰਸਤੇ ਭਾਰਤ ਭੇਜਣ ਦੀ ਮੰਗ ਨੇ ਫੜਿਆ ਜ਼ੋਰ

ਮਹਿੰਗੇ ਹਵਾਈ ਰਸਤੇ ਤੋਂ ਰੋਕੇ ਜਾਣ ਤੋਂ ਬਾਅਦ ਉੱਠੀ ਮੰਗ; ਤਰਲੋਚਨ ਸਿੰਘ ਤੇ ਮਹਿੰਦਰ ਪਾਲ ਸਿੰਘ ਨੇ ਪਾਕਿ ਸਰਕਾਰ ਤੋਂ ਗਲਤੀ ਮੰਨਣ

featured-img

ਪਾਕਿਸਤਾਨੀ ਸਿੱਖ ਸ਼ਰਧਾਲੂਆਂ ਨੂੰ ਹਵਾਈ ਰਸਤੇ ਰਾਹੀਂ ਭਾਰਤ ਆਉਣ ਤੋਂ ਰੋਕੇ ਜਾਣ ਦੇ ਕੁਝ ਦਿਨਾਂ ਬਾਅਦ, ਹੁਣ ਭਾਰਤ ਅਤੇ ਪਾਕਿਸਤਾਨ ਦੋਵਾਂ ਪਾਸਿਆਂ ਤੋਂ ਪਾਕਿ ਸਰਕਾਰ ਨੂੰ ਅਪੀਲ ਕਰਨ ਦੀ ਮੰਗ ਜ਼ੋਰ ਫੜ ਰਹੀ ਹੈ ਕਿ ਸਿੱਖ ਸ਼ਰਧਾਲੂਆਂ ਨੂੰ ਅਟਾਰੀ-ਵਾਹਗਾ ਸਰਹੱਦ (ਜੇ.ਸੀ.ਪੀ.) ਦੇ ਜ਼ਮੀਨੀ ਰਸਤੇ ਰਾਹੀਂ ਭਾਰਤ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ।ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਿੱਚ ਜ਼ਿਆਦਾਤਰ ਸਿੱਖ ਅਬਾਦੀ ਮੱਧਮ ਆਮਦਨ ਵਾਲੇ ਪਰਿਵਾਰਾਂ ਨਾਲ ਸਬੰਧਤ ਹੈ। ਖਾੜੀ ਦੇਸ਼ਾਂ ਰਾਹੀਂ ਭਾਰਤ ਲਈ ਹਵਾਈ ਯਾਤਰਾ ਉਨ੍ਹਾਂ ਲਈ ਬਹੁਤ ਮਹਿੰਗੀ ਸਾਬਤ ਹੁੰਦੀ ਹੈ ਅਤੇ ਉਨ੍ਹਾਂ ਦੀ ਜੇਬ ’ਤੇ ਭਾਰੀ ਬੋਝ ਪੈਂਦਾ ਹੈ। ਇਸ ਲਈ ਪਾਕਿਸਤਾਨ ਸਰਕਾਰ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਉਨ੍ਹਾਂ ਦੀ ਜ਼ਮੀਨੀ ਯਾਤਰਾ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਪਰੇਸ਼ਨ ਸਿੰਧੂਰ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਆਵਾਜਾਈ ਠੱਪ ਹੋਣ ਦੇ ਬਾਵਜੂਦ ਭਾਰਤ ਸਰਕਾਰ ਭਾਰਤੀ ਸਿੱਖ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਰਹੀ ਹੈ, ਇਸ ਲਈ ਪਾਕਿਸਤਾਨ ਸਰਕਾਰ ਨੂੰ ਵੀ ਆਪਣੀ ਸਿੱਖ ਸੰਗਤ ਲਈ ਅਜਿਹਾ ਹੀ ਰਸਤਾ ਅਪਣਾਉਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਵੀਰਵਾਰ ਦੇਰ ਰਾਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਭਾਰਤ ਆ ਰਹੇ ਘੱਟੋ-ਘੱਟ 104 ਪਾਕਿਸਤਾਨੀ ਸਿੱਖ ਸ਼ਰਧਾਲੂਆਂ ਨੂੰ ਫੈਸਲਾਬਾਦ ਹਵਾਈ ਅੱਡੇ ’ਤੇ ਸ਼ਾਰਜਾਹ ਜਾਣ ਵਾਲੀ ਉਡਾਣ ’ਚ ਚੜ੍ਹਨ ਤੋਂ ਰੋਕ ਦਿੱਤਾ ਗਿਆ ਸੀ। ਅਧਿਕਾਰੀਆਂ ਵੱਲੋਂ ਬਿਨਾਂ ਨੋ-ਓਬਜੈਕਸ਼ਨ ਸਰਟੀਫਿਕੇਟ (NOC) ਦਾ ਹਵਾਲਾ ਦਿੱਤੇ ਜਾਣ ਤੋਂ ਬਾਅਦ ਵੈਧ ਭਾਰਤੀ ਵੀਜ਼ਾ ਹੋਣ ਦੇ ਬਾਵਜੂਦ ਸ਼ਰਧਾਲੂਆਂ ਨੂੰ ਨਿਰਾਸ਼ ਹੋ ਕੇ ਆਪਣੇ ਘਰਾਂ ਨੂੰ ਪਰਤਣਾ ਪਿਆ।

