ਲੁਧਿਆਣਾ ਵਿੱਚ ਵੀ 15 ਦਸੰਬਰ ਨੂੰ ਹੋਵੇਗਾ ਸਮਾਗਮ
Diljit Dosanjh Chandigarh: ਦਿਲਜੀਤ ਦੋਸਾਂਝ ਦੇ 12 ਦਸੰਬਰ ਨੂੰ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਸਥਿਤ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਹੋਣ ਵਾਲੇ ਸ਼ੋਅ ਦੇ ਸੁਰੱਖਿਆ ਪ੍ਰਬੰਧਾਂ ਬਾਰੇ ਫੈਸਲਾ ਨਹੀਂ ਹੋਇਆ। ਦਿਲਜੀਤ ਵੱਲੋਂ ਕਈ ਦਿਨ ਪਹਿਲਾਂ ਹੀ ਇਸ ਸ਼ੋਅ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਚੁੱਕੀ ਹੈ ਪਰ ਸਮਾਗਮ ਲਈ ਸੁਰੱਖਿਆ ਪ੍ਰਬੰਧਾਂ ਸਬੰਧੀ ਪ੍ਰਬੰਧਕਾਂ ਦੀ ਮੰਗ ’ਤੇ ਪ੍ਰਸ਼ਾਸਨ ਵੱਲੋਂ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ। ਪ੍ਰਬੰਧਕਾਂ ਨੇ ਗਾਇਕ ਦੀ ਸੁਰੱਖਿਆ ਲਈ ਹਥਿਆਰਬੰਦ ਕਮਾਂਡੋ ਅਤੇ ਨਿੱਜੀ ਸੁਰੱਖਿਆ ਅਧਿਕਾਰੀ ਤਾਇਨਾਤ ਕਰਨ ਸਮੇਤ ਹੋਰ ਪ੍ਰਬੰਧਾਂ ਦੀ ਮੰਗ ਕੀਤੀ ਹੈ।
ਦਿਲਜੀਤ ਦੇ ‘ਔਰਾ ਇੰਡੀਆ ਟੂਰ 2026’ ਤਹਿਤ 12 ਦਸੰਬਰ ਨੂੰ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰ ਸਿੰਘ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਸ਼ੋਅ ਕਰਵਾਉਣ ਦੀ ਤਜਵੀਜ਼ ਹੈ। ਸਮਾਗਮ ਦੇ ਪ੍ਰਬੰਧਕਾਂ ਨੇ ਗਾਇਕ ਦੀ ਸੁਰੱਖਿਆ ਲਈ ਹਥਿਆਰਬੰਦ ਕਮਾਂਡੋ ਅਤੇ ਨਿੱਜੀ ਸੁਰੱਖਿਆ ਅਧਿਕਾਰੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਪ੍ਰਬੰਧਕਾਂ ਨੇ ਚੰਡੀਗੜ੍ਹ ਅਤੇ ਪੰਜਾਬ ਪੁਲੀਸ ਨੂੰ ਪੱਤਰ ਲਿਖ ਕੇ ਸੁਰੱਖਿਆ ਪ੍ਰਬੰਧਾਂ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਦਿਲਜੀਤ ਦੇ ਹਵਾਈ ਅੱਡੇ ’ਤੇ ਆਉਣ-ਜਾਣ, ਚਾਰਟਰ ਜਹਾਜ਼ ਦੀ ਆਵਾਜਾਈ, ਸਟੇਡੀਅਮ ਤੱਕ ਆਉਣ-ਜਾਣ ਲਈ ਸੁਰੱਖਿਆ ਵਾਹਨਾਂ ਅਤੇ ਰਸਤੇ ਦੀ ਸੁਰੱਖਿਆ ਦਾ ਪ੍ਰਬੰਧ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਗਾਇਕ ਦੇ ਹੋਟਲ, ਰਿਹਰਸਲ ਅਤੇ ਸਮਾਗਮ ਵਾਲੇ ਦਿਨ ਵੀ ਪੁਲੀਸ ਤਾਇਨਾਤ ਕਰਨ ਦੀ ਮੰਗ ਕੀਤੀ ਗਈ ਹੈ। ਪ੍ਰਬੰਧਕਾਂ ਨੇ ਕਿਹਾ ਹੈ ਕਿ ਸੁਰੱਖਿਆ ਪ੍ਰਬੰਧਾਂ ਦਾ ਖਰਚਾ ਸਰਕਾਰੀ ਨਿਯਮਾਂ ਅਨੁਸਾਰ ਉਹ ਖ਼ੁਦ ਚੁੱਕਣਗੇ।
ਲੁਧਿਆਣਾ ਵਿੱਚ ਵੀ 15 ਦਸੰਬਰ ਨੂੰ ਸ਼ੋਅ ਦੀ ਤਜਵੀਜ਼
ਦਿਲਜੀਤ ਦੇ ਭਾਰਤ ਦੌਰੇ ਤਹਿਤ ਦਿੱਲੀ ਤੋਂ ਬਾਅਦ ਇੰਦੌਰ ਵਿੱਚ 15 ਨਵੰਬਰ, ਅਹਿਮਦਾਬਾਦ ਵਿੱਚ 21 ਨਵੰਬਰ, ਮੁੰਬਈ ਵਿੱਚ 27 ਨਵੰਬਰ, ਬੰਗਲੂਰੂ ਵਿੱਚ 29 ਨਵੰਬਰ ਅਤੇ ਲਖਨਊ ਵਿੱਚ 5 ਦਸੰਬਰ ਨੂੰ ਸ਼ੋਅ ਹੋਣਗੇ। ਇਸ ਤੋਂ ਬਾਅਦ 12 ਦਸੰਬਰ ਨੂੰ ਨਿਊ ਚੰਡੀਗੜ੍ਹ ਅਤੇ 15 ਦਸੰਬਰ ਨੂੰ ਲੁਧਿਆਣਾ ਵਿੱਚ ਸਮਾਗਮ ਕਰਵਾਉਣ ਦੀ ਯੋਜਨਾ ਹੈ। ਲੁਧਿਆਣਾ ਵਿੱਚ ਸਮਾਗਮ ਵਾਲੀ ਥਾਂ ਹਾਲੇ ਤੈਅ ਨਹੀਂ ਹੋਈ। ਦਿਲਜੀਤ ਨੇ ਆਖ਼ਰੀ ਵਾਰ 14 ਦਸੰਬਰ 2024 ਨੂੰ ਚੰਡੀਗੜ੍ਹ ਦੇ ਸੈਕਟਰ 34 ਦੇ ਪ੍ਰਦਰਸ਼ਨੀ ਮੈਦਾਨ ਵਿੱਚ ਆਪਣੀ ‘ਦਿਲ-ਲੁਮਿਨਾਟੀ’ ਟੂਰ ਤਹਿਤ ਸ਼ੋਅ ਕੀਤਾ ਸੀ।
ਦਿੱਲੀ ਦੇ ਸ਼ੋਅ ਮਗਰੋਂ ਰਿਸ਼ੀਕੇਸ਼ ਪਹੁੰਚੇ ਦਿਲਜੀਤ
ਇਸੇ ਦੌਰਾਨ ਦਿਲਜੀਤ ਦੋਸਾਂਝ ਦਿੱਲੀ ਵਿੱਚ ਆਪਣੇ ਸ਼ੋਅ ਤੋਂ ਬਾਅਦ ਰਿਸ਼ੀਕੇਸ਼ ਪਹੁੰਚੇ। ਉਨ੍ਹਾਂ ਨੇ ਗੰਗਾ ਕੰਢੇ ਸਮਾਂ ਬਿਤਾਇਆ ਅਤੇ ਇਕ ਆਸ਼ਰਮ ਵਿੱਚ ਧਿਆਨ ਲਗਾਇਆ। ਉਨ੍ਹਾਂ ਨੇ ਇਸ ਦੌਰੇ ਦੀਆਂ ਝਲਕੀਆਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਦਿੱਲੀ ਦੇ ਸੰਗੀਤ ਸਮਾਗਮ ਵਿੱਚ ਉਨ੍ਹਾਂ ਨੇ ਸੁਰੱਖਿਆ ਕਰਮੀਆਂ ਦੀ ਵੀ ਸ਼ਲਾਘਾ ਕੀਤੀ ਸੀ। ਉਨ੍ਹਾਂ ਨੇ ਦਰਸ਼ਕਾਂ ਨੂੰ ਸੁਰੱਖਿਆ ਕਰਮੀਆਂ ਲਈ ਤਾੜੀਆਂ ਮਾਰਨ ਦੀ ਅਪੀਲ ਕੀਤੀ ਅਤੇ ਇਕ ਮਹਿਲਾ ਸੀਆਰਪੀਐੱਫ ਅਧਿਕਾਰੀ ਨੂੰ ਮੰਚ ’ਤੇ ਬੁਲਾ ਕੇ ਉਨ੍ਹਾਂ ਨਾਲ ਭਾਵੁਕ ਪਲ ਸਾਂਝਾ ਕੀਤਾ।




















