ਹਾਦਸੇ ਤੋਂ ਬਾਅਦ ਕਈ ਡੱਬੇ ਲੀਹ ਤੋਂ ਲੱਥੇ
ਪੋਲੈਂਡ ਦੇ ਪੱਛਮੀ-ਮੱਧ ਖੇਤਰ ਵਿੱਚ ਬਿਆਲੋਸ਼ਲੀਵੇ ਨੇੜੇ ਵੀਰਵਾਰ ਸ਼ਾਮ ਦੋ ਯਾਤਰੀ ਰੇਲਗੱਡੀਆਂ ਆਪਸ ਵਿੱਚ ਟਕਰਾ ਗਈਆਂ। ਇਸ ਹਾਦਸੇ ਵਿੱਚ ਕਈ ਜਣੇ ਜ਼ਖ਼ਮੀ ਹੋਣ ਦੀ ਸੂਚਨਾ ਹੈ।
ਪੋਲੈਂਡ ਦੀ ਫਾਇਰ ਬ੍ਰਿਗੇਡ ਦੇ ਬੁਲਾਰੇ ਪਾਵੇਲ ਰਿਕੋਵਸਕੀ ਨੇ ਦੱਸਿਆ ਕਿ ਇੱਕ ਰੇਲਗੱਡੀ ਕੋਲੋਬਰਜ਼ੇਗ ਤੋਂ ਵਾਰਸਾ ਈਸਟ ਸਟੇਸ਼ਨ ਜਾ ਰਹੀ ਸੀ, ਜਦਕਿ ਦੂਜੀ ਰੇਲਗੱਡੀ ਪੀਲਾ ਤੋਂ ਬਿਡਗੋਸ਼ਚ ਵੱਲ ਜਾ ਰਹੀ ਸੀ। ਦੋਵਾਂ ਰੇਲਗੱਡੀਆਂ ਦੀ ਟੱਕਰ ਸ਼ਾਮ ਕਰੀਬ 6.04 ਵਜੇ ਬਿਆਲੋਸ਼ਲੀਵੇ ਇਲਾਕੇ ਵਿੱਚ ਹੋਈ।
ਉਨ੍ਹਾਂ ਦੱਸਿਆ ਕਿ ਦੋਵਾਂ ਰੇਲਗੱਡੀਆਂ ਵਿੱਚ ਕਰੀਬ 200 ਯਾਤਰੀ ਸਵਾਰ ਸਨ। ਹਾਦਸੇ ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਅਤੇ ਬਚਾਅ ਟੀਮਾਂ ਨੂੰ ਮੌਕੇ ’ਤੇ ਭੇਜਿਆ ਗਿਆ।
ਅਧਿਕਾਰੀਆਂ ਨੇ ਕਿਹਾ ਹੈ ਕਿ ਜ਼ਖ਼ਮੀਆਂ ਅਤੇ ਨੁਕਸਾਨ ਬਾਰੇ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਵੀਡੀਓਜ਼ ਵਿੱਚ ਕਈ ਯਾਤਰੀਆਂ ਨੂੰ ਰੇਲ ਪਟੜੀਆਂ ਦੇ ਕੋਲ ਖੜ੍ਹਾ ਦੇਖਿਆ ਗਿਆ, ਜਦਕਿ ਕੁਝ ਡੱਬੇ ਪਟੜੀ ਤੋਂ ਉਤਰੇ ਹੋਏ ਨਜ਼ਰ ਆਏ।
ਪੋਲੈਂਡ ਦੇ ਰੇਲਵੇ ਅਤੇ ਸੁਰੱਖਿਆ ਅਧਿਕਾਰੀਆਂ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਟੱਕਰ ਕਿਸ ਕਾਰਨ ਵਾਪਰੀ।
ਬਚਾਅ ਕਾਰਜ ਜਾਰੀ ਹਨ ਅਤੇ ਅਧਿਕਾਰੀ ਯਾਤਰੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਵਿੱਚ ਲੱਗੇ ਹੋਏ ਹਨ।





















