ਪਾਕਿਸਤਾਨ ਦੇ ਕਰਾਚੀ ਵਿੱਚ ਇੱਕ ਵਿਸ਼ਾਲ ਸ਼ਾਪਿੰਗ ਮਾਲ ਵਿੱਚ ਭਿਆਨਕ ਅੱਗ ਲੱਗਣ ਕਾਰਨ ਇੱਕ ਫਾਇਰ ਫਾਈਟਰ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਅਤੇ 12 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਕਈ ਹੋਰ ਫਸੇ ਹੋਏ ਹਨ। ਸਿੰਧ…
ਪਾਕਿਸਤਾਨ ਦੇ ਕਰਾਚੀ ਵਿੱਚ ਇੱਕ ਵਿਸ਼ਾਲ ਸ਼ਾਪਿੰਗ ਮਾਲ ਵਿੱਚ ਭਿਆਨਕ ਅੱਗ ਲੱਗਣ ਕਾਰਨ ਇੱਕ ਫਾਇਰ ਫਾਈਟਰ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਅਤੇ 12 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਕਈ ਹੋਰ ਫਸੇ ਹੋਏ ਹਨ। ਸਿੰਧ ਦੇ ਇੰਸਪੈਕਟਰ ਜਨਰਲ ਆਫ ਪੁਲੀਸ (IG) ਜਾਵੇਦ ਆਲਮ ਓਧੋ ਨੇ ਮੌਕੇ ‘ਤੇ ਮੀਡੀਆ ਨੂੰ ਦੱਸਿਆ ਕਿ ਸ਼ਹਿਰ ਦੇ ਵਿਅਸਤ ਐੱਮ ਏ ਜਿਨਾਹ ਰੋਡ ‘ਤੇ ਸਥਿਤ ਗੁਲ ਪਲਾਜ਼ਾ ਵਿੱਚ ਸ਼ਨਿੱਚਰਵਾਰ ਰਾਤ ਕਰੀਬ 10:45 ਵਜੇ ਅੱਗ ਲੱਗੀ ਸੀ।
ਇੱਕ ਬਿਆਨ ਅਨੁਸਾਰ,ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਕਰਾਚੀ ਦੇ ਕਮਿਸ਼ਨਰ ਹਸਨ ਨਕਵੀ ਨੂੰ ਘਟਨਾ ਦੀ ਤੁਰੰਤ ਪੁੱਛਗਿੱਛ ਕਰਨ,ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰਨ ਅਤੇ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਰੈਸਕਿਊ 1122 ਦੇ ਬੁਲਾਰੇ ਹਸਨੁਲ ਹਸੀਬ ਖਾਨ ਨੇ ਦੱਸਿਆ ਕਿ ਛੇ ਮੌਤਾਂ ਹੋਈਆਂ ਹਨ ਅਤੇ ਬਹੁ-ਮੰਜ਼ਿਲਾ ਇਮਾਰਤ ਵਿੱਚੋਂ ਬਚਾਏ ਗਏ ਲਗਪਗ 20 ਲੋਕਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ 16 ਘੰਟੇ ਬਾਅਦ ਵੀ ਫਾਇਰ ਬ੍ਰਿਗੇਡ ਅਤੇ ਬਚਾਅ ਟੀਮਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ। ਆਈ.