Code Of Ethics

Download app

Subscribe To Print Edition

ਭਾਜਪਾ ਕਿਸੇ ਵੀ ਸਮੇਂ ਡੇਗ ਸਕਦੀ ਹੈ ਭਗਵੰਤ ਮਾਨ ਸਰਕਾਰ: ਚੰਨੀ ਲੋਕ ਸਭਾ ਚੋਣਾਂ ਦੌਰਾਨ ਜਨਤਾ ਵੱਲੋਂ ਭਾਜਪਾ ਨੂੰ ਨਕਾਰੇ ਜਾਣ ਦਾ ਕੀਤਾ ਦਾਅਵਾ

* ਭਗਵੰਤ ਮਾਨ ਨੂੰ ਅਹੁਦਾ ਛੱਡਣ ਲਈ ਆਖਿਆ

ਜੁਪਿੰਦਰਜੀਤ ਸਿੰਘ/ਰਾਜਮੀਤ ਸਿੰਘ

ਚੰਡੀਗੜ੍ਹ, 14 ਜੂਨ

ਜਲੰਧਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਕਿਸੇ ਵੀ ਸਮੇਂ ਪੰਜਾਬ ’ਚ ਭਗਵੰਤ ਮਾਨ ਦੀ ਅਗਵਾਈ ਹੇਠਲੀ ‘ਆਪ’ ਸਰਕਾਰ ਡੇਗ ਸਕਦੀ ਹੈ। ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਚੰਨੀ ਨੇ ਕਿਹਾ ਕਿ ਭਾਜਪਾ ਨੇ ਭਾਈਚਾਰਿਆਂ ਨੂੰ ਵੰਡਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਵੋਟਰਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ।

ਚੰਨੀ ਨੇ ਕਿਹਾ, ‘ਭਾਜਪਾ ਨੇ ਹਿੰਦੂਆਂ ਤੇ ਦਲਿਤ ਵੋਟਰਾਂ ਨੂੰ ਵੰਡਣ ਲਈ ਫਿਰਕਾਪ੍ਰਸਤੀ ਦਾ ਸਹਾਰਾ ਲਿਆ ਪਰ ਉਹ ਇਸ ਵਿੱਚ ਕਾਮਯਾਬ ਨਾ ਹੋ ਸਕੇ ਕਿਉਂਕਿ ਲੋਕਾਂ ਨੇ ਉਸ ਦੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਰੱਦ ਕਰ ਦਿੱਤੀ।’ ਉਨ੍ਹਾਂ ਕਿਹਾ ਕਿ ਦੂਜੇ ਪਾਸੇ ਪੰਜਾਬ ਦੇ ਵੋਟਰਾਂ ਨੇ ‘ਆਪ’ ਸਰਕਾਰ ਤੋਂ ਮੋਹ ਭੰਗ ਹੋਣ ਕਾਰਨ ਕਾਂਗਰਸ ਦੇ ਹੱਕ ’ਚ ਫਤਵਾ ਦਿੱਤਾ ਹੈ। ਉਨ੍ਹਾਂ ਕਿਹਾ, ‘ਲੋਕਾਂ ਨੂੰ ਮੇਰਾ ਮੁੱਖ ਮੰਤਰੀ ਵਜੋਂ 111 ਦਿਨਾਂ ਦਾ ਕਾਰਜਕਾਲ ਯਾਦ ਹੈ ਅਤੇ ਉਨ੍ਹਾਂ ਦੇਖ ਲਿਆ ਹੈ ਕਿ ‘ਆਪ’ ਉਹ ਮਸਲੇ ਹੱਲ ਕਰਨ ਵਿੱਚ ਨਾਕਾਮ ਰਹੀ ਹੈ, ਜੋ ਉਸ ਨੇ ਸੱਤਾ ’ਚ ਆਉਣ ਲਈ ਉਠਾਏ ਸਨ।’ ਭਗਵੰਤ ਮਾਨ ਨੂੰ ਅਹੁਦਾ ਛੱਡਣ ਲਈ ਆਖਦਿਆਂ ਚੰਨੀ ਨੇ ਕਿਹਾ, ‘ਪਾਰਟੀ ਆਗੂ ’ਚ ਸਰਕਾਰ ਚਲਾਉਣ ਦੀ ਕਾਬਲੀਅਤ ਹੋਣੀ ਚਾਹੀਦੀ ਹੈ। ਮੈਂ ਹਮੇਸ਼ਾ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਜੇ ਵੀ ਸਟੇਜ (ਬਤੌਰ ਕਲਾਕਾਰ) ਚਲਾ ਰਹੇ ਨੇ, ਸਰਕਾਰ ਨਹੀਂ। ਉਨ੍ਹਾਂ ਨੂੰ ਅਹੁਦਾ ਛੱਡ ਕੇ ਕਿਸੇ ਹੋਰ ਨੂੰ ਸਰਕਾਰ ਚਲਾਉਣ ਦਾ ਮੌਕਾ ਦੇਣਾ ਚਾਹੀਦਾ ਹੈ।’

