ਤਲਵੰਡੀ ਸਾਬੋ ਤੋਂ ਮਨਦੀਪ ਸਿੱਧੂ ਅਤੇ ਮੌੜ ਤੋਂ ਲੱਖਾ ਸਿਧਾਣਾ ਨੂੰ ਸੌਂਪੀ ਜ਼ਿੰਮੇਵਾਰੀ
ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵੱਲੋਂ ਆਗਾਮੀ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਕਰਦਿਆਂ ਹਲਕਾ ਤਲਵੰਡੀ ਸਾਬੋ ਤੋਂ ਦੀਪ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਅਤੇ ਹਲਕਾ ਮੌੜ ਤੋਂ ਲੱਖਾ ਸਿਧਾਣਾ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਹੈ।
ਮੁੱਖ ਦਫ਼ਤਰ ਸਕੱਤਰ ਪ੍ਰਗਟ ਸਿੰਘ ਮੀਆਂਵਿੰਡ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਇਸ ਐਲਾਨ ਨਾਲ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਨੇ ਦੋਵੇਂ ਮਹੱਤਵਪੂਰਨ ਵਿਧਾਨ ਸਭਾ ਹਲਕਿਆਂ ਵਿੱਚ ਆਪਣੀ ਸਿਆਸੀ ਪਕੜ ਹੋਰ ਮਜ਼ਬੂਤ ਕਰਨ ਵੱਲ ਕਦਮ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇਹ ਆਗੂ ਪੰਜਾਬ ਦੇ ਹੱਕਾਂ, ਨੌਜਵਾਨੀ ਦੀ ਆਵਾਜ਼ ਅਤੇ ਪੰਜਾਬ ਦੀ ਹੋਂਦ ਦੀ ਲੜਾਈ ਨੂੰ ਲੋਕਾਂ ਦੀ ਕਚਹਿਰੀ ਤੱਕ ਲੈ ਕੇ ਜਾਣਗੇ।
ਪਾਰਟੀ ਆਗੂਆਂ ਮੁਤਾਬਕ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਰਵਾਇਤੀ ਸਿਆਸਤ ਤੋਂ ਹੱਟ ਕੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ, ਹੱਕਾਂ ਅਤੇ ਭਵਿੱਖ ਨਾਲ ਜੁੜੇ ਮੁੱਦਿਆਂ ਨੂੰ ਕੇਂਦਰ ਵਿੱਚ ਰੱਖ ਕੇ ਚੋਣ ਮੈਦਾਨ ਵਿੱਚ ਉੱਤਰ ਰਿਹਾ ਹੈ।
ਉੱਥੇ ਹੀ ਆਉਣ ਵਾਲੇ ਦਿਨਾਂ ਵਿੱਚ ਪਾਰਟੀ ਵੱਲੋਂ ਹੋਰ ਹਲਕਾ ਇੰਚਾਰਜਾਂ ਦੇ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਪਾਰਟੀ ਨੇ ਦੋਵਾਂ ਆਗੂਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਵਰਕਰਾਂ ਅਤੇ ਸਮਰਥਕਾਂ ਨੂੰ ਚੋਣ ਮੁਹਿੰਮ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਲਈ ਸਰਗਰਮ ਹੋਣ ਦਾ ਸੱਦਾ ਦਿੱਤਾ ਹੈ।




















