Code Of Ethics

Download app

Subscribe To Print Edition

ਕੈਪਟਨ ਅਮਰਿੰਦਰ ਨੂੰ ਸਿਆਸੀ ਵੁੱਕਤ ਘਟਣ ਦਾ ਮਲਾਲ : ਕੇਵਲ ਢਿੱਲੋਂ

ਪੰਜਾਬ ਦੀ ਕਿਸਾਨੀ ਦਾ ਮੁਹਾਂਦਰਾ ਬਦਲਾਂਗੇ : ਭਾਜਪਾ

featured-img

ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਠਾਏ ਸਵਾਲ ’ਤੇ ਮੋੜਵਾਂ ਜੁਆਬ ਦਿੰਦਿਆਂ ਕਿਹਾ ਕਿ ਅਸਲ ’ਚ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਰਾਜਸੀ ਵੁੱਕਤ ਘਟਣ ਦਾ ਮਲਾਲ ਹੈ ਅਤੇ ਉਨ੍ਹਾਂ ਨੇ ਆਪਣੀ ਸਿਆਸੀ ਪੁੱਛਗਿੱਛ ਦੀ ਬਹਾਲੀ ਲਈ ਪੰਜਾਬ ਭਾਜਪਾ ਦੀ ਨਵੀਂ ਪ੍ਰਧਾਨਗੀ ’ਤੇ ਉਂਗਲ ਚੁੱਕੀ ਹੈ। ਚੇਤੇ ਰਹੇ ਕਿ ਕੈਪਟਨ ਅਮਰਿੰਦਰ ਸਿੰਘ ਆਖ ਚੁੱਕੇ ਹਨ ਕਿ ਕੇਵਲ ਸਿੰਘ ਢਿੱਲੋਂ ਨੂੰ ਪ੍ਰਧਾਨਗੀ ਸੌਂਪਣ ਤੋਂ ਪਹਿਲਾਂ ਉਨ੍ਹਾਂ ਨਾਲ ਕਿਸੇ ਨੇ ਕੋਈ ਮਸ਼ਵਰਾ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਪ੍ਰਧਾਨ ਦੀ ਸਮਰੱਥਾ ’ਤੇ ਵੀ ਸ਼ੱਕ ਜ਼ਾਹਿਰ ਕਰਦਿਆਂ ਇਹ ਵੀ ਕਿਹਾ ਸੀ ਕਿ ਢਿੱਲੋਂ ਭਾਜਪਾ ਦੀਆਂ ਸਿਆਸੀ ਖੁਹਾਇਸ਼ਾਂ ਨੂੰ ਪੂਰਾ ਨਹੀਂ ਕਰ ਸਕੇਗਾ। ਕੇਵਲ ਸਿੰਘ ਢਿੱਲੋਂ ਨੇ ਅੱਜ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਦੌਰਾਨ ਮੋੜਵੇਂ ਰੂਪ ’ਚ ਪਹਿਲੀ ਵਾਰ ਸਾਬਕਾ ਮੁੱਖ ਮੰਤਰੀ ਵੱਲੋਂ ਉਠਾਏ ਨੁਕਤੇ ਦਾ ਜੁਆਬ ਦਿੰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਸਿਆਸਤ ’ਚ ਭੱਲ ਗੁਆ ਬੈਠੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਗੁਆਚੀ ਸਾਖ ਬਹਾਲੀ ਲਈ ਅਜਿਹਾ ਪੈਂਤੜਾ ਲੈ ਰਹੇ ਹਨ।

