Code Of Ethics

Download app

Subscribe To Print Edition

ਅਮਰੀਕੀ ਸੁਪਰੀਮ ਕੋਰਟ ਵੱਲੋਂ ਟਰੰਪ ਦੇ ਟੈਰਿਫ ਰੱਦ

ਸਿਖ਼ਰਲੀ ਅਦਾਲਤ ਨੇ 6-3 ਦੇ ਬਹੁਮਤ ਨਾਲ ਸੁਣਾਇਆ ਫ਼ੈਸਲਾ; ਟੈਰਿਫ ਲਾਉਣ ਦਾ ਸੰਵਿਧਾਨਕ ਅਧਿਕਾਰ ਸਿਰਫ਼ ਕਾਂਗਰਸ ਕੋਲ: ਸੁਪਰੀਮ ਕੋਰਟ; ਟਰੰਪ ਨੇ ਫ਼ੈਸਲੇ ਨੂੰ ਵੱਡਾ ਆਰਥਿਕ ਝਟਕਾ ਦੱਸਿਆ

featured-img

ਸੁਪਰੀਮ ਕੋਰਟ ਨੇ ਅੱਜ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਿਆਪਕ ਆਲਮੀ ਟੈਰਿਫ ਨੂੰ ਰੱਦ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੀਆਂ ਆਰਥਿਕ ਯੋਜਨਾਵਾਂ ਨਾਲ ਜੁੜੇ ਅਹਿਮ ਮੁੱਦੇ ’ਤੇ ਉਨ੍ਹਾਂ ਨੂੰ ਕਰਾਰੀ ਹਾਰ ਮਿਲੀ ਹੈ। 6-3 ਦੇ ਬਹੁਮਤ ਨਾਲ ਸੁਣਾਏ ਇਸ ਫ਼ੈਸਲੇ ਦਾ ਮੁੱਖ ਕੇਂਦਰ ਉਹ ਟੈਰਿਫ ਹਨ, ਜੋ ਐਮਰਜੈਂਸੀ ਸ਼ਕਤੀਆਂ ਦੇ ਕਾਨੂੰਨ ਤਹਿਤ ਲਗਾਏ ਗਏ ਸਨ, ਜਿਨ੍ਹਾਂ ਵਿੱਚ ਤਕਰੀਬਨ ਹਰ ਦੂਜੇ ਦੇਸ਼ ’ਤੇ ਲਗਾਏ ਗਏ ਵਿਆਪਕ ‘ਜਵਾਬੀ’ ਟੈਰਿਫ ਵੀ ਸ਼ਾਮਲ ਹਨ। ਦੂਜੇ ਪਾਸੇ ਟਰੰਪ ਨੇ ਫ਼ੈਸਲੇ ਨੂੰ ਦੇਸ਼ ਲਈ ਵੱਡਾ ਆਰਥਿਕ ਝਟਕਾ ਦੱਸਿਆ ਹੈ।

 

ਟਰੰਪ ਦੇ ਵਿਆਪਕ ਏਜੰਡੇ ਦਾ ਇਹ ਪਹਿਲਾ ਵੱਡਾ ਹਿੱਸਾ ਹੈ, ਜੋ ਦੇਸ਼ ਦੀ ਸਰਵਉੱਚ ਅਦਾਲਤ ਸਾਹਮਣੇ ਸਿੱਧੇ ਤੌਰ ’ਤੇ ਆਇਆ ਹੈ। ਉਨ੍ਹਾਂ ਆਪਣੇ ਪਹਿਲੇ ਕਾਰਜਕਾਲ ਦੌਰਾਨ ਤਿੰਨ ਕੰਜ਼ਰਵੇਟਿਵ (ਰੂੜੀਵਾਦੀ) ਜੱਜਾਂ ਦੀ ਨਿਯੁਕਤੀ ਕਰਕੇ ਇਸ ਅਦਾਲਤ ਦੇ ਸਰੂਪ ਨੂੰ ਘੜਨ ਵਿੱਚ ਮਦਦ ਕੀਤੀ ਸੀ। ਬਹੁਮਤ ਵਾਲੇ ਜੱਜਾਂ ਨੇ ਪਾਇਆ ਕਿ ਸੰਵਿਧਾਨ ‘ਬਹੁਤ ਸਪੱਸ਼ਟ ਤੌਰ ’ਤੇ’ ਕਾਂਗਰਸ (ਅਮਰੀਕੀ ਸੰਸਦ) ਨੂੰ ਟੈਕਸ ਲਗਾਉਣ ਦੀ ਸ਼ਕਤੀ ਦਿੰਦਾ ਹੈ, ਜਿਸ ਵਿੱਚ ਟੈਰਿਫ ਵੀ ਸ਼ਾਮਲ ਹਨ। ਚੀਫ ਜਸਟਿਸ ਜੌਨ ਰੌਬਰਟਸ ਨੇ ਲਿਖਿਆ, ‘‘ਸੰਵਿਧਾਨ ਨਿਰਮਾਤਾਵਾਂ ਨੇ ਟੈਕਸ ਲਗਾਉਣ ਦੀ ਸ਼ਕਤੀ ਦਾ ਕੋਈ ਵੀ ਹਿੱਸਾ ਕਾਰਜਪਾਲਿਕਾ ਨੂੰ ਨਹੀਂ ਸੌਂਪਿਆ ਸੀ।’’ ਜਸਟਿਸ ਸੈਮੂਅਲ ਅਲੀਟੋ, ਕਲੇਰੈਂਸ ਥੌਮਸ ਅਤੇ ਬ੍ਰੈਟ ਕਵਾਨੌ ਨੇ ਇਸ ਫ਼ੈਸਲੇ ਨਾਲ ਅਸਹਿਮਤੀ ਜਤਾਈ ਹੈ।

ਜਸਟਿਸ ਕਵਾਨੌ ਨੇ ਆਪਣੀ ਅਸਹਿਮਤੀ ਵਿੱਚ ਲਿਖਿਆ, ‘‘ਇੱਥੇ ਜਿਨ੍ਹਾਂ ਟੈਰਿਫਾਂ ਦਾ ਮੁੱਦਾ ਹੈ, ਉਹ ਸਿਆਸੀ ਤੌਰ ’ਤੇ ਸਹੀ ਜਾਂ ਗਲਤ ਹੋ ਸਕਦੇ ਹਨ ਪਰ ਜਿੱਥੋਂ ਤੱਕ ਕਾਨੂੰਨੀ ਇਬਾਰਤ, ਇਤਿਹਾਸ ਅਤੇ ਪੁਰਾਣੀਆਂ ਮਿਸਾਲਾਂ ਦਾ ਸਬੰਧ ਹੈ, ਉਹ ਸਪੱਸ਼ਟ ਤੌਰ ’ਤੇ ਕਾਨੂੰਨੀ ਹਨ।’’ ਟੈਰਿਫਾਂ ਬਾਰੇ ਇਹ ਫ਼ੈਸਲਾ ਟਰੰਪ ਨੂੰ ਹੋਰਨਾਂ ਕਾਨੂੰਨਾਂ ਤਹਿਤ ਡਿਊਟੀਆਂ ਲਗਾਉਣ ਤੋਂ ਨਹੀਂ ਰੋਕਦਾ। ਦੂਜੇ ਪਾਸੇ ਰਿਪਬਲਿਕਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਨੂੰ ਅਮਰੀਕੀ ਇਤਿਹਾਸ ਦੇ ਸਭ ਤੋਂ ਅਹਿਮ ਕੇਸਾਂ ਵਿੱਚੋਂ ਇੱਕ ਦੱਸਿਆ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਖ਼ਿਲਾਫ਼ ਆਇਆ ਫ਼ੈਸਲਾ ਦੇਸ਼ ਲਈ ਵੱਡਾ ਆਰਥਿਕ ਝਟਕਾ ਸਾਬਤ ਹੋਵੇਗਾ।
ਇਸ ਕਾਨੂੰਨੀ ਵਿਰੋਧ ਵਿੱਚ ਪੂਰੇ ਸਿਆਸੀ ਖੇਤਰ ਦੇ ਲੋਕ ਸ਼ਾਮਲ ਸਨ, ਜਿਨ੍ਹਾਂ ਵਿੱਚ ਲਿਬਰਟੇਰੀਅਨ ਅਤੇ ਵਪਾਰ-ਪੱਖੀ ਸਮੂਹ ਵੀ ਸ਼ਾਮਲ ਸਨ, ਜੋ ਆਮ ਤੌਰ ’ਤੇ ਰਿਪਬਲਿਕਨ ਪਾਰਟੀ ਦੇ ਨਾਲ ਖੜ੍ਹੇ ਹੁੰਦੇ ਹਨ। ਜਨਤਕ ਰਾਏ ਵਿੱਚ ਇਹ ਪਾਇਆ ਗਿਆ ਹੈ ਕਿ ਟੈਰਿਫ ਆਮ ਜਨਤਾ ਵਿੱਚ ਬਹੁਤੇ ਹਰਮਨਪਿਆਰੇ ਨਹੀਂ ਹਨ, ਕਿਉਂਕਿ ਵੋਟਰਾਂ ਵਿੱਚ ਮਹਿੰਗਾਈ ਤੇ ਵਸਤਾਂ ਦੀ ਪਹੁੰਚ ਨੂੰ ਲੈ ਕੇ ਵੱਡੀ ਚਿੰਤਾ ਪਾਈ ਜਾ ਰਹੀ ਹੈ।

