Code Of Ethics

Download app

Subscribe To Print Edition

ਨਵੇਂ ਸਾਲ ਦੀ ਆਮਦ ਮੌਕੇ ਕੰਟਰੋਲ ਰੂਮ ’ਚ ਪੁੱਜੀਆਂ 467 ਸ਼ਿਕਾਇਤਾਂ ਟਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ 978 ਦੇ ਚਾਲਾਨ; 57 ਵਾਹਨ ਜ਼ਬਤ

ਚੰਡੀਗੜ੍ਹ, 1 ਜਨਵਰੀ

ਬਿਊਟੀਫੁੱਲ ਸਿਟੀ ਵਿੱਚ ਨਵੇਂ ਸਾਲ ਦੀ ਆਮਦ ਮੌਕੇ ਸਖ਼ਤ ਸੁਰੱਖਿਆ ਪ੍ਰਬੰਧ ਹੋਣ ਦੇ ਬਾਵਜੂਦ ਪੁਲੀਸ ਦੇ ਕੰਟਰੋਲ ਰੂਮ ਵਿਚ 467 ਸ਼ਿਕਾਇਤਾਂ ਪੁੱਜੀਆਂ ਹਨ। ਸਾਲ 2024 ਦੇ ਸਵਾਗਤ ਲਈ ਸ਼ਹਿਰ ਦੇ ਹੋਟਲਾਂ, ਬਾਰ, ਕਲੱਬਾਂ ਅਤੇ ਰੇਸਟੋਰੈਂਟਾਂ ’ਚ ਸਮਾਗਮ ਰੱਖੇ ਹੋਏ ਸਨ ਜਿਨ੍ਹਾਂ ’ਚ ਵੱਡੀ ਗਿਣਤੀ ਲੋਕਾਂ ਵੱਲੋਂ ਹਿੱਸਾ ਲਿਆ ਗਿਆ। ਇਸ ਮੌਕੇ ਸ਼ਹਿਰ ’ਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਾਰ ਰੱਖਣ ਲਈ 1500 ਦੇ ਕਰੀਬ ਪੁਲੀਸ ਮੁਲਜ਼ਮਾਂ ਨੇ 50 ਤੋਂ ਵੱਧ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਅਤੇ ਸ਼ਹਿਰ ’ਚ ਸ਼ਾਂਤੀ ਬਣਾਈ ਰੱਖੀ। ਇਸ ਦੇ ਬਾਵਜੂਦ 31 ਦਸੰਬਰ ਦੀ ਰਾਤ ਨੂੰ ਕੰਟਰੋਲ ਰੂਮ ’ਚ 467 ਲੋਕਾਂ ਵੱਲੋਂ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ਦਾ ਪੁਲੀਸ ਵੱਲੋਂ ਤੁਰੰਤ ਨਿਪਟਾਰਾ ਕੀਤਾ ਗਿਆ ਹੈ।

ਪੁਲੀਸ ਨੇ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਸੈਕਟਰ-7, 8, 9, 10, 17, 22, 26 ਅਤੇ 18 ਸਮੇਤ ਸ਼ਹਿਰ ਦੀਆਂ ਅੰਦਰੂਨੀ ਸੜਕਾਂ ’ਤੇ ਨਾਕੇ ਲਗਾਏ ਹੋਏ ਸਨ। ਇਸ ਦੌਰਾਨ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ 978 ਚਾਲਾਨ ਕੱਟ ਗਏ, ਜਦੋਂਕਿ 57 ਵਾਹਨ ਜ਼ਬਤ ਕੀਤੇ ਗਏ। ਪੁਲੀਸ ਨੇ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਮਾਮਲੇ ਵਿੱਚ 96 ਜਣਿਆਂ ਦੇ ਚਾਲਾਨ ਕੀਤੇ। ਬਿਨਾਂ ਹੈਲਮਟ ਤੋਂ ਵਾਹਨ ਚਲਾਉਣ ਦੇ 41, ਗ਼ਲਤ ਢੰਗ ਨਾਲ ਪਾਰਕਿੰਗ ਕਰਨ ਦੇ 19, ਜੈਬਰਾ ਕ੍ਰਾਸਿੰਗ ਦੇ 116, ਲਾਲ ਬੱਤੀ ਦੀ ਉਲੰਘਣਾ ਤੇ ਗ਼ਲਤ ਢੰਗ ਨਾਲ ਵਾਹਨ ਚਲਾਉਣ ਦੇ 463 ਚਾਲਾਨ ਕੀਤੇ ਗਏ। ਇਸੇ ਤਰ੍ਹਾਂ ਓਵਰਸਪੀਡ ਦੇ 136 ਤੇ ਹੋਰਨਾਂ ਮਾਮਲਿਆਂ ਵਿੱਚ 107 ਜਣਿਆਂ ਦੇ ਚਾਲਾਨ ਕੀਤੇ ਗਏ ਹਨ।

31 ਦਸੰਬਰ ਦੀ ਰਾਤ ਨੂੰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਸੜਕ ਹਾਦਸੇ ਅਤੇ ਲੜਾਈ ਝਗੜੇ ਹੋਣ ਦੀਆਂ ਘਟਨਾਵਾਂ ਵਾਪਰੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ 14 ਥਾਵਾਂ ’ਤੇ ਸੜਕ ਹਾਦਸੇ ਅਤੇ 55 ਥਾਵਾਂ ’ਤੇ ਝਗੜੇ ਹੋਣ ਸਬੰਧੀ ਸ਼ਿਕਾਇਤ ਪੁਲੀਸ ਕੰਟਰੋਲ ਰੂਮ ਵਿੱਚ ਪਹੁੰਚੀ, ਜਿਸ ’ਤੇ ਪੁਲੀਸ ਨੇ ਕਾਬੂ ਪਾਇਆ। ਇਸ ਤੋਂ ਇਲਾਵਾ ਪੁਲੀਸ ਨੇ ਪਾਬੰਦੀ ਦੇ ਬਾਵਜੂਦ ਪਟਾਕੇ ਚਲਾਉਣ ਸਬੰਧੀ ਵੀ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤੇ ਹਨ।

ਜਨਤਕ ਥਾਵਾਂ ’ਤੇ ਸ਼ਰਾਬ ਪੀਣ ਸਬੰਧੀ ਤਿੰਨ ਨਾਮਜ਼ਦ

ਚੰਡੀਗੜ੍ਹ ਪੁਲੀਸ ਨੇ 31 ਦਸੰਬਰ 2023 ਨੂੰ ਨਵੇਂ ਸਾਲ ਦੀ ਆਮਦ ਮੌਕੇ ਜਨਤਕ ਥਾਵਾਂ ’ਤੇ ਸ਼ਰਾਬ ਪੀਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਥਾਣਾ ਇੰਡਸਟਰੀਅਲ ਏਰੀਆ ਤੇ ਥਾਣਾ ਸੈਕਟਰ-31 ਦੀ ਪੁਲੀਸ ਨੇ ਕੀਤੀ ਹੈ। ਪੁਲੀਸ ਨੇ ਜਨਤਕ ਥਾਵਾਂ ’ਤੇ ਸ਼ਰਾਬ ਪੀ ਕੇ ਹੰਗਾਮਾ ਕਰਨ ਸਬੰਧੀ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਉਕਤ ਮਾਮਲਿਆਂ ਵਿੱਚ ਨਾਮਜ਼ਦ ਵਿਅਕਤੀਆਂ ਨੂੰ ਬਾਅਦ ਵਿੱਚ ਜਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ।

Advertisment