ਵੈਨਕੂਵਰ, 25 ਜਨਵਰੀ

ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਲਿਬਰਲ ਪਾਰਟੀ ਪ੍ਰਧਾਨ ਜਸਟਿਨ ਟਰੂਡੋ ਨੂੰ ਪਾਰਟੀ ਪ੍ਰਧਾਨਗੀ ਤੋਂ ਲਾਂਭੇ ਕਰਨ ਲਈ ਪਾਰਟੀ ਦੇ ਅੰਦਰੋਂ ਆਵਾਜ਼ ਉੱਠਣ ਲੱਗੀ ਹੈ। ਨਿਊਫਾਊਂਡਲੈਂਡ ਦੇ ਐਵਾਲੋਨ ਹਲਕੇ ਤੋਂ ਤਿੰਨ ਵਾਰ ਦੇ ਸੰਸਦ ਮੈਂਬਰ ਕੈਨ ਮੈਕਡੌਨਲਡ ਨੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਹਿਤ ਲੀਡਰਸ਼ਿਪ ਦੀ ਸਮੀਖਿਆ ਲਈ ਹੁਣ ਢੁੱਕਵਾਂ ਸਮਾਂ ਹੈ ਜਿਸ ਨੂੰ ਪਾਰਟੀ ਦੀ ਮਜ਼ਬੂਤੀ ਵਾਸਤੇ ਖੁੰਝਾਇਆ ਨਹੀਂ ਜਾਣਾ ਚਾਹੀਦਾ। ਸੰਸਦ ਮੈਂਬਰ ਨੇ ਕਿਹਾ ਕਿ ਉਹ ਟਰੂਡੋ ਦਾ ਵਿਰੋਧੀ ਨਹੀਂ ਪਰ ਪਾਰਟੀ ਦੀ ਮਜ਼ਬੂਤੀ ਲਈ ਲੋਕਾਂ ਦੇ ਮਨਾਂ ਦੀ ਟੋਹ ਲਾਉਣ ਦਾ ਹਾਮੀ ਹੈ। ਉਸ ਨੇ ਦਾਅਵਾ ਕੀਤਾ ਕਿ ਪਿਛਲੀਆਂ ਚੋਣਾਂ ’ਚ ਉਸ ਦੇ ਖੇਤਰ ਦੀਆਂ 34 ਸੀਟਾਂ ’ਚੋਂ 32 ਸੀਟਾਂ ਲਿਬਰਲ ਪਾਰਟੀ ਦੇ ਖਾਤੇ ਪਈਆਂ ਸੀ ਪਰ ਇਸ ਵਾਰ ਹਾਲਾਤ ਉਲਟ ਹਨ ਜਿਸ ਬਾਰੇ ਸਮਾਂ ਰਹਿੰਦਿਆਂ ਗੰਭੀਰ ਹੋਣ ਦੀ ਲੋੜ ਹੈ। ਉਸ ਨੇ ਅਫਸੋਸ ਜ਼ਾਹਿਰ ਕੀਤਾ ਕਿ ਉਨ੍ਹਾਂ ਦੀ ਪਾਰਟੀ ਲੋਕਾਂ ਦੀਆਂ ਭਾਵਨਾਵਾਂ ਪੱਖੋਂ ਬੇਪ੍ਰਵਾਹ ਹੋ ਕੇ ਆਪਣਾ ਗ੍ਰਾਫ਼ ਹੇਠਾਂ ਵਲ ਲਿਜਾ ਰਹੀ ਹੈ, ਜਿਸ ਬਾਰੇ ਆਗੂਆਂ ਨੂੰ ਚਿੰਤਤ ਹੋ ਕੇ ਵਿਚਾਰ ਕਰਨ ਦੀ ਲੋੜ ਹੈ। ਉਸ ਨੇ ਦੁਬਾਰਾ ਸਪੱਸ਼ਟ ਕੀਤਾ ਕਿ ਉਹ ਜਸਟਿਨ ਟਰੂਡੋ ਦਾ ਵਿਰੋਧੀ ਨਹੀਂ, ਪਰ ਪਾਰਟੀ ਦੇ ਵੱਡੇ ਹਿੱਤਾਂ ਨੂੰ ਮੁੱਖ ਰੱਖ ਕੇ ਸਮੀਖਿਆ ਦੀ ਮੰਗ ਉਭਾਰ ਰਿਹਾ ਹੈ ਜਿਸ ਦੀ ਸਖ਼ਤ ਲੋੜ ਹੈ।
ਕੈਨ ਨੇ ਕਿਹਾ ਕਿ ਪਿਛਲੇ ਸਾਲ ਉਸ ਨੇ ਕਾਰਬਨ ਟੈਕਸ ਮਾਮਲੇ ’ਚ ਆਪਣੀ ਸਰਕਾਰ ਦਾ ਵਿਰੋਧ ਕਰ ਕੇ ਕੁਝ ਵੀ ਗਲਤ ਨਹੀਂ ਸੀ ਕੀਤਾ ਕਿਉਂਕਿ ਉਹ ਬਹੁਗਿਣਤੀ ਕੈਨੇਡੀਅਨਾਂ ਦੀ ਮੰਗ ਹੈ ਤੇ ਅੱਜ ਵੀ ਇਹ ਕਹਿਣ ਤੋਂ ਝਿਜਕ ਨਹੀਂ ਹੈ ਕਿ ਪ੍ਰਧਾਨ ਮੰਤਰੀ ਨੂੰ ਉਹ ਜ਼ਿੱਦ ਪੁਗਾਉਣੀ ਮਹਿੰਗੀ ਪੈ ਸਕਦੀ ਹੈ। ਉਸ ਨੇ ਆਪਣੀ ਗੱਲ ’ਤੇ ਦ੍ਰਿੜ ਰਹਿੰਦਆਂ ਯਾਦ ਕਰਵਾਇਆ ਕਿ ਹਰੇਕ ਪਾਰਟੀ ਤੇ ਹਰ ਆਗੂ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਸਮਾਂ ਰਹਿੰਦਿਆਂ ਆਪਣੇ-ਆਪ ਨੂੰ ਸਮੇਂ ਅਨੁਸਾਰ ਢਾਲ ਲਵੇ ਅਤੇ ਲਿਬਰਲ ਪਾਰਟੀ ਨੂੰ ਵੀ ਇਸ ’ਤੇ ਅਮਲ ਕਰਨ ਦੀ ਲੋੜ ਹੈ।





















