ਦੂਜੀਆਂ ਰੇਲਗੱਡੀਆਂ ਨਾਲੋਂ 60 ਤੋਂ 96 ਫ਼ੀਸਦੀ ਤੱਕ ਮਹਿੰਗੀ; 16 ਘੰਟੇ 10 ਮਿੰਟ ਵਿੱਚ ਤੈਅ ਕਰੇਗੀ ਸਫ਼ਰ, ਯਾਤਰੀਆਂ ਦੇ ਛੇ ਘੰਟੇ ਬਚਣਗੇ
Vande Bharat Sleeper Fare: ਬੰਗਲੂਰੂ ਅਤੇ ਮੁੰਬਈ ਵਿਚਾਲੇ ਸ਼ੁਰੂ ਹੋਈ ਵੰਦੇ ਭਾਰਤ ਸਲੀਪਰ ਰੇਲਗੱਡੀ ਇਸ ਮਾਰਗ ’ਤੇ ਚਲਦੀ ਸਭ ਤੋਂ ਤੇਜ਼ ਰੇਲਗੱਡੀ ਹੈ। ਇਹ 1100 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਮਹਿਜ਼ 16 ਘੰਟੇ 10 ਮਿੰਟ ਵਿੱਚ ਤੈਅ ਕਰੇਗੀ ਜਿਸ ਨਾਲ ਯਾਤਰੀਆਂ ਦੇ ਲਗਪਗ ਛੇ ਘੰਟੇ ਬਚਣਗੇ। ਹਾਲਾਂਕਿ, ਆਧੁਨਿਕ ਸਹੂਲਤਾਂ ਅਤੇ ਤੇਜ਼ ਰਫ਼ਤਾਰ ਵਾਲੀ ਇਸ ਰੇਲਗੱਡੀ ਦਾ ਕਿਰਾਇਆ ਦੂਜੀਆਂ ਰੇਲਗੱਡੀਆਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ। ਇਸ ਵਿੱਚ ਤੀਜੀ ਸ਼੍ਰੇਣੀ ਏਸੀ ਦਾ ਕਿਰਾਇਆ 2,810 ਰੁਪਏ, ਦੂਜੀ ਸ਼੍ਰੇਣੀ ਏਸੀ ਦਾ 3,630 ਰੁਪਏ ਅਤੇ ਪਹਿਲੀ ਸ਼੍ਰੇਣੀ ਏਸੀ ਦਾ 4,450 ਰੁਪਏ ਰੱਖਿਆ ਗਿਆ ਹੈ।
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਪਹਿਲੀ ਨਵੰਬਰ ਨੂੰ ਇਸ ਰੇਲਗੱਡੀ ਨੂੰ ਹਰੀ ਝੰਡੀ ਦਿਖਾਈ ਸੀ। ਇਸ ਨੇ ਦੋ ਨਵੰਬਰ ਨੂੰ ਮੁੰਬਈ ਤੋਂ ਵਪਾਰਕ ਸੇਵਾ ਸ਼ੁਰੂ ਕਰ ਦਿੱਤੀ ਹੈ। ਰੇਲਵੇ ਅਧਿਕਾਰੀਆਂ ਮੁਤਾਬਕ ਰੇਲਗੱਡੀ ਨੂੰ ਯਾਤਰੀਆਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ ਅਤੇ ਸਾਰੀਆਂ ਸ਼੍ਰੇਣੀਆਂ ਦੀਆਂ ਸੀਟਾਂ ਭਰ ਚੁੱਕੀਆਂ ਹਨ। ਅਗਲੇ ਕੁਝ ਹਫ਼ਤਿਆਂ ਲਈ ਉਡੀਕ ਸੂਚੀ ਵਿੱਚ ਟਿਕਟਾਂ ਮਿਲ ਰਹੀਆਂ ਹਨ।
ਵੰਦੇ ਭਾਰਤ ਸਲੀਪਰ ਦਾ ਤੀਜੀ ਸ਼੍ਰੇਣੀ ਏਸੀ ਦਾ ਕਿਰਾਇਆ ਇਸ ਮਾਰਗ ’ਤੇ ਚੱਲਣ ਵਾਲੀਆਂ ਹੋਰ ਰੇਲਗੱਡੀਆਂ ਨਾਲੋਂ 60 ਤੋਂ 96 ਫ਼ੀਸਦੀ ਤੱਕ ਵੱਧ ਹੈ। ਦੂਜੀ ਸ਼੍ਰੇਣੀ ਏਸੀ ਦਾ ਕਿਰਾਇਆ 65 ਤੋਂ 78 ਫ਼ੀਸਦੀ ਅਤੇ ਪਹਿਲੀ ਸ਼੍ਰੇਣੀ ਏਸੀ ਦਾ 20 ਤੋਂ 30 ਫ਼ੀਸਦੀ ਤੱਕ ਜ਼ਿਆਦਾ ਹੈ।
