ਏਜੰਸੀ ਵੱਲੋਂ ਜਾਰੀ ਬਿਆਨ ਵਿੱਚ ਕੈਬਨਿਟ ਮੰਤਰੀ ਕਟਾਰੂਚੱਕ ਦੇ ਨਾਮ ਦੀ ਵੀ ਪਈ ਗੂੰਜ
ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਪਠਾਨਕੋਟ ਜ਼ਿਲ੍ਹੇ ਵਿੱਚ 92 ਏਕੜ ਜ਼ਮੀਨ ਦੇ ਕਥਿਤ ਗੈਰ-ਕਾਨੂੰਨੀ ਤਬਾਦਲੇ ਨਾਲ ਸਬੰਧਤ ਇੱਕ ਮਾਮਲੇ ਵਿੱਚ ਪੰਜਾਬ ਪੇਂਡੂ ਵਿਕਾਸ ਵਿਭਾਗ ਦੇ ਸਾਬਕਾ ਵਧੀਕ ਡਿਪਟੀ ਕਮਿਸ਼ਨਰ (ਏ ਡੀ ਸੀ) ਕੁਲਦੀਪ ਸਿੰਘ ਅਤੇ ਇੱਕ ਨਿੱਜੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਕੁਲਦੀਪ ਸਿੰਘ ਅਤੇ ਸਟੋਨ ਕ੍ਰੱਸ਼ਿੰਗ ਤੇ ਮਾਈਨਿੰਗ ਦੇ ਕੰਮ ਨਾਲ ਜੁੜੇ ਨਿਪੁੰਨ ਮਹਾਜਨ ਨੂੰ 11 ਨਵੰਬਰ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਜਲੰਧਰ ਦੀ ਇੱਕ ਵਿਸ਼ੇਸ਼ ਪ੍ਰੀਵੈਨਸ਼ਨ ਆਫ ਮਨੀ ਲਾਂਡਰਿੰਗ ਐਕਟ (PMLA) ਅਦਾਲਤ ਨੇ ਉਨ੍ਹਾਂ ਨੂੰ 16 ਨਵੰਬਰ ਤੱਕ ਈ ਡੀ ਰਿਮਾਂਡ ‘ਤੇ ਭੇਜ ਦਿੱਤਾ ਹੈ।
ਕੇਂਦਰੀ ਜਾਂਚ ਏਜੰਸੀ ਨੇ ਇੱਕ ਪ੍ਰੈੱਸ ਬਿਆਨ ਵਿੱਚ ਦੋਸ਼ ਲਾਇਆ ਹੈ ਕਿ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਫਰਵਰੀ 2023 ਵਿੱਚ ਉਕਤ ਅਹੁਦੇ ‘ਤੇ ਨਿਯੁਕਤੀ ਲਈ ਕੁਲਦੀਪ ਸਿੰਘ ਦੀ “ਸਿਫ਼ਾਰਸ਼” ਕੀਤੀ ਸੀ।
ਈ ਡੀ ਦੇ ਬਿਆਨ ਅਨੁਸਾਰ, “ਕਟਾਰੂਚੱਕ ਨੇ ਤਤਕਾਲੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੂੰ 23 ਫਰਵਰੀ 2023 ਦੇ ਇੱਕ ਡੀ ਓ (DO) ਪੱਤਰ ਰਾਹੀਂ ਉਸਦੀ ( ਕੁਲਦੀਪ ਸਿੰਘ ਦੀ) ਸਿਫਾਰਸ਼ ਕੀਤੀ ਸੀ।” ਬਿਆਨ ਵਿੱਚ ਕਿਹਾ ਗਿਆ ਹੈ, “ਸ਼ਾਮਲਾਟ ਜ਼ਮੀਨ ਦੇ ਤਬਾਦਲੇ ਬਾਰੇ ਹੁਕਮ ਜਲਦੀ ਪਾਸ ਕਰਨ ਦੀ ਬੇਨਤੀ ਇੱਕ ਵਿਚੋਲੇ ਰਾਹੀਂ ਕੁਲਦੀਪ ਸਿੰਘ ਤੱਕ ਪਹੁੰਚਾਈ ਗਈ ਸੀ।”
