‘ਜੀਓ ਅਤੇ ਜੀਵਨ ਦਿਓ’ ਦੇ ਨਾਅਰੇ ਨਾਲ ਦੇਸ਼-ਵਿਦੇਸ਼ ਵਿੱਚ ਯੋਗ ਦਾ ਪ੍ਰਚਾਰ-ਪਸਾਰ ਕਰ ਰਹੇ ਭਾਰਤੀ ਯੋਗ ਸੰਸਥਾਨ (ਬੀਵਾਈਐਸ) ਵੱਲੋਂ ਅੱਜ ਜਿੱਥੇ ਦੇਸ਼ ਭਰ ਵਿੱਚ 12ਵਾਂ ਕੌਮਾਂਤਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ ਹੈ, ਉੱਥੇ ਅੰਮ੍ਰਿਤਸਰ ਵਿੱਚ ਵੀ ਵੱਖ-ਵੱਖ ਥਾਵਾਂ ’ਤੇ…
‘ਜੀਓ ਅਤੇ ਜੀਵਨ ਦਿਓ’ ਦੇ ਨਾਅਰੇ ਨਾਲ ਦੇਸ਼-ਵਿਦੇਸ਼ ਵਿੱਚ ਯੋਗ ਦਾ ਪ੍ਰਚਾਰ-ਪਸਾਰ ਕਰ ਰਹੇ ਭਾਰਤੀ ਯੋਗ ਸੰਸਥਾਨ (ਬੀਵਾਈਐਸ) ਵੱਲੋਂ ਅੱਜ ਜਿੱਥੇ ਦੇਸ਼ ਭਰ ਵਿੱਚ 12ਵਾਂ ਕੌਮਾਂਤਰੀ ਯੋਗ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ ਹੈ, ਉੱਥੇ ਅੰਮ੍ਰਿਤਸਰ ਵਿੱਚ ਵੀ ਵੱਖ-ਵੱਖ ਥਾਵਾਂ ’ਤੇ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ।
ਭਾਰਤੀ ਯੋਗ ਸੰਸਥਾਨ ਵੱਲੋਂ ਇੱਥੇ ਇਤਿਹਾਸਿਕ ਕੰਪਨੀ ਬਾਗ਼ ਵਿਖੇ ਕੌਮਾਂਤਰੀ ਯੋਗ ਦਿਵਸ ਦੇ ਸਬੰਧ ਵਿੱਚ ਸਮਾਗਮ ਕੀਤਾ ਗਿਆ, ਜਿੱਥੇ ਲੋਕਾਂ ਨੂੰ ਯੋਗ ਅਭਿਆਸ ਅਤੇ ਪ੍ਰਾਣਾਯਾਮ ਕਰਵਾਇਆ ਗਿਆ। ਇਸ ਤੋਂ ਇਲਾਵਾ ਯੋਗ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਗਈ। ਸੰਸਥਾਨ ਦੇ ਬਾਨੀ ਸਵਰਗੀ ਪ੍ਰਕਾਸ਼ ਲਾਲ ਦੀ ਤਸਵੀਰ ‘ਤੇ ਸ਼ਰਧਾ ਦੇ ਫੁੱਲ ਭੇਟ ਕਰਨ ਮਗਰੋਂ ਕੌਮਾਂਤਰੀ ਯੋਗ ਦਿਵਸ ਦੀ ਸਮਾਂ ਸਾਰਨੀ ਅਤੇ ਏਜੰਡੇ ਦੇ ਮੁਤਾਬਕ ਗਾਇਤਰੀ ਮੰਤਰ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਯੋਗ ਮਾਹਰਾਂ ਵੱਲੋਂ ਖੜ੍ਹੇ ਹੋ ਕੇ, ਬੈਠ ਕੇ ਅਤੇ ਲੇਟ ਕੇ ਕਰਨ ਵਾਲੇ ਵੱਖ-ਵੱਖ ਯੋਗ ਆਸਣਾਂ ਦਾ ਅਭਿਆਸ ਕਰਵਾਇਆ ਗਿਆ।