ਇਸ ਦੇ ਮੁਕਾਬਲੇ ਕੋਇੰਬਟੂਰ-ਮੁੰਬਈ ਐੱਲਟੀਟੀ ਐਕਸਪ੍ਰੈੱਸ ਨੂੰ ਇਹ ਸਫ਼ਰ ਤੈਅ ਕਰਨ ਵਿੱਚ ਲਗਪਗ 21 ਘੰਟੇ 55 ਮਿੰਟ ਲੱਗਦੇ ਹਨ। ਇਸ ਵਿੱਚ ਤੀਜੀ, ਦੂਜੀ ਅਤੇ ਪਹਿਲੀ ਸ਼੍ਰੇਣੀ ਏਸੀ ਦਾ ਕਿਰਾਇਆ ਕ੍ਰਮਵਾਰ 1,435, 2,045 ਅਤੇ 3,425 ਰੁਪਏ ਹੈ। ਅਜਮੇਰ ਐਕਸਪ੍ਰੈੱਸ ਨੂੰ ਇਸੇ ਸਫ਼ਰ ਲਈ ਲਗਪਗ 22 ਘੰਟੇ ਲੱਗਦੇ ਹਨ। ਇਸ ਵਿੱਚ ਤਿੰਨਾਂ ਸ਼੍ਰੇਣੀਆਂ ਦਾ ਕਿਰਾਇਆ ਕ੍ਰਮਵਾਰ 1,510, 2,155 ਅਤੇ 3,610 ਰੁਪਏ ਹੈ। ਪ੍ਰੀਮੀਅਮ ਹਮਸਫ਼ਰ ਐਕਸਪ੍ਰੈੱਸ ਦੇ ਮੁਕਾਬਲੇ ਵੀ ਵੰਦੇ ਭਾਰਤ ਸਲੀਪਰ ਦਾ ਤੀਜੀ ਸ਼੍ਰੇਣੀ ਏਸੀ ਦਾ ਕਿਰਾਇਆ ਲਗਪਗ 63 ਫ਼ੀਸਦੀ ਵੱਧ ਹੈ।
ਹਫ਼ਤੇ ਵਿੱਚ ਛੇ ਦਿਨ ਚੱਲੇਗੀ ਰੇਲਗੱਡੀ
ਰੇਲਵੇ ਮੰਤਰਾਲੇ ਮੁਤਾਬਕ ਇਹ ਰੇਲਗੱਡੀ ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਕਈ ਅਹਿਮ ਸ਼ਹਿਰਾਂ ਨੂੰ ਜੋੜੇਗੀ। ਇਸ ਦੇ ਰਸਤੇ ਵਿੱਚ ਅਨੰਤਪੁਰ, ਗੁੰਟਕਲ, ਰਾਇਚੂਰ, ਯਾਦਗੀਰ, ਵਾਡੀ, ਕਲਬੁਰਗੀ, ਸੋਲਾਪੁਰ, ਪੁਣੇ ਅਤੇ ਕਲਿਆਣ ਸਟੇਸ਼ਨ ਆਉਣਗੇ। ਇਹ ਬੰਗਲੂਰੂ ਦੇ ਐੱਸ ਐੱਮ ਵੀ ਟੀ ਸਟੇਸ਼ਨ ਤੋਂ ਸ਼ਾਮ 7 ਵੱਜ ਕੇ 45 ਮਿੰਟ ’ਤੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 11 ਵੱਜ ਕੇ 55 ਮਿੰਟ ’ਤੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਪਹੁੰਚੇਗੀ। ਵਾਪਸੀ ’ਤੇ ਇਹ ਮੁੰਬਈ ਤੋਂ ਰਾਤ 8 ਵੱਜ ਕੇ 10 ਮਿੰਟ ’ਤੇ ਚੱਲ ਕੇ ਅਗਲੇ ਦਿਨ ਦੁਪਹਿਰ 12 ਵਜੇ ਬੰਗਲੂਰੂ ਪਹੁੰਚੇਗੀ। ਇਹ ਰੇਲਗੱਡੀ ਹਫ਼ਤੇ ਵਿੱਚ ਛੇ ਦਿਨ ਚੱਲੇਗੀ। ਬੰਗਲੂਰੂ ਤੋਂ ਸੋਮਵਾਰ ਅਤੇ ਮੁੰਬਈ ਤੋਂ ਮੰਗਲਵਾਰ ਨੂੰ ਇਸ ਦੀ ਸੇਵਾ ਨਹੀਂ ਹੋਵੇਗੀ।




















