Code Of Ethics

Download app

Subscribe To Print Edition

Delhi airport flight delays today: ਭਾਰੀ ਮੀਂਹ ਕਾਰਨ ਦਿੱਲੀ ਤੇ ਮੁੰਬਈ ’ਚ ਉਡਾਣਾਂ ਪ੍ਰਭਾਵਿਤ; ਇੰਡੀਗੋ ਦੀਆਂ ਚਾਰ ਉਡਾਣਾਂ ਰੱਦ

ਦਿੱਲੀ ’ਚ 15 ਉਡਾਣਾਂ ਹੋਰ ਹਵਾਈ ਅੱਡਿਆਂ ’ਤੇ ਭੇਜੀਆਂ; ਮੁੰਬਈ ’ਚ ਰਨਵੇਅ ਇਕ ਘੰਟਾ ਬੰਦ ਰਹਿਣ ਕਾਰਨ 13 ਉਡਾਣਾਂ ਹੋਰ ਹਵਾਈ ਅੱਡਿਆਂ ਵੱਲ ਮੋੜੀਆਂ; ਹਜ਼ਾਰਾਂ ਯਾਤਰੀ ਪ੍ਰੇਸ਼ਾਨ

featured-img

IndiGo flights cancelled Mumbai Delhi: ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਆਰਥਿਕ ਰਾਜਧਾਨੀ ਮੁੰਬਈ ਵਿੱਚ ਮੌਨਸੂਨ ਦੀ ਭਾਰੀ ਬਾਰਸ਼ ਅਤੇ ਤੇਜ਼ ਹਵਾਵਾਂ ਕਾਰਨ ਹਵਾਈ ਆਵਾਜਾਈ ਪ੍ਰਭਾਵਿਤ ਹੋਈ। ਐਤਵਾਰ ਨੂੰ ਖਰਾਬ ਮੌਸਮ ਅਤੇ ਘੱਟ ਵਿਜ਼ੀਬਿਲਟੀ ਕਰਕੇ ਦੋਵਾਂ ਵੱਡੇ ਹਵਾਈ ਅੱਡਿਆਂ ‘ਤੇ ਉਡਾਣਾਂ ਦੇ ਰੂਟ ਬਦਲਣੇ ਪਏ ਅਤੇ ਕਈਆਂ ਨੂੰ ਰੱਦ ਕਰਨਾ ਪਿਆ।

ਇਸ ਖਰਾਬ ਮੌਸਮ ਦਾ ਸਭ ਤੋਂ ਵੱਡਾ ਅਸਰ ਦਿੱਲੀ-ਮੁੰਬਈ ਦੇ ਸਭ ਤੋਂ ਰੁਝੇਂਵਿਆਂ ਵਾਲੇ ਹਵਾਈ ਰੂਟ ‘ਤੇ ਦੇਖਣ ਨੂੰ ਮਿਲਿਆ। ਦਿੱਲੀ ਹਵਾਈ ਅੱਡੇ ‘ਤੇ 15 ਉਡਾਣਾਂ ਪ੍ਰਭਾਵਿਤ ਹੋਈਆਂ ਜਿਨ੍ਹਾਂ ਵਿੱਚ 10 ਘਰੇਲੂ ਅਤੇ 5 ਅੰਤਰਰਾਸ਼ਟਰੀ ਫਲਾਈਟਾਂ ਸ਼ਾਮਲ ਸਨ। ਇਨ੍ਹਾਂ ਸਾਰੇ ਜਹਾਜ਼ਾਂ ਨੂੰ ਜੈਪੁਰ ਅਤੇ ਲਖਨਊ ਦੇ ਹਵਾਈ ਅੱਡਿਆਂ ਵੱਲ ਭੇਜਣਾ ਪਿਆ।