ਪ੍ਰਧਾਨ ਢਿੱਲੋਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਵੱਡੇ ਭਰਾ ਹਨ ਅਤੇ ਅੱਜ ਵੀ ਦਿਲ ’ਚ ਬਹੁਤ ਜ਼ਿਆਦਾ ਸਤਿਕਾਰ ਹੈ। ਪ੍ਰਧਾਨ ਢਿੱਲੋਂ ਨੇ ਇਸੇ ਦੌਰਾਨ ਆਪਣਾ ‘ਪੰਜਾਬ ਵਿਜ਼ਨ’ ਸਪਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਪੰਜਾਬ ਦੀ ਕਿਸਾਨੀ ਸਭ ਤੋਂ ਪਹਿਲੀ ਤਰਜ਼ੀਹ ਹੈ। ਬਤੌਰ ਕਿਸਾਨ ਦਾ ਪੁੱਤਰ, ਉਹ ਪੰਜਾਬ ਦੀ ਕਿਸਾਨੀ ਦਾ ਮੁਹਾਂਦਰਾ ਬਦਲਣ ਲਈ ਹਰ ਵਾਹ ਲਾਉਣਗੇ। ਅਸਲ ’ਚ ਖੇਤੀ ਦੇ ਧੰਦੇ ਨੂੰ ਲਾਹੇਵੰਦਾ ਬਣਾਉਣ ਦੀ ਲੋੜ ਹੈ। ਉਹ ਜਲਦ ਭਾਜਪਾ ਲੀਡਰਸ਼ਿਪ ਤੇ ਕੇਂਦਰ ਸਰਕਾਰ ਕੋਲ ਪੰਜਾਬ ਦੀ ਕਿਸਾਨੀ ਦੀ ਮਦਦ ਲਈ ਖ਼ਾਕਾ ਲੈ ਕੇ ਜਾਣਗੇ।

