ਪੰਚਾਇਤ ਨੇ ਕਿਰਾਏਦਾਰਾਂ ਦੀ ਪੁਲੀਸ ਜਾਂਚ ਵੀ ਕੀਤੀ ਲਾਜ਼ਮੀ
ਲਗਾਤਾਰ ਵਧ ਰਹੇ ਨਸ਼ਿਆਂ ਅਤੇ ਚੋਰੀ ਦੀਆਂ ਘਟਨਾਵਾਂ ਤੋਂ ਤੰਗ ਆ ਕੇ ਪਿੰਡ ਜੱਸੀ ਪੌਵਾਲੀ ਦੀ ਪੰਚਾਇਤ ਨੇ ਇੱਕ ਵੱਡਾ ਫੈਸਲਾ ਲਿਆ ਹੈ। ਪੰਚਾਇਤ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹੈ, ਜਿਸ ਤਹਿਤ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ, ਚੋਰੀਆਂ ਕਰਨ ਵਾਲਿਆਂ ਅਤੇ ਅਜਿਹੇ ਮਾੜੇ ਅਨਸਰਾਂ ਦੀ ਅਦਾਲਤ ਵਿੱਚ ਜ਼ਮਾਨਤ ਲੈਣ ਵਾਲੇ ਲੋਕਾਂ ਦਾ ਵੀ ਪੂਰਨ ਤੌਰ ‘ਤੇ ਸਮਾਜਿਕ ਬਾਇਕਾਟ ਕੀਤਾ ਜਾਵੇਗਾ।
ਇਹ ਮਤਾ ਪਿੰਡ ਵਿੱਚ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਬੁਲਾਈ ਗਈ ਪੰਚਾਇਤ ਦੀ ਮੀਟਿੰਗ ਦੌਰਾਨ ਪਾਸ ਕੀਤਾ ਗਿਆ।
ਪਿੰਡ ਦੀ ਪੰਚਾਇਤ ਦੇ ਇੱਕ ਮੈਂਬਰ ਗੁਰਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਚੋਰੀ ਦੀਆਂ ਘਟਨਾਵਾਂ ਵਧੀਆਂ ਹਨ, ਜਿਸ ਨੂੰ ਪੰਚਾਇਤ ਨਸ਼ੇ ਦੀ ਲਤ ਨਾਲ ਜੋੜ ਕੇ ਦੇਖ ਰਹੀ ਹੈ।
ਉਨ੍ਹਾਂ ਕਿਹਾ, “ਸਾਡੇ ਪਿੰਡ ਵਿੱਚ ਚੋਰੀ ਦੀਆਂ ਘਟਨਾਵਾਂ ਵਧ ਗਈਆਂ ਹਨ, ਜੋ ਕਿ ਸੰਭਵ ਤੌਰ ‘ਤੇ ਨਸ਼ਿਆਂ ਦੇ ਪ੍ਰਕੋਪ ਕਾਰਨ ਹਨ। ਚੋਰ, ਜੋ ਆਮ ਤੌਰ ‘ਤੇ ਨਸ਼ੇੜੀ ਹੁੰਦੇ ਹਨ, ਨੇ ਸਰਕਾਰੀ ਸਕੂਲ, ਆਂਗਣਵਾੜੀ ਸੈਂਟਰ ਅਤੇ ਕੋ-ਆਪਰੇਟਿਵ ਸੁਸਾਇਟੀ (ਸਹਿਕਾਰੀ ਸਭਾ) ਵਿੱਚੋਂ ਸਾਮਾਨ ਚੋਰੀ ਕੀਤਾ ਹੈ। ਇਨ੍ਹਾਂ ਘਟਨਾਵਾਂ ਤੋਂ ਗੁੱਸੇ ਵਿੱਚ ਆ ਕੇ ਅਸੀਂ ਇਹ ਮਤਾ ਪਾਸ ਕੀਤਾ ਹੈ।”
ਪਿੰਡ ਦੇ ਲੋਕਾਂ ਨੇ ਆਸ ਪ੍ਰਗਟਾਈ ਹੈ ਕਿ ਇਸ ਫੈਸਲੇ ਨਾਲ ਨਸ਼ਾ ਵੇਚਣ ਅਤੇ ਚੋਰੀ ਕਰਨ ਵਾਲਿਆਂ ਦੇ ਹੌਸਲੇ ਟੁੱਟਣਗੇ ਅਤੇ ਲੋਕਾਂ ਵਿੱਚ ਆਪਸੀ ਚੌਕਸੀ ਤੇ ਜਾਗਰੂਕਤਾ ਹੋਰ ਵਧੇਗੀ।
ਜ਼ਿਕਰਯੋਗ ਹੈ ਕਿ ਸੂਬੇ ਦੇ ਕੁਝ ਹੋਰ ਪਿੰਡਾਂ ਨੇ ਵੀ ਅਤੀਤ ਵਿੱਚ ਅਜਿਹੇ ਹੀ ਮਤੇ ਪਾਸ ਕੀਤੇ ਹਨ।




















