ਹਿਮਾਚਲ ਪ੍ਰਦੇਸ਼ ਵਿਚ ਵੀ ਪਵੇਗਾ ਭਾਰੀ ਮੀਂਹ; ਪੰਜਾਬ ਦੇ ਬਠਿੰਡਾ ਵਿਚ ਸਭ ਤੋਂ ਵਧ ਤਾਪਮਾਨ 36.4 ਡਿਗਰੀ ਸੈਲਸੀਅਸ ਦਰਜ
Punjab Heavy Rain Alert: ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਮੌਨਸੂਨ ਦੇ ਕਮਜ਼ੋਰ ਰਹਿਣ ਤੋਂ ਬਾਅਦ ਮੌਸਮ ਵਿਭਾਗ ਨੇ ਅੱਜ ਦੱਸਿਆ ਕਿ 14 ਤੋਂ 15 ਸਤੰਬਰ ਦੌਰਾਨ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਉਮੀਦ ਹੈ। ਭਾਰਤੀ ਮੌਸਮ ਵਿਭਾਗ (ਆਈ ਐੱਮ ਡੀ) ਵੱਲੋਂ 9 ਸਤੰਬਰ ਨੂੰ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਅਤੇ ਹਰਿਆਣਾ ਵਿੱਚ ਮੌਨਸੂਨ ਦੀ ਸਰਗਰਮੀ ਕਮਜ਼ੋਰ ਰਹੀ ਹੈ ਅਤੇ ਦੋਵਾਂ ਰਾਜਾਂ ਵਿੱਚ ਵੱਖ-ਵੱਖ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਦਰਜ ਕੀਤੀ ਗਈ ਹੈ। ਦੋਵਾਂ ਰਾਜਾਂ ਵਿੱਚ ਦਿਨ ਦਾ ਤਾਪਮਾਨ ਆਮ ਵਾਂਗ ਰਿਹਾ ਜਦੋਂ ਕਿ ਪੰਜਾਬ ਵਿੱਚ ਰਾਤ ਦਾ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ। ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਬਠਿੰਡਾ ਵਿਚ 36.4 ਡਿਗਰੀ ਸੈਲਸੀਅਸ ਅਤੇ ਸਭ ਤੋਂ ਘੱਟ ਘੱਟੋ-ਘੱਟ ਤਾਪਮਾਨ ਆਦਮਪੁਰ ਵਿਖੇ 23.2 ਡਿਗਰੀ ਸੈਲਸੀਅਸ ਰਿਹਾ। ਹਰਿਆਣਾ ਵਿੱਚ ਸਭ ਤੋਂ ਵੱਧ ਤਾਪਮਾਨ ਭਿਵਾਨੀ ਵਿਚ 36.5 ਡਿਗਰੀ ਸੈਲਸੀਅਸ ਅਤੇ ਸਭ ਤੋਂ ਘੱਟ ਤਾਪਮਾਨ ਨਾਰਨੌਲ ਵਿਚ 22 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੰਜਾਬ ਵਿਚ ਪਹਿਲੀ ਜੂਨ ਤੋਂ ਹੁਣ ਤਕ 35 ਫੀਸਦੀ ਮੀਂਹ ਘੱਟ ਪਏ
ਇਸ ਸਾਲ ਦੋਵਾਂ ਰਾਜਾਂ ਵਿੱਚ ਮੌਨਸੂਨ ਸਰਗਰਮ ਨਹੀਂ ਰਿਹਾ ਜਿਸ ਵਿੱਚ 1 ਜੂਨ ਤੋਂ ਲੈ ਕੇ ਹੁਣ ਤੱਕ ਪੰਜਾਬ ਵਿੱਚ 35 ਫ਼ੀਸਦੀ ਅਤੇ ਹਰਿਆਣਾ ਵਿੱਚ 23 ਫ਼ੀਸਦੀ ਘੱਟ ਮੀਂਹ ਪਏ। ਸਤੰਬਰ ਦੇ ਮਹੀਨੇ ਵਿੱਚ ਹੁਣ ਤੱਕ ਬਾਰਸ਼ ਪੰਜਾਬ ਵਿੱਚ 63 ਫ਼ੀਸਦੀ ਅਤੇ ਹਰਿਆਣਾ ਵਿੱਚ 45 ਫ਼ੀਸਦੀ ਘੱਟ ਰਹੀ ਹੈ। ਅਗਸਤ ਮਹੀਨੇ ਦੌਰਾਨ ਪੰਜਾਬ ਵਿੱਚ ਪਠਾਨਕੋਟ ਅਤੇ ਰੂਪਨਗਰ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਬਾਰਸ਼ ਲੰਬੇ ਸਮੇਂ ਦੀ ਔਸਤ (ਐੱਲ ਪੀ ਏ) ਤੋਂ ਹੇਠਾਂ ਰਹੀ ਹੈ। ਹਰਿਆਣਾ ਵਿੱਚ ਅਗਸਤ ਦੀ ਬਾਰਸ਼ ਸਿਰਫ਼ ਗੁਰੂਗ੍ਰਾਮ, ਪੰਚਕੂਲਾ, ਨੂਹ ਅਤੇ ਪਲਵਲ ਜ਼ਿਲ੍ਹਿਆਂ ਵਿੱਚ ਹੀ ਐੱਲ ਪੀ ਏ ਤੋਂ ਵੱਧ ਰਹੀ ਹੈ। ਆਈ ਐੱਮ ਡੀ ਅਨੁਸਾਰ ਉੱਤਰੀ ਹਰਿਆਣਾ ਅਤੇ ਇਸ ਦੇ ਆਸ-ਪਾਸ ਹੇਠਲੇ ਪੱਧਰ ‘ਤੇ ਉਪਰਲੇ ਹਵਾ ਦਾ ਚੱਕਰਵਾਤੀ ਚੱਕਰ ਬਣਿਆ ਹੋਇਆ ਹੈ ਅਤੇ ਉੱਤਰ-ਪੱਛਮੀ ਉੱਤਰ ਪ੍ਰਦੇਸ਼ ਦੇ ਮੱਧ ਪੱਧਰ ‘ਤੇ ਇੱਕ ਪੱਛਮੀ ਗੜਬੜੀ ਸਰਗਰਮ ਹੈ। ਇਨ੍ਹਾਂ ਪ੍ਰਣਾਲੀਆਂ ਦੇ ਪ੍ਰਭਾਵ ਹੇਠ 15 ਸਤੰਬਰ ਤੱਕ ਜੰਮੂ ਅਤੇ ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਵਿੱਚ ਕੁਝ ਥਾਵਾਂ ’ਤੇ ਬਾਰਸ਼ ਹੋਣ ਦੀ ਸੰਭਾਵਨਾ ਹੈ। ਆਈ ਐੱਮ ਡੀ ਨੇ ਇਹ ਵੀ ਦੱਸਿਆ ਕਿ 14 ਤੋਂ 15 ਸਤੰਬਰ ਦੌਰਾਨ ਹਿਮਾਚਲ ਪ੍ਰਦੇਸ਼ ਵਿੱਚ ਸਾਰੇ ਪਾਸੇ ਭਰਵਾਂ ਮੀਂਹ ਪੈਣ ਦੀ ਉਮੀਦ ਹੈ।




















