Code Of Ethics

Download app

Subscribe To Print Edition

Iran ਦੇ ਤੇਲ ਟੈਂਕਰ ਦੇ China ਵੱਲ ਮੁੜਨ ਪਿੱਛੇ ਭੁਗਤਾਨ ਦੀਆਂ ਸਮੱਸਿਆਵਾਂ ਦੇ ਦਾਅਵੇ ਗਲਤ : ਕੇਂਦਰ

ਭਾਰਤ 40 ਤੋਂ ਵੱਧ ਦੇਸ਼ਾਂ ਤੋਂ ਮੰਗਵਾਉਂਦਾ ਹੈ ਕੱਚਾ ਤੇਲ : ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

featured-img

ਕੇਂਦਰ ਸਰਕਾਰ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਇਰਾਨ ਤੋਂ ਕੱਚੇ ਤੇਲ ਦੀ ਦਰਾਮਦ (import) ਲਈ ਭੁਗਤਾਨ ਦੀ ਕੋਈ ਸਮੱਸਿਆ ਨਹੀਂ ਹੈ ਅਤੇ ਰਿਫਾਇਨਰੀਆਂ ਇਰਾਨ ਦੇ ਨਾਲ-ਨਾਲ ਦੁਨੀਆ ਭਰ ਦੇ ਹੋਰ ਸਪਲਾਇਰਾਂ ਤੋਂ ਤੇਲ ਮੰਗਵਾਉਣਾ ਜਾਰੀ ਰੱਖ ਰਹੀਆਂ ਹਨ।

ਸਰਕਾਰ ਨੇ ਦੱਸਿਆ ਕਿ ਭਾਰਤ 40 ਤੋਂ ਵੱਧ ਦੇਸ਼ਾਂ ਤੋਂ ਕੱਚਾ ਤੇਲ ਮੰਗਵਾਉਂਦਾ ਹੈ। ਤੇਲ ਕੰਪਨੀਆਂ ਕੋਲ ਪੂਰੀ ਖੁੱਲ੍ਹ ਹੈ ਕਿ ਉਹ ਆਪਣੀਆਂ ਵਪਾਰਕ ਲੋੜਾਂ ਅਨੁਸਾਰ ਕਿਸੇ ਵੀ ਦੇਸ਼ ਜਾਂ ਖੇਤਰ ਤੋਂ ਤੇਲ ਦੀ ਖਰੀਦ ਕਰ ਸਕਦੀਆਂ ਹਨ।

ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇੱਕ ਪੋਸਟ ਵਿੱਚ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕਰ ਦਿੱਤਾ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਇਰਾਨੀ ਕੱਚੇ ਤੇਲ ਨਾਲ ਲੱਦਿਆ ਇੱਕ ਤੇਲ ਟੈਂਕਰ ਆਪਣੇ ਪਹਿਲੇ ਨਿਰਧਾਰਤ ਟਿਕਾਣੇ ਭਾਰਤ ਦੀ ਬਜਾਏ ਅੱਧ ਵਿਚਾਲੇ ਚੀਨ ਵੱਲ ਮੁੜ ਗਿਆ ਹੈ। ਜੇਕਰ ਇਹ ਤੇਲ ਭਾਰਤ ਆਉਂਦਾ ਤਾਂ ਇਹ ਲਗਪਗ ਸੱਤ ਸਾਲਾਂ ਵਿੱਚ ਭਾਰਤ ਆਉਣ ਵਾਲੀ ਅਜਿਹੀ ਪਹਿਲੀ ਖੇਪ ਹੋਣੀ ਸੀ। ਮੰਤਰਾਲੇ ਨੇ ਸਪਸ਼ਟ ਕੀਤਾ ਕਿ ਤੇਲ ਵਪਾਰ ਵਿੱਚ ਜਹਾਜ਼ਾਂ ਦਾ ਰਸਤਾ ਬਦਲਣਾ ਇੱਕ ਆਮ ਗੱਲ ਹੈ। ਵਪਾਰਕ ਲੋੜਾਂ ਅਤੇ ਸਹੂਲਤ ਅਨੁਸਾਰ ਸਫ਼ਰ ਦੌਰਾਨ ਲਿਆਂਦੇ ਜਾ ਰਹੇ ਮਾਲ ਦੀ ਮੰਜ਼ਿਲ ਬਦਲੀ ਜਾ ਸਕਦੀ ਹੈ, ਇਸ ਲਈ ਅਜਿਹੇ ਦਾਅਵਿਆਂ ਵਿੱਚ ਕੋਈ ਸੱਚਾਈ ਨਹੀਂ ਹੈ।