ਜੀ.ਅਸਲਮ ਨੇ ਅੰਦਾਜ਼ਾ ਲਗਾਇਆ ਕਿ ਸ਼ਾਰਟ ਸਰਕਟ ਅੱਗ ਲੱਗਣ ਦਾ ਕਾਰਨ ਹੋ ਸਕਦਾ ਹੈ। ਰੈਸਕਿਊ 1122 ਦੇ ਖਾਨ ਨੇ ਕਿਹਾ,“ਇੱਕ ਵਾਰ ਕੂਲਿੰਗ ਸ਼ੁਰੂ ਹੋਣ ਤੋਂ ਬਾਅਦ ਅਸੀਂ ਹੋਰ ਬਚਾਅ ਕਾਰਜ ਸ਼ੁਰੂ ਕਰਾਂਗੇ,ਪਰ ਇਮਾਰਤ ਦਾ ਨਕਸ਼ਾ ਬਹੁਤ ਗੁੰਝਲਦਾਰ ਹੈ ਕਿਉਂਕਿ ਇਸ ਵਿੱਚ ਬੇਸਮੈਂਟ ਅਤੇ ਮੇਜ਼ਾਨਾਈਨ ਫਲੋਰ ‘ਤੇ ਸੈਂਕੜੇ ਦੁਕਾਨਾਂ ਅਤੇ ਸਟੋਰ ਹਨ।” ਉਨ੍ਹਾਂ ਦੱਸਿਆ ਕਿ 40 ਸਨੌਰਕਲਾਂ ਦੀ ਵਰਤੋਂ ਕੀਤੀ ਜਾ ਰਹੀ ਸੀ ਅਤੇ 60 ਫੀਸਦੀ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ,ਉਨ੍ਹਾਂ ਅੱਗੇ ਕਿਹਾ ਕਿ ਅੱਗ ਕਾਰਨ ਮਾਲ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਹਨ।
ਗ਼ੌਰਤਲਬ ਹੈ ਕਿ ਗੁਲ ਪਲਾਜ਼ਾ 80 ਦੇ ਦਹਾਕੇ ਦੇ ਸ਼ੁਰੂ ਵਿੱਚ ਬਣਾਇਆ ਗਿਆ ਸੀ ਅਤੇ ਇਹ ਸਾਰੇ ਵਰਗਾਂ ਲਈ ਇੱਕ ਪ੍ਰਸਿੱਧ ਸਥਾਨ ਸੀ ਕਿਉਂਕਿ ਇੱਥੇ ਕਿਫਾਇਤੀ ਕਰੌਕਰੀ,ਸਜਾਵਟ,ਫਰਨੀਚਰ,ਇਲੈਕਟ੍ਰੋਨਿਕਸ,ਕੱਪੜੇ,ਔਰਤਾਂ ਦੇ ਕਾਸਮੈਟਿਕਸ,ਪਰਫਿਊਮ ਅਤੇ ਹੋਰ ਉਤਪਾਦਾਂ ਲਈ ਸੈਂਕੜੇ ਦੁਕਾਨਾਂ ਸਨ।
‘ਦਿ ਨਿਊਜ਼ ਇੰਟਰਨੈਸ਼ਨਲ’ ਪੋਰਟਲ ਨੇ ਦੱਸਿਆ ਕਿ ਫਾਇਰ ਫਾਈਟਰਾਂ ਅਨੁਸਾਰ ਵੈਂਟੀਲੇਸ਼ਨ ਦੀ ਘਾਟ ਅਤੇ ਮਾਲ ਦੀਆਂ ਖਿੜਕੀਆਂ ਦੇ ਬੰਦ ਹੋਣ ਕਾਰਨ ਇਮਾਰਤ ਦੇ ਅੰਦਰ ਧੂੰਆਂ ਭਰ ਗਿਆ ਹੈ,ਜਿਸ ਨਾਲ ਬਚਾਅ ਕਾਰਜਾਂ ਵਿੱਚ ਰੁਕਾਵਟ ਆ ਰਹੀ ਹੈ। ਅੱਗ ਦੀ ਤੀਬਰਤਾ ਕਾਰਨ ਸ਼ਾਪਿੰਗ ਮਾਲ ਦੀ ਇਮਾਰਤ ਖਸਤਾ ਹਾਲਤ ਹੋ ਗਈ ਹੈ। ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਅਤੇ ਜਾਨੀ ਨੁਕਸਾਨ ‘ਤੇ ਹਮਦਰਦੀ ਪ੍ਰਗਟ ਕੀਤੀ।





















