ਅਗਲੇ ਸਾਲ ਲਈ 53.47 ਲੱਖ ਕਰੋੜ ਦਾ ਬਜਟ; ਖੇਤੀ ਅਤੇ ਵਿਕਾਸ ’ਤੇ ਜ਼ੋਰ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਬਜਟ ਚਰਚਾ ਦਾ ਜਵਾਬ ਦਿੰਦਿਆਂ ਦੱਸਿਆ ਕਿ ਵਿੱਤੀ ਸਾਲ 2026-27 ਲਈ ਸਰਕਾਰ ਨੇ 53.47 ਲੱਖ ਕਰੋੜ ਰੁਪਏ ਦੇ ਕੁੱਲ ਖਰਚੇ ਦਾ ਅਨੁਮਾਨ ਰੱਖਿਆ ਹੈ, ਜੋ ਮੌਜੂਦਾ ਸਾਲ ਨਾਲੋਂ 7.7 ਫੀਸਦੀ ਵੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬੁਨਿਆਦੀ ਢਾਂਚੇ ਦੇ ਵਿਕਾਸ (Capex) ਲਈ ਰਿਕਾਰਡ 12.2 ਲੱਖ ਕਰੋੜ ਰੁਪਏ ਖਰਚ ਕਰੇਗੀ, ਜੋ ਦੇਸ਼ ਦੀ ਜੀ.ਡੀ.ਪੀ. (GDP) ਦਾ 4.4 ਫੀਸਦੀ ਹੈ। ਵਿੱਤ ਮੰਤਰੀ ਨੇ ਵਿੱਤੀ ਅਨੁਸ਼ਾਸਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਵਿੱਤੀ ਘਾਟੇ ਨੂੰ ਜੀ.ਡੀ.ਪੀ. ਦੇ 4.3 ਫੀਸਦੀ ਤੱਕ ਸੀਮਤ ਰੱਖਣ ਦਾ ਟੀਚਾ ਹੈ ਅਤੇ ਸਾਲ 2030-31 ਤੱਕ ਕਰਜ਼ੇ ਦੇ ਬੋਝ ਨੂੰ ਹੋਰ ਘਟਾਇਆ ਜਾਵੇਗਾ।
ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਵੱਲੋਂ ਭਾਰਤ-ਅਮਰੀਕਾ ਵਪਾਰ ਸਮਝੌਤੇ ਬਾਰੇ ਲਗਾਏ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਸੀਤਾਰਮਨ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ, ‘ਕੋਈ ਮਾਈ ਦਾ ਲਾਲ ਪੈਦਾ ਨਹੀਂ ਹੋਇਆ ਜੋ ਸਾਡੇ ਦੇਸ਼ ਨੂੰ ਵੇਚ ਸਕੇ ਜਾਂ ਖਰੀਦ ਸਕੇ।’
ਉਨ੍ਹਾਂ ਉਲਟਾ ਕਾਂਗਰਸ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਯੂ.ਪੀ.ਏ. ਸਰਕਾਰ ਨੇ ਵਿਸ਼ਵ ਵਪਾਰ ਸੰਗਠਨ (WTO) ਸਾਹਮਣੇ ਗੋਡੇ ਟੇਕ ਕੇ ਕਿਸਾਨਾਂ ਦੇ ਹਿੱਤ ਵੇਚੇ ਸਨ। ਉਨ੍ਹਾਂ ਖਾਦਾਂ ਦੀ ਕਿੱਲਤ ਦੀਆਂ ਅਫਵਾਹਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਕਿਸਾਨਾਂ ਲਈ 1.71 ਲੱਖ ਕਰੋੜ ਰੁਪਏ ਦੀ ਸਬਸਿਡੀ ਰਾਖਵੀਂ ਰੱਖੀ ਗਈ ਹੈ। ਭਾਸ਼ਣ ਦੌਰਾਨ ਉਨ੍ਹਾਂ ਪੱਛਮੀ ਬੰਗਾਲ ਦੀ ਮਮਤਾ ਸਰਕਾਰ ’ਤੇ ਵੀ ਤਿੱਖੇ ਹਮਲੇ ਕੀਤੇ ਅਤੇ ਉੱਥੋਂ ਦੀ ਅਮਨ-ਕਾਨੂੰਨ ਦੀ ਸਥਿਤੀ ’ਤੇ ਚਿੰਤਾ ਪ੍ਰਗਟਾਈ।




















