ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੁੰਮ ਹੋਏ 325 ਸਰੂਪਾਂ ਦੇ ਬਾਰੇ ਅਹਿਮ ਖ਼ੁਲਾਸਾ ਕਰਦਿਆਂ ਕਿਹਾ ਕਿ ਨਵਾਂ ਸ਼ਹਿਰ ਦੇ ਬੰਗਾ ਲਾਗਿਓ ਇੱਕ ਧਾਰਮਿਕ ਅਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 169 ਸਰੂਪ ਮਿਲੇ ਹਨ ਜਿਨ੍ਹਾਂ ਚੋਂ ਸਿਰਫ਼…
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੁੰਮ ਹੋਏ 325 ਸਰੂਪਾਂ ਦੇ ਬਾਰੇ ਅਹਿਮ ਖ਼ੁਲਾਸਾ ਕਰਦਿਆਂ ਕਿਹਾ ਕਿ ਨਵਾਂ ਸ਼ਹਿਰ ਦੇ ਬੰਗਾ ਲਾਗਿਓ ਇੱਕ ਧਾਰਮਿਕ ਅਸਥਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 169 ਸਰੂਪ ਮਿਲੇ ਹਨ ਜਿਨ੍ਹਾਂ ਚੋਂ ਸਿਰਫ਼ 30 ਸਰੂਪਾਂ ਦਾ ਹੀ ਰਿਕਾਰਡ ਮਿਲਿਆ ਹੈ।
ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਕਾਨਫ਼ਰੰਸ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਨਵਾਂ ਸ਼ਹਿਰ ਜ਼ਿਲ੍ਹੇ ਚੋਂ ਮਿਲੇ ਸਰੂਪਾਂ ਚੋਂ 139 ਸਰੂਪਾਂ ਦਾ ਕੋਈ ਰਿਕਾਰਡ ਹੀ ਨਹੀਂ ਹੈ।
ਚੇਤੇ ਰਹੇ ਕਿ ਭਗਵੰਤ ਮਾਨ ਨੇ ਇਹ ਖ਼ੁਲਾਸਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਤੋਂ ਐਨ ਇੱਕ ਦਿਨ ਪਹਿਲਾਂ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਕਰਮਚਾਰੀਆਂ ਤੋਂ ਪੁੱਛ-ਗਿੱਛ ਦੌਰਾਨ ਅਹਿਮ ਸੁਰਾਗ ਮਿਲੇ ਸਨ। ਉਨ੍ਹਾਂ ਕਿਹਾ ਕਿ ਗੁੰਮ ਹੋਏ ਬਾਕੀ ਸਰੂਪਾਂ ਦਾ ਵੀ ਜਲਦ ਪਤਾ ਲਗਾਇਆ ਜਾਵੇਗਾ। ਪਤਾ ਲੱਗਿਆ ਹੈ ਕਿ ਵਿਸ਼ੇਸ਼ ਜਾਂਚ ਟੀਮ ਨੇ ਬੀਤੇ ਕੱਲ੍ਹ ਹੀ ਗੁੰਮ ਹੋਏ ਸਰੂਪਾਂ ਚੋਂ ਕੁੱਝ ਦਾ ਪਤਾ ਲਗਾ ਲਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਾਘੀ ਕਾਨਫ਼ਰੰਸ ਦੇ ਮੌਕੇ ਇਸ ਦਾ ਖ਼ੁਲਾਸਾ ਕੀਤੇ ਜਾਣ ਨੂੰ ਢੁਕਵਾਂ ਮੌਕਾ ਸਮਝਿਆ। ਮੁੱਖ ਮੰਤਰੀ ਨੇ ਕਿਹਾ ਕਿ ਸਰੂਪਾਂ ਦੀ ਛਪਾਈ ਦੀ ਜ਼ਿੰਮੇਵਾਰੀ ਸ਼੍ਰੋਮਣੀ ਕਮੇਟੀ ਦੀ ਹੁੰਦੀ ਹੈ। ਅੱਜ ਮਾਘੀ ਕਾਨਫ਼ਰੰਸ ’ਤੇ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨੇ ’ਤੇ ਲੈਂਦਿਆਂ ਬਰਗਾੜੀ ’ਚ ਹੋਈ ਬੇਅਦਬੀ ਦੇ ਮਾਮਲੇ ਦੀ ਗੱਲ ਵੀ ਕੀਤੀ।





