ਬੀਵਾਈਐਸ ਦੇ ਸੂਬਾ ਆਗੂ ਸਤੀਸ਼ ਮਹਾਜਨ ਨੇ 12ਵੇਂ ਕੌਮਾਂਤਰੀ ਯੋਗ ਦਿਵਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲੋਕਾਂ ਨੂੰ ਰੋਜ਼ ਯੋਗ ਅਭਿਆਸ ਕਰਨ ਅਤੇ ਇਸ ਨੂੰ ਜੀਵਨ ਵਿੱਚ ਅਪਣਾਉਣ ਦੀ ਪ੍ਰੇਰਨਾ ਦਿੱਤੀ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਈ ਰਾਸ਼ਟਰਪਤੀ ਐਵਾਰਡ ਪ੍ਰਾਪਤ ਸ਼੍ਰੀਮਤੀ ਸਵਰਾਜ ਗਰੋਵਰ ਨੇ ਜੀਵਨ ਵਿੱਚ ਯੋਗ ਦੀ ਅਹਿਮੀਅਤ ਬਾਰੇ ਲੋਕਾਂ ਨੂੰ ਦੱਸਿਆ। ਉਨ੍ਹਾਂ ਨੇ ਆਖਿਆ ਕਿ ਯੋਗ ਤੋਂ ਬਿਨਾਂ ਜੀਵਨ ਅਧੂਰਾ ਹੈ ਕਿਉਂਕਿ ਯੋਗ ਅਨੁਸ਼ਾਸਨ, ਸੰਸਕਾਰ ਅਤੇ ਆਪਣੇ ਵਿਰਸੇ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੰਦਾ ਹੈ। ਯੋਗ ਸਿਹਤਮੰਦ ਜੀਵਨ ਦੀ ਕੁੰਜੀ ਹੈ। ਇੱਕ ਸਿਹਤਮੰਦ ਵਿਅਕਤੀ ਚੰਗੇ ਸਮਾਜ ਅਤੇ ਚੰਗੇ ਰਾਸ਼ਟਰ ਦਾ ਨਿਰਮਾਣ ਕਰ ਸਕਦਾ ਹੈ। ਇਸ ਮੌਕੇ ਸੰਸਥਾਨ ਦੇ ਅਧਿਕਾਰੀ ਸੁਨੀਲ ਕਪੂਰ ਤੇ ਹੋਰ ਹਾਜ਼ਰ ਸਨ।
ਇਸ ਤੋਂ ਇਲਾਵਾ ਬੀਵਾਈਐਸ ਦੇ ਅਧਿਕਾਰੀ ਮਾਸਟਰ ਮੋਹਨ ਲਾਲ, ਪ੍ਰਮੋਦ ਸੋਢੀ ਅਤੇ ਗਿਰਧਾਰੀ ਲਾਲ ਦੀ ਅਗਵਾਈ ਹੇਠ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਕੌਮਾਂਤਰੀ ਯੋਗ ਦਿਵਸ ਦੇ ਸਬੰਧ ਵਿੱਚ ਸਮਾਗਮ ਕੀਤੇ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਸਥਾਨ ਦੇ ਮੈਂਬਰਾਂ ਨੇ ਕੌਮਾਂਤਰੀ ਯੋਗ ਦਿਵਸ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ। ਦੱਸਣਯੋਗ ਹੈ ਕਿ ਬੀਵਾਈਐਸ ਵੱਲੋਂ ਭਾਰਤ ਵਿੱਚ ਵੱਖ-ਵੱਖ ਸੂਬਿਆਂ ਵਿੱਚ ਲਗਭਗ 4 ਹਜ਼ਾਰ ਤੋਂ ਵੱਧ ਨਿਸ਼ੁਲਕ (ਮੁਫ਼ਤ) ਯੋਗ ਕੇਂਦਰ ਚਲਾਏ ਜਾ ਰਹੇ ਹਨ ਅਤੇ ਅੰਮ੍ਰਿਤਸਰ ਵਿੱਚ ਲਗਭਗ 60 ਤੋਂ ਵੱਧ ਅਜਿਹੇ ਨਿਸ਼ੁਲਕ ਯੋਗ ਕੇਂਦਰ ਚੱਲ ਰਹੇ ਹਨ।





