ਢਿੱਲੋਂ ਨੇ ਕਿਹਾ ਕਿ ਕਿਸਾਨੀ ਨੂੰ ਫ਼ਸਲੀ ਵੰਨ ਸੁਵੰਨਤਾ ਨਾਲ ਹੀ ਲੀਹ ’ਤੇ ਪਾਇਆ ਜਾ ਸਕਦਾ ਹੈ। ਉਹ ਕਣਕ ਝੋਨੇ ਦੇ ਗੇੜ ਚੋਂ ਕੱਢਣ ਲਈ ‘ਕਿਸਾਨੀ ਫ਼ਾਰਮੂਲਾ’ ਤਿਆਰ ਕਰ ਰਹੇ ਹਨ ਤਾਂ ਜੋ ਬਦਲਵੀਂਆਂ ਫ਼ਸਲਾਂ ਦੀ ਬਿਜਾਂਦ ਕਰਾ ਕੇ ਕਿਸਾਨੀ ਜਿਣਸਾਂ ਦੀ ਘੱਟੋ ਘੱਟ ਸਮਰਥਨ ਮੁੱਲ ’ਤੇ ਵੇਚ ਵੱਟਤ ਯਕੀਨੀ ਬਣਾਈ ਜਾ ਸਕੇ। ਕਿਸਾਨੀ ਮਨਾਂ ’ਚ ਭਾਜਪਾ ਪ੍ਰਤੀ ਬਣੀ ਖਟਾਸ ਨੂੰ ਕਿਵੇਂ ਕੱਢੋਗੇ, ਦੇ ਜੁਆਬ ’ਚ ਢਿੱਲੋਂ ਨੇ ਕਿਹਾ ਕਿ ਅਸਲ ’ਚ ਇਹ ਗ਼ਲਤ ਬਿਰਤਾਂਤ ਘੜਿਆ ਗਿਆ ਹੈ ਅਤੇ ਵਿਰੋਧੀ ਧਿਰਾਂ ਨੇ ਹੀ ਇਹ ਧਾਰਨਾ ਖੜੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਜੇ ਕਿਤੇ ਕਿਸਾਨ ਮਨਾਂ ’ਚ ਅਜਿਹਾ ਖੱਪਾ ਹੈ ਤਾਂ ਉਸ ਖ਼ਲਾਅ ਨੂੰ ਭਰਨ ਲਈ ਉਹ ਪੁਲ ਬਣ ਕੇ ਭਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਕਿਸਾਨੀ ਲਈ ਚੁੱਕੇ ਕਦਮਾਂ ਦੇ ਵੇਰਵੇ ਵੀ ਸਾਂਝੇ ਕੀਤੇ। ਢਿੱਲੋਂ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਵੀ ਕਿਸਾਨੀ ਲਈ ਬੇਮਿਸਾਲ ਕੰਮ ਕੀਤੇ ਹਨ ਅਤੇ ਉਸ ਤਰਜ਼ ’ਤੇ ਪੰਜਾਬ ਦੇ ਕਿਸਾਨਾਂ ਲਈ ਰੋਡਮੈਪ ਤਿਆਰ ਕੀਤਾ ਜਾਵੇਗਾ। ਉਨ੍ਹਾਂ ਸੂਬੇ ਦੀ ਵਿੱਤੀ ਸਥਿਤੀ ਬਾਰੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਉੱਤਰ ਪ੍ਰਦੇਸ਼ ਅਤੇ ਬਿਹਾਰ ਨੂੰ ਲੀਹ ’ਤੇ ਲਿਆਂਦਾ ਹੈ ਅਤੇ ਹੁਣ ਪੱਛਮੀ ਬੰਗਾਲ ’ਚ ਸ਼ੁਰੂਆਤ ਕੀਤੀ ਗਈ ਹੈ। ਇਸੇ ਤਰ੍ਹਾਂ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ ਹੁਣ ਪੰਜਾਬ ’ਚ ‘ਡਬਲ ਇੰਜਣ’ ਦੀ ਸਰਕਾਰ ਸਮੇਂ ਦੀ ਲੋੜ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਸਨਅਤੀ ਵਿਕਾਸ ਲਈ ਐਗਰੋ ਸਨਅਤਾਂ ਨੂੰ ਹੁਲਾਰਾ ਦੇਣ ਦੀ ਲੋੜ ਹੈ ਅਤੇ ਭਾਜਪਾ ਸੂਬੇ ’ਚ ਕਾਰਗੋ ਟਰਮੀਨਲ ਸਥਾਪਿਤ ਕਰਨ ਦੇ ਰਾਹ ਤੁਰੇਗੀ ਤਾਂ ਜੋ ਪੰਜਾਬ ਦੀਆਂ ਸਬਜ਼ੀਆਂ ਅਤੇ ਫਲ਼ਾਂ ਨੂੰ ਦੂਸਰੇ ਮੁਲਕਾਂ ’ਚ ਭੇਜਿਆ ਜਾ ਸਕੇ। ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ 117 ਸੀਟਾਂ ’ਤੇ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ। ਹਾਲ ’ਚ ਨਿਗਮ ਤੇ ਕੌਂਸਲ ਚੋਣਾਂ ’ਚ ਭਾਜਪਾ ਦੀ ਹਾਰ ’ਤੇ ਉਨ੍ਹਾਂ ਟਿੱਪਣੀ ਕੀਤੀ ਕਿ ਇਨ੍ਹਾਂ ਚੋਣਾਂ ’ਚ ‘ਆਪ’ ਦੀ ਧੱਕੇਸ਼ਾਹੀ ਜਿੱਤੀ ਹੈ ਤੇ ਜਮਹੂਰੀਅਤ ਹਾਰੀ ਹੈ।

ਉਨ੍ਹਾਂ ਕਿਹਾ ਕਿ ਸੂਬੇ ’ਚ ਅਮਨ ਕਾਨੂੰਨ ਦੀ ਵਿਵਸਥਾ ਢਹਿ ਢੇਰੀ ਹੋ ਚੁੱਕੀ ਹੈ ਅਤੇ ਕਾਰੋਬਾਰੀ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਦਿਨ ਦਿਹਾੜੇ ਕਤਲੋਗਾਰਦ ਤੇ ਫਿਰੌਤੀਆਂ ਦੀ ਵਿਛੇ ਜਾਲ ਨੇ ਸੂਬੇ ਦੇ ਖ਼ਾਸ ਕਰਕੇ ਸਨਅਤੀ ਵਿਕਾਸ ਨੂੰ ਵੱਡੀ ਢਾਹ ਲਾਈ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਮਨੁੱਖੀ ਜ਼ਿੰਦਗੀਆਂ ਨੂੰ ਖ਼ਤਰੇ ’ਚ ਪਾ ਦਿੱਤਾ ਹੈ।

Advertisment

You May Like This