
ਗੁਰਦਾਸਪੁਰ, 2 ਜੁਲਾਈ :- ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਆਦਿਤਿਆ ਉੱਪਲ ਨੇ ਦੱਸਿਆ ਕਿ ਮਾਣਯੋਗ ਮੁੱਖ ਚੋਣ ਅਫਸਰ ਪੰਜਾਬ ਵਲੋਂ ਪ੍ਰਾਪਤ ਹੋਏ ਸ਼ਡਿਊਲ ਅਨੁਸਾਰ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜੇਸ਼ਨ ਸਬੰਧੀ ਤਜਵੀਜ਼ ਨਿਰਧਾਰਿਤ ਮਿਤੀ 10.7.2026 ਨੂੰ ਮੁੱਖ ਦਫਤਰ ਚੰਡੀਗੜ੍ਹ ਵਿਖੇ ਪ੍ਰਵਾਨਗੀ ਲਈ ਭੇਜੀ ਜਾਣੀ ਹੈ। ਚੋਣ ਕਮਿਸ਼ਨ ਵਲੋਂ ਪੋਲਿੰਗ ਸਟੇਸ਼ਨ ਦੀ ਕਟ ਆਫ 1200 ਵੋਟਰ ਰੱਖੀ ਗਈ ਹੈ।
ਉਨ੍ਹਾਂ ਜ਼ਿਲੇ ਦੇ ਸਮੂਹ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਉਕਤ ਪੱਤਰ ਅਤੇ ਮੈਨੂਅਲ ਆਫ ਪੋਲਿੰਗ ਸਟੇਸ਼ਨ, 2020 ਵਿੱਚ ਦਰਜ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜੇਸ਼ਨ ਕਰਵਾਈ ਜਾਵੇ। ਰੈਸ਼ਨਲਾਈਜੇਸ਼ਨ ਤੋਂ ਪਹਿਲਾਂ ਸਮੂਹ ਪੋਲਿੰਗ ਸਟੇਸ਼ਨਾਂ ਦੀ 100 ਫੀਸਦ ਵਾਸਤਵਿਕ ਪੜਤਾਲ ਕਰਵਾਈ ਜਾਵੇ। ਰਾਜਸੀ ਪਾਰਟੀਆਂ ਨਾਲ ਸਲਾਹ ਮਸ਼ਵਰਾ/ਮੀਟਿੰਗ ਕਰਨ ਉਪਰੰਤ ਹੀ ਤਜਵੀਜ਼ਾਂ ਨੂੰ ਫਾਈਨਲ ਕੀਤਾ ਜਾਵੇ। ਰੈਸ਼ਨਲਾਈਜੇਸ਼ਨ ਦੀ ਸਮੁੱਚੀ ਪ੍ਰਕਿਰਿਆ ਕਰਕੇ ਤਜਵੀਜ਼ ਤਿੰਨ ਪਰਤਾਂ ਵਿੱਚ ਮਿਤੀ 7.7.2026 ਨੂੰ ਡੀਲਿੰਗ ਹੈਂਡ ਰਾਹੀਂ ਜ਼ਿਲ੍ਹਾ ਚੋਣ ਦਫਤਰ ਨੂੰ ਭੇਜੀ ਜਾਵੇ, ਤਾਂ ਜੋ ਜ਼ਿਲ੍ਹਾ ਪੱਧਰ ‘ਤੇ ਰਾਜਸੀ ਪਾਰਟੀਆਂ ਦੀ ਸਹਿਮਤੀ ਲੈਣ ਉਪਰੰਤ ਫਾਈਨਲ ਤਜਵੀਜ਼ ਨਿਯਤ ਮਿਤੀ ਨੂੰ ਮੁੱਖ ਚੋਣ ਅਫਸਰ ਪੰਜਾਬ ਨੂੰ ਭੇਜੀ ਜਾ ਸਕੇ।
ਉਨ੍ਹਾਂ ਆਮ ਜਨਤਾ ਦੀ ਜਾਣਕਾਰੀ ਲਈ ਵੀ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਸਬੰਧੀ ਕਿਸੇ ਕਿਸਮ ਦਾ ਸੁਝਾਓ/ਇਤਰਾਜ਼ ਮਿਤੀ 7.7.2026 ਤੋਂ ਪਹਿਲਾਂ ਪਹਿਲਾਂ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਨੂੰ ਦਿੱਤਾ ਜਾ ਸਕਦਾ ਹੈ।





