ਫ਼ੈਸਲੇ ’ਚ ਭਾਰਤ ਦਾ ਵਿਸ਼ੇਸ਼ ਜ਼ਿਕਰ

ਜਸਟਿਸ ਬ੍ਰੈਟ ਕੈਵਾਨੌ ਨੇ ਆਪਣੇ ਅਸਹਿਮਤੀ ਵਾਲੇ ਫੈਸਲੇ ਵਿੱਚ ਰੂਸ ਤੋਂ ਤੇਲ ਖਰੀਦਣ ਦੇ ਮਾਮਲੇ ’ਤੇ ਭਾਰਤ ਦਾ ਵਿਸ਼ੇਸ਼ ਜ਼ਿਕਰ ਕੀਤਾ। ਕੈਵਾਨੌ ਨੇ ਕਿਹਾ, ਵਿਦੇਸ਼ੀ ਦਰਾਮਦ ’ਤੇ ਟੈਕਸ ਦੀ ਤਰ੍ਹਾਂ ਹੀ, ਇਸ ਮਾਮਲੇ ਵਿੱਚ ਵਿਚਾਰ ਅਧੀਨ ਆਈ ਈ ਈ ਪੀ ਏ ਟੈਰਿਫ ਵੀ ਵਿਦੇਸ਼ੀ ਮਾਮਲਿਆਂ ਨਾਲ ਸਬੰਧਤ ਹਨ। ਸਰਕਾਰ ਅਨੁਸਾਰ ਰਾਸ਼ਟਰਪਤੀ ਨੇ ਚੀਨ, ਬਰਤਾਨੀਆ ਅਤੇ ਜਾਪਾਨ ਸਮੇਤ ਹੋਰ ਪ੍ਰਮੁੱਖ ਵਪਾਰਕ ਭਾਈਵਾਲਾਂ ਨਾਲ ਵਪਾਰਕ ਸਮਝੌਤੇ ਕਰਨ ਲਈ ਆਈ ਈ ਈ ਪੀ ਏ ਟੈਰਿਫ ਦੀ ਵਰਤੋਂ ਕੀਤੀ ਹੈ।’’