ਇਸ ਘਟਨਾ ਤੋਂ ਬਾਅਦ ਪਾਕਿਸਤਾਨ ਤੋਂ ਜਾਰੀ ਇੱਕ ਵੀਡੀਓ ਸੰਦੇਸ਼ ਵਿੱਚ ਪੰਜਾਬ (ਪਾਕਿਸਤਾਨ) ਦੇ ਮਨੁੱਖੀ ਅਧਿਕਾਰ ਅਤੇ ਘੱਟ ਗਿਣਤੀ ਮਾਮਲਿਆਂ ਦੇ ਸਾਬਕਾ ਸੰਸਦੀ ਸਕੱਤਰ ਅਤੇ ਕਰਤਾਰਪੁਰ ਕੋਰੀਡੋਰ ਦੇ ਸਾਬਕਾ ਬੁਲਾਰੇ ਮਹਿੰਦਰ ਪਾਲ ਸਿੰਘ ਨੇ ਸ਼ਰਧਾਲੂਆਂ ਦੇ ਹੋਏ ਵਿੱਤੀ ਨੁਕਸਾਨ ਦੀ ਭਰਪਾਈ ਕਰਨ ਅਤੇ ਵਾਹਗਾ ਸਰਹੱਦ ਰਾਹੀਂ ਯਾਤਰਾ ਦੀ ਸੁਵਿਧਾ ਦੇਣ ਦੀ ਮੰਗ ਕੀਤੀ ਹੈ। ਇਸ ਲਾਪਰਵਾਹੀ ਲਈ ਪਾਕਿਸਤਾਨ ਸਰਕਾਰ ਤੋਂ ਮੁਆਫ਼ੀ ਦੀ ਮੰਗ ਕਰਦਿਆਂ ਉਨ੍ਹਾਂ ਦੋਸ਼ੀ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਕਦਮਾਂ ਨਾਲ ਹੀ ਦੁਨੀਆ ਭਰ ਵਿੱਚ ਇਹ ਸੁਨੇਹਾ ਜਾਵੇਗਾ ਕਿ ਪਾਕਿਸਤਾਨ ਸਿੱਖ ਭਾਈਚਾਰੇ ਦਾ ਸਤਿਕਾਰ ਅਤੇ ਦੇਖਭਾਲ ਕਰਦਾ ਹੈ। ਦੂਜੇ ਪਾਸੇ ਪਾਕਿਸਤਾਨੀ ਜਥੇ ਦੇ ਆਗੂ ਪਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਕੋਲ ਇਹ ਮੰਗ ਰੱਖੀ ਹੈ ਅਤੇ ਸਰਕਾਰ ਵੱਲੋਂ ਜ਼ਮੀਨੀ ਰਸਤੇ ‘ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ ਹੈ।

Leave a Comment

Advertisment

You May Like This