ਕਾਂਗਰਸ ’ਚ ਧੜੇਬੰਦੀ ਤੇ ਲੀਡਰਸ਼ਿਪ ਦੀ ਘਾਟ ਬਾਰੇ ਚੰਨੀ ਨੇ ਕਿਹਾ ਕਿ ਪਾਰਟੀ ਨੇ ਨਿੱਜੀ ਵਿਚਾਰਾਂ ਨੂੰ ਪਾਸੇ ਰੱਖਦਿਆਂ ਮਿਲ ਕੇ ਕੰਮ ਕੀਤਾ ਤੇ ਪੰਜਾਬ ’ਚ ਚੋਣਾਂ ਜਿੱਤੀਆਂ। ਉਨ੍ਹਾਂ ਕਿਹਾ ਕਿ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਜਾਂ ਕੋਈ ਵੀ ਆਗੂ ਜਮਹੂਰੀ ਢੰਗ ਨਾਲ ਚੁਣਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਬਾਰੇ ਅੰਦਾਜ਼ਾ ਇਨ੍ਹਾਂ ਦੇ ਕੰਮਾਂ ਤੇ ਨਜ਼ਰੀਏ ਤੋਂ ਲਾਇਆ ਜਾਣਾ ਚਾਹੀਦਾ ਹੈ ਨਾ ਕਿ ਇਨ੍ਹਾਂ ਦੇ ਅਤੀਤ ਤੋਂ। ਉਨ੍ਹਾਂ ਕਿਹਾ ਕਿ ਜੇਕਰ ਖਾਲਸਾ ਜਾਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿਘ ਨੇ ਸਮਾਜ ’ਚ ਤਣਾਅ ਜਾਂ ਸਮੱਸਿਆ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸ ਉਨ੍ਹਾਂ ਖ਼ਿਲਾਫ਼ ਡਟ ਕੇ ਖੜ੍ਹੇਗੀ। ਪੰਜਾਬ ‘ਆਪ’ ਨਾਲ ਕਿਸੇ ਵੀ ਤਰ੍ਹਾਂ ਦੇ ਗੱਠਜੋੜ ਦਾ ਵਿਰੋਧ ਕਰਦਿਆਂ ਚੰਨੀ ਨੇ ਕਿਹਾ, ‘ਨਾ ਹੀ ਉਹ ਤੇ ਨਾ ਹੀ ਅਸੀਂ ਇਸ ਨੂੰ ਵੁੱਕਤ ਦਿੰਦੇ ਹਾਂ। ਹੋ ਸਕਦਾ ਹੈ ਕਿ ਉਹ (ਆਪ) ਆਪਣੀ ਬਦਲਾਲਊ ਸਿਆਸਤ ਮੁੜ ਸ਼ੁਰੂ ਕਰਨ।’

‘ਮੁਆਫ਼ ਕਰ ਦੇਣਾ ਸਿੱਖਾਂ ਦਾ ਸੁਭਾਅ’

ਚਰਨਜੀਤ ਸਿੰਘ ਚੰਨੀ ਨੇ ਇਹ ਵੀ ਕਿਹਾ ਕਿ ਕਾਂਗਰਸ ਜਾਂ ਕਿਸੇ ਵੀ ਪਾਰਟੀ ਦੀ ਮੌਜੂਦਾ ਲੀਡਰਸ਼ਿਪ ਨੂੰ ਉਸ ਦੇ ਅਤੀਤ ਅਨੁਸਾਰ ਨਹੀਂ ਦੇਖਣਾ ਚਾਹੀਦਾ। ਉਨ੍ਹਾਂ ਕਿਹਾ, ‘ਕਾਂਗਰਸ ਨੇ ਸਾਕਾ ਨੀਲਾ ਤਾਰਾ ਤੇ ਸਿੱਖ ਵਿਰੋਧੀ ਦੰਗਿਆਂ ਜਿਹੀਆਂ ਗਲਤੀਆਂ ਕੀਤੀਆਂ ਪਰ ਇਸ ਲਈ ਮੁਆਫ਼ੀ ਵੀ ਮੰਗ ਲਈ। ਸਾਡੇ ਆਗੂ ਰਾਹੁਲ ਗਾਂਧੀ ਨਿਯਮਿਤ ਤੌਰ ’ਤੇ ਸ੍ਰੀ ਹਰਿਮੰਦਰ ਸਾਹਿਬ ਆਉਂਦੇ ਹਨ ਤੇ ਇੱਥੇ ਸੇਵਾ ਕਰਦੇ ਹਨ। ਸਿੱਖ ਭਾਈਚਾਰੇ ਦਾ ਦਿਲ ਵੱਡਾ ਹੈ ਅਤੇ ਮੁਆਫ ਕਰਨ ਦੇਣਾ ਉਨ੍ਹਾਂ ਦਾ ਸੁਭਾਅ ਹੈ।’

Advertisment

You May Like This