ਭਾਰਤ-ਅਮਰੀਕਾ ਅੰਤਰਿਮ ਵਪਾਰ ਸਮਝੌਤਾ ਅਪਰੈਲ ਤੋਂ ਅਮਲ ’ਚ ਆਏਗਾ: ਗੋਇਲ

ਨਵੀਂ ਦਿੱਲੀ: ਵਣਜ ਤੇ ਇੰਡਸਟਰੀ ਮੰਤਰੀ ਪਿਊਸ਼ ਗੋਇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਤੇ ਅਮਰੀਕਾ ਦਰਮਿਆਨ ਅੰਤਰਿਮ ਵਪਾਰ ਸਮਝੌਤੇ ਦੇ ਮਾਰਚ ਵਿੱਚ ਸਹੀਬੰਦ ਹੋਣ ਤੇ ਅਪਰੈਲ ਲਾਗੂ ਹੋਣ ਦੀ ਸੰਭਾਵਨਾ ਹੈ। ਗੋਇਲ ਨੇ ਕਿਹਾ ਕਿ ਭਾਰਤ ਵੱਲੋਂ ਯੂ ਕੇ ਤੇ ਓਮਾਨ ਨਾਲ ਕੀਤੇ ਮੁਕਤ ਵਪਾਰ ਸਮਝੌਤੇ (ਐੱਫ ਟੀ ਏ’ਜ਼) ਵੀ ਅਪਰੈਲ ਤੋਂ ਲਾਗੂ ਹੋਣ ਦੇ ਆਸਾਰ ਹਨ। ਨਿਊਜ਼ੀਲੈਂਡ ਨਾਲ ਕੀਤੇ ਸਮਝੌਤੇ ਦੇ ਸਤੰਬਰ ਵਿੱਚ ਲਾਗੂ ਹੋਣ ਦੀ ਉਮੀਦ ਹੈ। 

ਅਮਰੀਕੀ ਸੁਪਰੀਮ ਕੋਰਟ ਨੂੰ ਸਲਾਮ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਅਮਰੀਕੀ ਸੁਪਰੀਮ ਕੋਰਟ ਵੱਲੋਂ ਰਾਸ਼ਟਰਪਤੀ ਡੋਨਲਡ ਟਰੰਪ ਦੇ ਆਲਮੀ ਟੈਰਿਫਾਂ ’ਤੇ ਰੋਕ ਲਾਉਣ ਦੇ ਫੈਸਲੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਲੱਗਦਾ ਹੈ ਕਿ ਅਮਰੀਕਾ ਦੀ ਨਿਗਰਾਨ ਪ੍ਰਣਾਲੀ ਹਾਲੇ ਵੀ ਠੀਕ ਢੰਗ ਨਾਲ ਕੰਮ ਕਰ ਰਿਹਾ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, ‘‘ਰਾਸ਼ਟਰਪਤੀ ਟਰੰਪ ਦੀ ਪੂਰੀ ਟੈਰਿਫ ਰਣਨੀਤੀ ਨੂੰ ਰੱਦ ਕਰਨ ਲਈ ਅਮਰੀਕੀ ਸੁਪਰੀਮ ਕੋਰਟ ਨੂੰ ਸਲਾਮ! ਇਸ ਦੀ ਵਿਚਾਰਧਾਰਕ ਬਣਤਰ ਨੂੰ ਦੇਖਦੇ ਹੋਏ ਇਹ ਬਹੁਤ ਸ਼ਾਨਦਾਰ ਫੈਸਲਾ ਹੈ।’’

 

ਭਾਰਤੀ ਬਰਾਮਦਕਾਰਾਂ ਵੱਲੋਂ ਫੈ਼ਸਲੇ ਦਾ ਸਵਾਗਤ

 

