ਰਾਵਲਪਿੰਡੀ ਹੈੱਡਕੁਆਰਟਰ ’ਚ ਹੋਇਆ ਗੁਪਤ ਸਮਾਗਮ:ਪ੍ਰਧਾਨ ਮੰਤਰੀ ਸ਼ਰੀਫ ਸਮੇਤ ਵੱਡੀਆਂ ਹਸਤੀਆਂ ਨੇ ਕੀਤੀ ਸ਼ਿਰਕਤ
ਪਾਕਿਸਤਾਨੀ ਫੌਜ ਦੇ ਮੁਖੀ ਜਨਰਲ ਆਸਿਮ ਮੁਨੀਰ ਦੀ ਤੀਜੀ ਬੇਟੀ ਮਹਿਨੂਰ ਦਾ ਵਿਆਹ 26 ਦਸੰਬਰ ਨੂੰ ਰਾਵਲਪਿੰਡੀ ਸਥਿਤ ਫੌਜ ਦੇ ਮੁੱਖ ਦਫਤਰ (GHQ) ਵਿੱਚ ਬਹੁਤ ਹੀ ਸਾਦਗੀ ਅਤੇ ਗੁਪਤ ਤਰੀਕੇ ਨਾਲ ਸੰਪੰਨ ਹੋਇਆ। ਸੁਰੱਖਿਆ ਕਾਰਨਾਂ ਕਰਕੇ ਇਸ ਸਮਾਗਮ ਨੂੰ ਮੀਡੀਆ ਦੀਆਂ ਨਜ਼ਰਾਂ ਤੋਂ ਦੂਰ ਰੱਖਿਆ ਗਿਆ ਅਤੇ ਕੋਈ ਵੀ ਅਧਿਕਾਰਤ ਤਸਵੀਰ ਜਾਰੀ ਨਹੀਂ ਕੀਤੀ ਗਈ।
ਮਹਿਨੂਰ ਦਾ ਵਿਆਹ ਉਸ ਦੇ ਸਕੇ ਚਚੇਰੇ ਭਰਾ ਅਬਦੁਲ ਰਹਿਮਾਨ ਨਾਲ ਹੋਇਆ ਹੈ, ਜੋ ਜਨਰਲ ਮੁਨੀਰ ਦਾ ਭਤੀਜਾ ਹੈ। ਅਬਦੁਲ ਰਹਿਮਾਨ ਪਹਿਲਾਂ ਪਾਕਿਸਤਾਨੀ ਫੌਜ ਵਿੱਚ ਕਪਤਾਨ ਵਜੋਂ ਸੇਵਾ ਨਿਭਾਅ ਚੁੱਕਾ ਹੈ ਅਤੇ ਹੁਣ ਫੌਜੀ ਕੋਟੇ ਰਾਹੀਂ ਸਿਵਲ ਸੇਵਾਵਾਂ ਵਿੱਚ ਸ਼ਾਮਲ ਹੋ ਕੇ ਸਹਾਇਕ ਕਮਿਸ਼ਨਰ (AC) ਵਜੋਂ ਤਾਇਨਾਤ ਹੈ।
ਭਾਵੇਂ ਸਮਾਗਮ ਨਿੱਜੀ ਸੀ, ਪਰ ਇਸ ਵਿੱਚ ਪਾਕਿਸਤਾਨ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਹਸਤੀਆਂ ਨੇ ਸ਼ਮੂਲੀਅਤ ਕੀਤੀ, ਪਾਕਿਸਤਾਨੀ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼, ਉਪ ਪ੍ਰਧਾਨ ਮੰਤਰੀ ਇਸਹਾਕ ਡਾਰ, ISI ਚੀਫ਼ ਅਤੇ ਹੋਰ ਮੌਜੂਦਾ ਤੇ ਸੇਵਾਮੁਕਤ ਜਨਰਲ। ਜਾਣਕਾਰੀ ਮੁਤਾਬਕ ਇਸ ਸਮਾਗਮ ਵਿੱਚ ਕਰੀਬ 400 ਖਾਸ ਮਹਿਮਾਨ ਬੁਲਾਏ ਗਏ ਸਨ। ਜਿੱਥੇ ਫੌਜ ਮੁਖੀ ਦੇ ਘਰ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਕੌਮਾਂਤਰੀ ਮੀਡੀਆ ਵਿੱਚ ਜਨਰਲ ਮੁਨੀਰ ਦੀ ਅਗਵਾਈ ਹੇਠਲੇ ਪਾਕਿਸਤਾਨ ਦੀ ਤਿੱਖੀ ਨਿੰਦਾ ਹੋ ਰਹੀ ਹੈ।





















