Code Of Ethics

Download app

Subscribe To Print Edition

Punjab ਦੇ ਮੁੱਖ ਮੰਤਰੀ ਦੇ ਪੋਸਟਰ ਪਾੜਨ ਦੇ ਮਾਮਲੇ ’ਚ ਨਸ਼ਾ ਵਿਰੋਧੀ ਕਾਰਕੁਨ ਗ੍ਰਿਫ਼ਤਾਰ, ਜੇਲ੍ਹ ਭੇਜਿਆ

ਵਾਰਿਸ ਪੰਜਾਬ ਦੇ’ ਨੇ ਪੁਲੀਸ ਕਾਰਵਾਈ ਦੀ ਕੀਤੀ ਨਿਖੇਧੀ

featured-img

ਮੁੱਖ ਮੰਤਰੀ ਭਗਵੰਤ ਮਾਨ ਦੇ ਪੋਸਟਰ ਪਾੜਨ ਦੇ ਮਾਮਲੇ ਵਿੱਚ ਨਾਭਾ ਸਦਰ ਪੁਲੀਸ ਨੇ ਸ਼ਨਿਚਰਵਾਰ ਦੁਪਹਿਰ ਲੁਬਾਣਾ ਟੇਕੂ ਪਿੰਡ ਦੇ ਨਸ਼ਾ ਵਿਰੋਧੀ ਕਾਰਕੁਨ ਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਹਾਲਾਂਕਿ ਇਸ ਦੇ ਸਬੰਧ ਵਿੱਚ ਸ਼ਾਮ ਕਰੀਬ ਚਾਰ ਵਜੇ ਜਦੋਂ ਵਾਰਿਸ ਪੰਜਾਬ ਦੇ ਨਾਲ ਜੁੜੇ ਲੋਕ ਨਾਭਾ ਸਦਰ ਥਾਣੇ ਦੇ ਬਾਹਰ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਉਦੋਂ ਤੱਕ ਕਰਮਜੀਤ ਸਿੰਘ ਨੂੰ ਜੇਲ੍ਹ ਭੇਜਿਆ ਜਾ ਚੁੱਕਾ ਸੀ।

ਕਰਮਜੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਾਰਿਸ ਪੰਜਾਬ ਦੇ ਦੇ ਵਰਕਰ ਐੱਸ ਜੀ ਪੀ ਸੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਹੇਠ ਨਾਭਾ ਸਦਰ ਥਾਣੇ ਦੇ ਬਾਹਰ ਇਕੱਠੇ ਹੋਏ। ਟੌਹੜਾ ਨੇ ਪੁਲੀਸ ਕਾਰਵਾਈ ਦੀ ਨਿਖੇਧੀ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਰਗਰਮ ਹਨ।

ਕਰਮਜੀਤ ਸਿੰਘ ਦੀ ਕਹਾਣੀ ਵੀ ਬਣੀ ਚਰਚਾ ਦਾ ਵਿਸ਼ਾ

ਕਰਮਜੀਤ ਕਿਸੇ ਸਮੇਂ ਨਸ਼ਿਆਂ ਦੀ ਗ੍ਰਿਫ਼ਤ ਵਿੱਚ ਸੀ। ਉਸ  ਦੇ ਪਿਤਾ ਮਹਾ ਸਿੰਘ ਨੇ ਦੱਸਿਆ ਕਿ ਇੱਕ ਸਮਾਂ ਅਜਿਹਾ ਸੀ ਜਦੋਂ ਪਰਿਵਾਰ ਨੂੰ ਹਰ ਰੋਜ਼ ਇਹ ਡਰ ਰਹਿੰਦਾ ਸੀ ਕਿ ਸ਼ਾਇਦ ਅੱਜ ਉਸ(ਕਰਮਜੀਤ) ਦੀ ਜ਼ਿੰਦਗੀ ਦਾ ਆਖ਼ਰੀ ਦਿਨ ਹੋਵੇਗਾ, ਇਸ ਦੌਰਾਨ ਨਸ਼ਾ ਛੁਡਾਊ ਕੇਂਦਰ ਵੀ ਕੋਈ ਕੰਮ ਨਾ ਆਏ।