ਨਵੀਂ ਦਿੱਲੀ: ਭਾਰਤੀ ਬਰਾਮਦਕਾਰਾਂ ਨੇ ਅਮਰੀਕੀ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਰਟ ਦਾ ਫੈਸਲਾ ਭਾਰਤ ਦੀਆਂ ਘਰੇਲੂ ਫ਼ਰਮਾਂ ਲਈ ਵੱਡੀ ਰਾਹਤ ਹੈ। ਥਿੰਕ ਟੈਂਕ ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ (ਜੀ ਟੀ ਆਰ ਆਈ) ਨੇ ਕਿਹਾ ਕਿ ਇਸ ਫੈਸਲੇ ਮਗਰੋਂ ਅਮਰੀਕਾ ਨੂੰ ਭਾਰਤ ’ਤੇ ਲੱਗਦੇ 25 ਫੀਸਦ ਪਰਸਪਰ ਟੈਕਸ ਨੂੰ ਹਟਾ ਦੇਣਾ ਚਾਹੀਦਾ ਹੈ ਤੇ ਇਸ ਤਰ੍ਹਾਂ 55 ਫੀਸਦ ਭਾਰਤੀ ਬਰਾਮਦਾਂ ’ਤੇ ਸਿਰਫ ਮੌਜੂਦਾ ਕਸਟਮ ਡਿਊਟੀਆਂ ਲੱਗਣਗੀਆਂ।ਭਾਰਤ-ਅਮਰੀਕਾ ਦਰਮਿਆਨ ਮੀਟਿੰਗ 23 ਤੋਂ 

 

ਨਵੀਂ ਦਿੱਲੀ: ਭਾਰਤ ਤੇ ਅਮਰੀਕਾ ਦੇ ਅਧਿਕਾਰੀਆਂ ਦਰਮਿਆਨ ਅੰਤਰਿਮ ਵਪਾਰ ਸਮਝੌਤੇ ਦੇ ਕਾਨੂੰਨੀ ਖਰੜੇ ਨੂੰ ਅੰਤਿਮ ਰੂਪ ਦੇਣ ਲਈ ਤਿੰਨ ਰੋਜ਼ਾ ਮੀਟਿੰਗ 23 ਫਰਵਰੀ ਤੋਂ ਅਮਰੀਕਾ ’ਚ ਸ਼ੁਰੂ ਹੋਵੇਗੀ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਭਾਰਤ ਤੇ ਅਮਰੀਕਾ ਨੇ ਸਾਂਝਾ ਬਿਆਨ ਜਾਰੀ ਕਰਕੇ ਐਲਾਨ ਕੀਤਾ ਸੀ ਕਿ ਅੰਤਰਿਮ ਵਪਾਰ ਸਮਝੌਤੇ ਲਈ ਰੂਪਰੇਖਾ ਤਿਆਰ ਹੈ। ਹੁਣ ਇਨ੍ਹਾਂ ਨੁਕਤਿਆਂ ਨੂੰ ਰਸਮੀ ਕਾਨੂੰਨੀ ਸਮਝੌਤੇ ’ਚ ਬਦਲਿਆ ਜਾਵੇਗਾ, ਜਿਸ ’ਤੇ ਦੋਵੇਂ ਧਿਰਾਂ ਦਸਤਖ਼ਤ ਕਰਨਗੀਆਂ। ਇਸ ’ਤੇ ਮਾਰਚ ਵਿੱਚ ਦਸਤਖ਼ਤ ਹੋਣ ਦੀ ਉਮੀਦ ਹੈ। ਅਧਿਕਾਰੀ ਨੇ ਦੱਸਿਆ ਕਿ ਭਾਰਤੀ ਤੇ ਅਮਰੀਕੀ ਵਫ਼ਦ ਸੋਮਵਾਰ ਤੋਂ ਆਪਣੀ ਤਿੰਨ ਰੋਜ਼ਾ ਮੀਟਿੰਗ ਸ਼ੁਰੂ ਕਰਨਗੇ। ਭਾਰਤੀ ਵਫ਼ਦ ਦੀ ਅਗਵਾਈ ਵਣਜ ਮੰਤਰਾਲੇ ’ਚ ਸੰਯੁਕਤ ਸਕੱਤਰ ਤੇ ਮੁੱਖ ਵਾਰਤਾਵਾਰ ਦਰਪਨ ਜੈਨ ਕਰਨਗੇ। ਅੰਤਰਿਮ ਵਪਾਰ ਸਮਝੌਤੇ ਤਹਿਤ ਦੋਵੇਂ ਧਿਰਾਂ ਆਪਸ ’ਚ ਵਪਾਰਕ ਲੈਣ-ਦੇਣ ਵਾਲੀਆਂ ਕਈ ਵਸਤਾਂ ’ਤੇ ਟੈਰਿਫ ਰਿਆਇਤਾਂ ਦੇਣਗੀਆਂ। ਅਮਰੀਕਾ ਨੇ ਐਲਾਨ ਕੀਤਾ ਹੈ ਕਿ ਉਹ ਭਾਰਤੀ ਵਸਤਾਂ ’ਤੇ ਜਵਾਬੀ ਟੈਰਿਫ 25 ਤੋਂ ਘਟਾ ਕੇ 18 ਫੀਸਦ ਕਰ ਦੇਵੇਗਾ। ਰੂਸ ਤੋਂ ਕੱਚੇ ਤੇਲ ਦੀ ਖਰੀਦ ਕਾਰਨ ਭਾਰਤ ’ਤੇ ਲਾਇਆ ਗਿਆ 25 ਫੀਸਦ ਟੈਰਿਫ ਪਹਿਲਾਂ ਹੀ ਖਤਮ ਕੀਤਾ ਜਾ ਚੁੱਕਾ ਹੈ।ਮੋਦੀ ਨੇ ਟਰੰਪ ਨੂੰ ਮੁੜ ਭਾਰਤ ਆਉਣ ਦਾ ਸੱਦਾ ਦਿੱਤਾ: ਗੋਰ

