ਬਾਬਾ ਬਕਾਲਾ ਵਿਖੇ ਹੋਇਆ ਭਾਰੀ ਪੰਥਕ ਇਕੱਠ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬ ਸਰਕਾਰ ਵੱਲੋਂ ਬਣਾਏ “ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026″ ਨੂੰ ‘ਮਿੱਠਾ ਜ਼ਹਿਰ’ ਕਰਾਰ ਦਿੱਤਾ ਹੈ। ਅੱਜ ਬਾਬਾ ਬਕਾਲਾ ਸਾਹਿਬ ਦੇ ਲੰਗਰ ਹਾਲ ਵਿੱਚ ਹੋਏ ਇੱਕ ਵੱਡੇ ਪੰਥਕ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਦਾਰ ਨੇ ਕਿਹਾ ਕਿ ਇਸ ਐਕਟ ਦਾ ਨਾਮ ਤਾਂ ਦੇਖਣ ਨੂੰ ਬਹੁਤ ਸੋਹਣਾ ਹੈ, ਪਰ ਇਸ ਦੇ ਅੰਦਰ ਸ਼ਾਮਲ ਕੀਤੀਆਂ ਮੱਦਾਂ ਸਿੱਖ ਕੌਮ ਲਈ ਮਿੱਠੇ ਜ਼ਹਿਰ ਵਾਂਗ ਹਨ।
ਉਨ੍ਹਾਂ ਸਵਾਲ ਚੁੱਕਦਿਆਂ ਕਿਹਾ ਕਿ ਸਰਕਾਰ ਕੌਣ ਹੁੰਦੀ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ-ਸੰਭਾਲ ਅਤੇ ਕੰਟਰੋਲ ਲਈ ਦਿਸ਼ਾ-ਨਿਰਦੇਸ਼ ਤੈਅ ਕਰੇ। ਉਨ੍ਹਾਂ ਕਿਹਾ ਕਿ ਇਸ ਐਕਟ ਰਾਹੀਂ ਪੰਜਾਬ ਵਿਧਾਨ ਸਭਾ ਨੇ ਪੰਥ ਦੇ ਅਧਿਕਾਰਾਂ ਵਿੱਚ ਸਿੱਧਾ ਦਖ਼ਲ ਦਿੱਤਾ ਹੈ, ਜਦਕਿ ਉਸ ਨੂੰ ਸਿੱਖਾਂ ਦੇ ਅੰਦਰੂਨੀ ਮਸਲਿਆਂ ਵਿੱਚ ਦਖ਼ਲ ਦੇਣ ਦਾ ਕੋਈ ਹੱਕ ਨਹੀਂ ਹੈ।
ਉਨ੍ਹਾਂ ਕਿਹਾ, ”ਪੁਰਾਣੇ ਇਤਿਹਾਸ ਗਵਾਹ ਹਨ, ਜਿਸ ਵੀ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਟੱਕਰ ਲਈ, ਉਹ ਖ਼ਤਮ ਹੋ ਗਈ। ਹੁਣ ਇਹ ਸਰਕਾਰ ਵੀ ਸਿਰਫ਼ ਛੇ ਮਹੀਨਿਆਂ ਦੀ ਮਹਿਮਾਨ ਹੈ ਅਤੇ ਇਸ ਪਾਰਟੀ ਦੇ ਆਪਣੇ ਹੀ 7 ਰਾਜ ਸਭਾ ਮੈਂਬਰ ਭੱਜ ਗਏ ਹਨ।” ਉਨ੍ਹਾਂ ਦੋਸ਼ ਲਾਇਆ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ ਸਰਕਾਰ ਇਸ ਐਕਟ ਰਾਹੀਂ ਲੋਕਾਂ ਦਾ ਧਿਆਨ ਭੜਕਾ ਰਹੀ ਹੈ।





