ਇਸ ਤੋਂ ਇਲਾਵਾ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਸ ਸਮੇਂ ਉਡਾਣਾਂ ਪ੍ਰਭਾਵਿਤ ਹੋਈਆਂ ਜਦੋਂ ਰਨਵੇਅ ਦੇ ਸੰਚਾਲਨ ਨੂੰ ਅਚਾਨਕ ਇੱਕ ਘੰਟੇ ਲਈ ਬੰਦ ਕਰਨਾ ਪਿਆ। ਇਸ ਕਾਰਨ ਹਵਾਈ ਅੱਡੇ ‘ਤੇ ਜਹਾਜ਼ਾਂ ਦੀ ਆਵਾਜਾਈ ਖਾਸੀ ਪ੍ਰਭਾਵਿਤ ਹੋਈ। ਇਸ ਪਾਬੰਦੀ ਕਾਰਨ ਵੱਖ-ਵੱਖ ਏਅਰਲਾਈਨਜ਼ ਦੇ 13 ਹਵਾਈ ਜਹਾਜ਼ਾਂ ਨੂੰ ਮੁੰਬਈ ਦੀ ਬਜਾਏ ਦੂਜੇ ਨਜ਼ਦੀਕੀ ਹਵਾਈ ਅੱਡਿਆਂ ਵੱਲ ਮੋੜਨਾ (ਡਾਇਵਰਟ ਕਰਨਾ) ਪਿਆ, ਜਿਸ ਨਾਲ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਇਸ ਰਨਵੇਅ ਦੇ ਬੰਦ ਹੋਣ ਦਾ ਸਭ ਤੋਂ ਵੱਡਾ ਅਸਰ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ (IndiGo) ‘ਤੇ ਦੇਖਣ ਨੂੰ ਮਿਲਿਆ, ਜਿਸ ਦੀਆਂ 4 ਮੁੱਖ ਉਡਾਣਾਂ ਨੂੰ ਰੱਦ ਕਰਨਾ ਪਿਆ ਜਿਨ੍ਹਾਂ 13 ਜਹਾਜ਼ਾਂ ਦੇ ਰੂਟ ਬਦਲੇ ਗਏ ਸਨ, ਉਨ੍ਹਾਂ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਦੋਵੇਂ ਤਰ੍ਹਾਂ ਦੀਆਂ ਉਡਾਣਾਂ ਸ਼ਾਮਲ ਸਨ ਜਿਨ੍ਹਾਂ ਨੂੰ ਅਹਿਮਦਾਬਾਦ, ਗੋਆ ਜਾਂ ਪੁਣੇ ਵਰਗੇ ਨੇੜਲੇ ਹਵਾਈ ਅੱਡਿਆਂ ਵੱਲ ਭੇਜਿਆ ਗਿਆ।

ਹਵਾਈ ਅੱਡੇ ਦੇ ਸੂਤਰਾਂ ਅਨੁਸਾਰ ਇਹ ਕਾਰਵਾਈ ਆਮ ਤੌਰ ‘ਤੇ ਰਨਵੇਅ ‘ਤੇ ਕਿਸੇ ਐਮਰਜੈਂਸੀ ਰੱਖ-ਰਖਾਅ, ਅਚਾਨਕ ਆਈ ਤਕਨੀਕੀ ਖਰਾਬੀ, ਤੇਜ਼ ਬਾਰਸ਼ ਜਾਂ ਰਨਵੇਅ ‘ਤੇ ਕਿਸੇ ਬਾਹਰੀ ਵਸਤੂ (FOD) ਦੇ ਆ ਜਾਣ ਕਾਰਨ ਸੁਰੱਖਿਆ ਦੇ ਲਿਹਾਜ਼ ਨਾਲ ਕੀਤੀ ਜਾਂਦੀ ਹੈ। ਹਾਲਾਂਕਿ ਇੱਕ ਘੰਟੇ ਬਾਅਦ ਰਨਵੇਅ ਨੂੰ ਦੁਬਾਰਾ ਚਾਲੂ ਕਰ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਬਾਕੀ ਉਡਾਣਾਂ ਦੀ ਸਮਾਂ-ਸਾਰਣੀ ਪ੍ਰਭਾਵਿਤ ਹੋਈ ਅਤੇ ਦੇਰੀ ਕਾਰਨ ਯਾਤਰੀਆਂ ਨੂੰ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪਿਆ। ਏਅਰਪੋਰਟ ਅਥਾਰਟੀ ਅਤੇ ਸਬੰਧਿਤ ਏਅਰਲਾਈਨਜ਼ ਵੱਲੋਂ ਪ੍ਰਭਾਵਿਤ ਯਾਤਰੀਆਂ ਨੂੰ ਰਿਫੰਡ ਜਾਂ ਬਦਲਵੀਆਂ ਉਡਾਣਾਂ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।

Advertisment

You May Like This