
ਸ਼ਿਮਲਾ, 25 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਗੜਸਾ ਵਾਦੀ ’ਚ ਬੱਦਲ ਫਟਣ ਕਾਰਨ ਕੁਝ ਘਰ ਤੇ ਖੇਤ ਨੁਕਸਾਨੇ ਗਏ ਹਨ। ਇਸ ਕਾਰਨ ਬਿਜਲੀ ਸਪਲਾਈ ਵੀ ਠੱਪ ਹੋ ਗਈ। ਅਧਿਕਾਰੀਆਂ ਮੁਤਾਬਕ ਬੱਦਲ ਫਟਣ ਕਾਰਨ ਦੋ ਪੁਲ ਤਬਾਹ ਹੋ ਗਏ ਹਨ ਤੇ ਕੁਝ ਪਸ਼ੂ ਵੀ ਰੁੜ੍ਹ ਗਏ ਹਨ। ਭੁੰਤਰ-ਗੜਸਾ ਸੜਕ ਕਈ ਥਾਂ ਤੋਂ ਨੁਕਸਾਨੀ ਗਈ ਹੈ। ਮਾਲ ਵਿਭਾਗ ਦੇ ਅਧਿਕਾਰੀ ਨੁਕਸਾਨ ਦਾ ਜਾਇਜ਼ਾ ਲੈ ਰਹੇ ਹਨ। ਬਿਜਲੀ ਸਪਲਾਈ ਠੱਪ ਹੋ ਗਈ ਹੈ ਤੇ ਕਈ ਸੰਪਰਕ ਮਾਰਗ ਬੰਦ ਹੋ ਗਏ ਹਨ। ਇਸੇ ਦੌਰਾਨ ਮਲਾਣਾ ਡੈਮ ਦੇ ਗੇਟ ਖਰਾਬ ਹੋਣ ਕਾਰਨ ਇਹ ‘ਓਵਰਫਲੋਅ’ ਹੋ ਗਿਆ ਹੈ ਤੇ ਪਾਣੀ ਇਸ ਦੇ ਉਪਰ ਦੀ ਵਗ ਰਿਹਾ ਹੈ। ਕੁੱਲੂ ਪ੍ਰਸ਼ਾਸਨ ਨੇ ਪਾਰਵਤੀ ਨਦੀ ਦੇ ਕੰਢਿਆਂ ਉਤੇ ਵਸੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਕੁੱਲੂ ਦੇ ਡੀਸੀ ਆਸ਼ੂਤੋਸ਼ ਗਰਗ ਨੇ ਕਿਹਾ ਕਿ ਮਲਾਣਾ ਡੈਮ-2 ਵਿਚ ਪਾੜ ਪੈਣ ਦੀ ਹਾਲਤ ’ਚ ਨਦੀ ਦੇ ਕੰਢਿਆਂ ’ਤੇ ਵਸੇ ਪਿੰਡਾਂ ਦੇ ਲੋਕਾਂ ਨੂੰ ਕੱਢ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫ਼ਿਲਹਾਲ ਸਥਿਤੀ ਐਨੀ ਗੰਭੀਰ ਨਹੀਂ ਹੈ ਤੇ ਸਿਰਫ਼ 30 ਕਿਊਸਕ ਪਾਣੀ ਹੀ ਉਪਰ ਦੀ ਵਗ ਰਿਹਾ ਹੈ। ਉਨ੍ਹਾਂ ਕਿਹਾ ਕਿ ਹੇਠਾਂ ਸਥਿਤ ਮਲਾਣਾ ਡੈਮ-1 ਉਪਰਲੇ ਡੈਮ ’ਚ ਪਾੜ ਪੈਣ ਦੀ ਸੂਰਤ ’ਚ ਕੁਝ ਸਮੇਂ ਲਈ ਪਾਣੀ ਰੋਕ ਕੇ ਰੱਖ ਸਕਦਾ ਹੈ। ਇਸ ਦੌਰਾਨ ਲੋਕਾਂ ਨੂੰ ਕੱਢ ਲਿਆ ਜਾਵੇਗਾ।
ਮੌਸਮ ਵਿਭਾਗ ਵੱਲੋਂ ਅੱਜ ਤੇ ਭਲਕ ਲਈ ਚਿਤਾਵਨੀ ਜਾਰੀ

ਮੌਸਮ ਵਿਭਾਗ ਨੇ ਭਲਕੇ ਤੇ 27 ਜੁਲਾਈ ਨੂੰ ਹਿਮਾਚਲ ਦੇ 8 ਜ਼ਿਲ੍ਹਿਆਂ ਲਈ ‘ਔਰੇਂਜ ਅਲਰਟ’ ਜਾਰੀ ਕੀਤਾ ਹੈ ਤੇ ਇਸ ਦੌਰਾਨ ਜ਼ੋਰਦਾਰ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ। ਵਿਭਾਗ ਮੁਤਾਬਕ ਇਸ ਦੌਰਾਨ ਜ਼ਮੀਨ ਖਿਸਕ ਸਕਦੀ ਹੈ ਤੇ ਅਚਾਨਕ ਹੜ੍ਹ ਹਾ ਸਕਦੇ ਹਨ। ਮੌਨਸੂਨ ਸ਼ੁਰੂ ਹੋਣ ਤੋਂ ਬਾਅਦ ਰਾਜ ਵਿਚ ਮੀਂਹ ਨਾਲ ਜੁੜੀਆਂ ਘਟਨਾਵਾਂ ਤੇ ਹਾਦਸਿਆਂ ਵਿਚ 164 ਲੋਕ ਮਾਰੇ ਗਏ ਹਨ, ਤੇ ਕਰੀਬ 5269 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। Punjabi Akhar





