ਏਜੰਸੀ ਦਾ ਦਾਅਵਾ ਹੈ ਕਿ ਕੁਲਦੀਪ ਸਿੰਘ ਨੇ ਆਪਣੀ ਸੇਵਾਮੁਕਤੀ ਤੋਂ ਇੱਕ ਦਿਨ ਪਹਿਲਾਂ 27 ਫਰਵਰੀ 2023 ਨੂੰ ਸ਼ਾਮਲਾਟ ਜ਼ਮੀਨ ਦੇ ਨਿੱਜੀ ਦਾਅਵੇਦਾਰਾਂ ਦੇ ਹੱਕ ਵਿੱਚ ਹੁਕਮ ਪਾਸ ਕਰ ਦਿੱਤਾ ਸੀ। ਈ ਡੀ ਵੱਲੋਂ ਲਗਾਏ ਗਏ ਇਨ੍ਹਾਂ ਦੋਸ਼ਾਂ ‘ਤੇ ਟਿੱਪਣੀ ਲਈ ਮੰਤਰੀ ਕਟਾਰੂਚੱਕ ਨਾਲ ਤੁਰੰਤ ਸੰਪਰਕ ਨਹੀਂ ਹੋ ਸਕਿਆ।
ਨਿਪੁੰਨ ਮਹਾਜਨ ਬਾਰੇ ਏਜੰਸੀ ਨੇ ਦਾਅਵਾ ਕੀਤਾ ਕਿ ਉਸਨੇ ਖੁਲਾਸਾ ਕੀਤਾ ਹੈ ਕਿ ਖਣਿਜਾਂ ਨਾਲ ਭਰਪੂਰ ਇਸ ਸ਼ਾਮਲਾਟ ਜ਼ਮੀਨ ਦਾ ਕਬਜ਼ਾ ਲੈਣ ਲਈ, ਉਸਨੇ ਐੱਫ ਆਈ ਆਰ ਵਿੱਚ ਨਾਮਜ਼ਦ ਮੁਲਜ਼ਮਾਂ ਨਾਲ ਮੁਖ਼ਤਿਆਰਨਾਮੇ (ਪਾਵਰ ਆਫ਼ ਅਟਾਰਨੀ) ਅਤੇ ਖਰੀਦ ਸਮਝੌਤੇ ਕੀਤੇ ਸਨ ਅਤੇ ਉਨ੍ਹਾਂ ਨੂੰ ਬੈਂਕ ਖਾਤਿਆਂ ਅਤੇ ਨਕਦੀ ਰਾਹੀਂ ਭੁਗਤਾਨ ਕੀਤਾ ਸੀ।
ਈ ਡੀ ਦਾ ਇਹ ਮਾਮਲਾ ਪਠਾਨਕੋਟ ਜ਼ਿਲ੍ਹੇ ਦੇ ਪਿੰਡ ਭੱਟੀਆਂ ਵਿੱਚ 92 ਏਕੜ ਸ਼ਾਮਲਾਟ ਜ਼ਮੀਨ ਨਿੱਜੀ ਵਿਅਕਤੀਆਂ ਦੇ ਨਾਂ ਫਰਜ਼ੀ ਤਰੀਕੇ ਨਾਲ ਟਰਾਂਸਫਰ ਕਰਨ ਦੇ ਦੋਸ਼ਾਂ ਤਹਿਤ ਅਗਸਤ 2023 ਵਿੱਚ ਪੰਜਾਬ ਵਿਜੀਲੈਂਸ ਬਿਊਰੋ (ਅੰਮ੍ਰਿਤਸਰ) ਵੱਲੋਂ ਦਰਜ ਕੀਤੀ ਗਈ ਐੱਫ ਆਈ ਆਰ ‘ਤੇ ਆਧਾਰਿਤ ਹੈ। ਇਹ ਜ਼ਮੀਨ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਦੇ ਨੇੜੇ ਰਾਵੀ ਦਰਿਆ ਦੀ ਬੈਲਟ ਵਿੱਚ ਸਥਿਤ ਹੈ।
ਇਸ ਮਾਮਲੇ ਵਿੱਚ ਈ ਡੀ ਵੱਲੋਂ ਜੁਲਾਈ ਵਿੱਚ ਛਾਪੇਮਾਰੀ ਕੀਤੀ ਗਈ ਸੀ, ਜਿਸ ਦੌਰਾਨ ਏਜੰਸੀ ਨੇ ਮਹਾਜਨ ਦੇ ਟਿਕਾਣਿਆਂ ਤੋਂ 1.75 ਕਰੋੜ ਰੁਪਏ ਦੀ ਨਕਦੀ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ।




