ਨਵੀਂ ਦਿੱਲੀ: ਭਾਰਤ ’ਚ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਨੇ ਅੱਜ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਭਾਰਤ ਨੂੰ ਕਿੰਨੀ ਅਹਿਮੀਅਤ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਹੈ। ਅਮਰੀਕੀ ਉਪ ਵਿਦੇਸ਼ ਮੰਤਰੀ (ਆਰਥਿਕ ਮਾਮਲੇ) ਜੈਕਬ ਹੈਲਬਰਗ ਅਤੇ ਅਮਰੀਕੀ ਰਾਸ਼ਟਰਪਤੀ ਦੇ ਵਿਗਿਆਨ ਤੇ ਤਕਨੀਕੀ ਸਲਾਹਕਾਰ ਮਾਈਕਲ ਕਰੈਟਸਿਓਸ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਗੋਰ ਨੇ ਕਿਹਾ ਕਿ ਹੁਣ ਤੱਕ ਇਸ ਯਾਤਰਾ ਦਾ ਕੋਈ ਰਸਮੀ ਐਲਾਨ ਨਹੀਂ ਹੋਇਆ ਹੈ ਪਰ ਰਾਸ਼ਟਰਪਤੀ ਟਰੰਪ ਨੂੰ ਆਪਣੀ ਪਿਛਲੀ ਭਾਰਤ ਯਾਤਰਾ ਬਹੁਤ ਪਸੰਦ ਆਈ ਸੀ, ਜਦੋਂ ਸ੍ਰੀ ਟਰੰਪ ਨੇ ਉਨ੍ਹਾਂ ਨੂੰ ਰਾਜਦੂਤ ਵਜੋਂ ਨਾਮਜ਼ਦ ਕੀਤਾ ਸੀ ਤਾਂ ਉਨ੍ਹਾਂ ਭਾਰਤ ਦੀ ਵਿਲੱਖਣ ਜ਼ਿੰਦਾਦਿਲੀ, ਰੰਗ, ਇਤਿਹਾਸ ਤੇ ਸੱਭਿਆਚਾਰ ਬਾਰੇ ਗੱਲ ਕੀਤੀ ਸੀ ਅਤੇ ਭਰੋਸਾ ਜ਼ਾਹਿਰ ਕੀਤਾ ਸੀ ਕਿ ਉਹ ਦੁਬਾਰਾ ਕਦੀ ਨਾ ਕਦੀ ਭਾਰਤ ਜ਼ਰੂਰ ਆਉਣਗੇ। 

Advertisment