ਇਨ੍ਹਾਂ ਗੱਲਾਂ ਨੂੰ ਤੱਥਾਂ ਦੇ ਆਧਾਰ ‘ਤੇ ਗਲਤ ਕਰਾਰ ਦਿੰਦਿਆਂ ਕਿ ਭੁਗਤਾਨ ਦੀਆਂ ਰੁਕਾਵਟਾਂ ਕਾਰਨ ਤੇਲ ਦੀ ਖੇਪ ਗੁਜਰਾਤ ਦੇ ਵਾਡੀਨਾਰ ਦੀ ਬਜਾਏ ਚੀਨ ਭੇਜ ਦਿੱਤੀ ਗਈ ਹੈ, ਮੰਤਰਾਲੇ ਨੇ ਸਪਸ਼ਟ ਕੀਤਾ, “ਇਰਾਨੀ ਕੱਚੇ ਤੇਲ ਦੀ ਦਰਾਮਦ ਲਈ ਭੁਗਤਾਨ ਦੀ ਕੋਈ ਰੁਕਾਵਟ ਨਹੀਂ ਹੈ।”

ਮੰਤਰਾਲੇ ਨੇ ਇਹ ਵੀ ਦੱਸਿਆ ਕਿ ‘ਸੀ ਬਰਡ’ ਨਾਮ ਦਾ ਇੱਕ ਐੱਲ ਪੀ ਜੀ ਜਹਾਜ਼, ਜਿਸ ਵਿੱਚ ਲਗਪਗ 44,000 ਟਨ ਇਰਾਨੀ ਐੱਲ ਪੀ ਜੀ ਸੀ, ਉਹ 2 ਅਪਰੈਲ ਨੂੰ ਮੰਗਲੌਰ ਪਹੁੰਚਿਆ ਹੈ ਅਤੇ ਇਸ ਵੇਲੇ ਮਾਲ ਉਤਾਰ ਰਿਹਾ ਹੈ।

ਕਾਬਲੇਗ਼ੌਰ ਹੈ ਕਿ ਸ਼ਿਪ-ਟਰੈਕਿੰਗ ਫਰਮ ‘ਕੇਪਲਰ’ ਨੇ ਸ਼ੁੱਕਰਵਾਰ ਨੂੰ ਦੱਸਿਆ ਸੀ ਕਿ ਅਮਰੀਕੀ ਪਾਬੰਦੀਆਂ ਵਾਲਾ ਇਰਾਨੀ ਤੇਲ ਟੈਂਕਰ ‘ਪਿੰਗ ਸ਼ੁਨ’ ਹੁਣ ਗੁਜਰਾਤ ਦੇ ਵਾਡੀਨਾਰ ਦੀ ਬਜਾਏ ਚੀਨ ਦੇ ਡੋਂਗਯਿੰਗ ਵੱਲ ਜਾ ਰਿਹਾ ਹੈ। ਇਸ ਜਹਾਜ਼ ‘ਤੇ ਅਮਰੀਕਾ ਨੇ ਸਾਲ 2025 ਵਿੱਚ ਪਾਬੰਦੀਆਂ ਲਗਾਈਆਂ ਸਨ। ‘ਪਿੰਗ ਸ਼ੁਨ’ ‘ਤੇ ਮੌਜੂਦ ਤੇਲ ਉਹ ਪਹਿਲਾ ਇਰਾਨੀ ਕੱਚਾ ਤੇਲ ਹੋਣਾ ਸੀ ਜੋ ਭਾਰਤ 2019 ਤੋਂ ਬਾਅਦ ਖਰੀਦਦਾ।

Advertisment