ਉਨ੍ਹਾਂ ਦਾ ਕਹਿਣਾ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਪ੍ਰਭਾਵ ਹੇਠ ਆਉਣ ਤੋਂ ਬਾਅਦ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ। ਉਸ ਨੇ ਅਮ੍ਰਿਤਪਾਲ ਸਿੰਘ ਦੀ ਮੁਹਿੰਮ ਦੌਰਾਨ ਅੰਮ੍ਰਿਤ ਛਕਿਆ ਅਤੇ ਨਸ਼ੇ ਸਿਰੇ ਤੋਂ ਤਿਆਗਕੇ ਹੁਣ ਪਿੰਡ ਦੀ ਨਸ਼ਾ ਰੋਕੂ ਕਮੇਟੀ ਦਾ ਪ੍ਰਧਾਨ ਹੈ। ਉਨ੍ਹਾਂ ਦੱਸਿਆ ਕਿ ਕਰਮਜੀਤ ਸਿੰਘ, ਜੋ ਕਿ ਪਹਿਲਾਂ ਹੈਪੀ ਖ਼ਾਨ ਹੁੰਦਾ ਸੀ,  ਜਿੱਥੇ ਨਿੱਤਨੇਮ ਕਰਦਾ ਹੈ, ਉੱਥੇ ਉਸ ਦੀ ਪਤਨੀ ਉਸੇ ਛੱਤ ਹੇਠ ਨਮਾਜ਼ ਅਦਾ ਕਰਦੀ ਹੈ। ਪਰਿਵਾਰ ਅਤੇ ਉਸ ਦੇ ਸਾਥੀਆਂ ਦਾ ਦਾਅਵਾ ਹੈ ਕਿ ਕਰਮਜੀਤ ਸਿੰਘ ਨੇ ਪੁਲੀਸ ਨੂੰ ਕਈ ਨਸ਼ਾ ਤਸਕਰਾਂ ਤੱਕ ਪਹੁੰਚਣ ਵਿੱਚ ਵੀ ਸਹਿਯੋਗ ਦਿੱਤਾ ਹੈ।

ਮਹਾ ਸਿੰਘ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਦਾਦਾ, ਜੋ ਵੰਡ ਦੇ ਸਮੇਂ ਮੂਲ ਰੂਪ ਵਿੱਚ ਮੁਸਲਿਮ ਸਨ, ਨੇ ਉਸ ਦੌਰ ਦੇ ਹਾਲਾਤਾਂ ਦੌਰਾਨ ਸਿੱਖ ਧਰਮ ਅਪਣਾ ਲਿਆ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਕਰਮਜੀਤ ਸਿੰਘ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਰੋਹਟੀ ਪੁਲ ‘ਤੇ ਲਗਾਏ ਗਏ ਧਰਨੇ ਵਿੱਚ ਵੀ ਸ਼ਾਮਲ ਸੀ। ਉਸ ਦਿਨ ਕਈ ਲੋਕਾਂ ਨੇ ਮੁੱਖ ਮੰਤਰੀ ਦੇ ਪੋਸਟਰ ਪਾੜੇ ਸਨ, ਪਰ ਪੁਲੀਸ ਨੇ ਸਿਰਫ਼ ਉਸ ਦੇ ਪੁੱਤਰ ਨੂੰ ਹੀ ਨਿਸ਼ਾਨਾ ਬਣਾਇਆ ਹੈ।

ਉਧਰ ਨਾਭਾ ਸਦਰ ਥਾਣੇ ਦੇ ਐੱਸਐੱਚਓ ਜਸਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਕਰਮਜੀਤ ਸਿੰਘ ਅਤੇ 20 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਰਮਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।

Leave a Comment

Advertisment

You May Like This