
ਫ਼ਰੀਦਕੋਟ , 5 ਜੂਨ
ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਆਜ਼ਾਦ ਚੋਣ ਜਿੱਤਣ ਵਾਲੇ ਭਾਈ ਸਰਬਜੀਤ ਸਿੰਘ ਨੇ ਇੱਥੇ ਸਵੇਰੇ ਟਿੱਲਾ ਬਾਬਾ ਫ਼ਰੀਦ ਵਿਖੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਦੇ ਸਮਰਥਕ ਅਤੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ਇਸ ਮੌਕੇ ਭਾਈ ਸਰਬਜੀਤ ਸਿੰਘ ਦਾ ਸਨਮਾਨ ਕੀਤਾ ਗਿਆ। ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਹੁਣ ਉਹ ਪੱਕੇ ਤੌਰ ’ਤੇ ਫ਼ਰੀਦਕੋਟ ਦੇ ਵਾਸੀ ਬਣ ਗਏ ਹਨ ਅਤੇ ਇੱਥੋਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਜਲਦ ਹੀ ਉਹ ਪੂਰੇ ਹਲਕੇ ਦਾ ਦੁਬਾਰਾ ਦੌਰਾ ਕਰਨਗੇ। ਉਨ੍ਹਾਂ ਕਿਹਾ ਕਿ ਜੇ ਕੇਂਦਰ ਅਤੇ ਪੰਜਾਬ ਸਰਕਾਰ ਰਲ ਕੇ ਇੱਥੇ ਕੋਈ ਸਨਅਤ ਲਾਉਂਦੀ ਹੈ ਤਾਂ ਇਸ ਹਲਕੇ ਵਿੱਚੋਂ ਬੇਰੁਜ਼ਗਾਰੀ ਦੀ ਸਮੱਸਿਆ ਕਾਫ਼ੀ ਹੱਦ ਤੱਕ ਹੱਲ ਹੋ ਜਾਵੇਗੀ।
ਮਲਵਿੰਦਰ ਕੰਗ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ
ਸ੍ਰੀ ਆਨੰਦਪੁਰ ਸਾਹਿਬ (ਬੀਐੱਸ ਚਾਨਾ): ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਚੁਣੇ ਗਏ ਆਮ ਆਦਮੀ ਪਾਰਟੀ ਦੇ ਮਲਵਿੰਦਰ ਸਿੰਘ ਕੰਗ ਆਪਣੀ ਚੋਣ ਸਬੰਧੀ ਡੀਸੀ-ਕਮ-ਚੋਣ ਅਧਿਕਾਰੀ ਡਾ. ਪ੍ਰੀਤੀ ਯਾਦਵ ਤੋਂ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਬਾਅਦ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਸਾਥੀਆਂ ਸਣੇ ਮੰਗਲਵਾਰ ਦੇਰ ਸ਼ਾਮ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਉਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕੰਗ ਨੇ ਹਲਕੇ ਦੇ ਸਾਰੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਵੋਟਰਾਂ ਦੀਆਂ ਉਮੀਦਾਂ ’ਤੇ ਖ਼ਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਬਹੁਮੁਖੀ ਵਿਕਾਸ ਸਬੰਧੀ ਉਨ੍ਹਾਂ ਕੋਲ ਕਈ ਯੋਜਨਾਵਾਂ ਹਨ ਤੇ ਇਲਾਕੇ ਦੇ ਲੋਕਾਂ ਨਾਲ ਸਲਾਹ-ਮਸ਼ਵਰਾ ਕਰਕੇ ਉਨ੍ਹਾਂ ’ਤੇ ਕੰਮ ਕੀਤਾ ਜਾਵੇਗਾ। ਇਸ ਉਪਰੰਤ ਉਹ ਆਪਣੇ ਸਾਥੀਆਂ ਸਮੇਤ ਮਾਤਾ ਨੈਣਾ ਦੇਵੀ ਮੰਦਰ ਮੱਥਾ ਟੇਕਣ ਤੇ ਸ਼ੁਕਰਾਨਾ ਕਰਨ ਲਈ ਪੁੱਜੇ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ, ਰੋਪੜ ਤੋਂ ਵਿਧਾਇਕ ਦਿਨੇਸ਼ ਚੱਢਾ, ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ ਤੇ ਡਾ. ਸੰਜੀਵ ਗੌਤਮ ਮੌਜੂਦ ਸਨ।





















