ਅਕਤੂਬਰ ਮਹੀਨੇ ’ਚ ਦੋ ਵਾਰ ਅਸਫਲ ਰਹਿਣ ਮਗਰੋਂ 3 ਨਵੰਬਰ ਨੂੰ ਪਟੜੀਆਂ ’ਤੇ ਕੀਤਾ ਸੀ ਵਿਸਫੋਟ
ਬੀਤੀ 3 ਨਵੰਬਰ ਨੂੰ ਰਾਜਸਥਾਨ ਦੇ ਸ੍ਰੀ ਗੰਗਾਨਗਰ ਰੇਲ ਟਰੈਕ ਧਮਾਕੇ ਦੇ ਮਾਮਲੇ ਵਿੱਚ ਪਾਕਿਸਤਾਨੀ ਕਨੈਕਸ਼ਨ ਸਾਹਮਣੇ ਆਇਆ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਅਨੁਸਾਰ, ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿੱਚ 3 ਨਵੰਬਰ ਨੂੰ ਹੋਇਆ ਰੇਲ ਟਰੈਕ ਧਮਾਕਾ ਪਾਕਿਸਤਾਨ ਦੇ ਇਸ਼ਾਰੇ ’ਤੇ ਕੀਤਾ ਗਿਆ ਸੀ ਅਤੇ ਰਾਜਸਥਾਨ ਪੁਲੀਸ ਮੁਲਜ਼ਮਾਂ ਦੀ ਪਛਾਣ ਕਰ ਚੁੱਕੀ ਹੈ।
ਇਸ ਮਾਮਲੇ ਵਿੱਚ, ਰਾਜਸਥਾਨ ਪੁਲੀਸ ਨੇ ਗੁਰਦਾਸਪੁਰ ਪੁਲੀਸ ਦੀ ਸਹਾਇਤਾ ਨਾਲ ਗੁਰਦਾਸਪੁਰ ਦੇ ਸਰਹੱਦੀ ਖੇਤਰ ਕਲਾਨੌਰ ਦੇ ਪਿੰਡ ਚੌੜਾ ਕਲਾਂ ਤੋਂ ਇੱਕ ਨੌਜਵਾਨ ਦਵਿੰਦਰ ਸਿੰਘ (22) ਅਤੇ ਦੋਸਤਪੁਰ ਪਿੰਡ ਦੀ ਇੱਕ ਲੜਕੀ ਮਹਿਕਪ੍ਰੀਤ ਕੌਰ (21) ਨੂੰ ਹਿਰਾਸਤ ਵਿੱਚ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਸ਼ੱਕੀ ਸ੍ਰੀ ਗੰਗਾਨਗਰ ਰੇਲ ਟਰੈਕ ਧਮਾਕੇ ਵਿੱਚ ਸ਼ਾਮਲ ਹਨ।
ਮਹਿਕਦੀਪ ਕੌਰ ਦੀ ਮਾਂ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੀ ਧੀ ਉਸ ਦੇ ਕਾਬੂ ਤੋਂ ਬਾਹਰ ਸੀ। ਉਸ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ, ਪਰ ਵਿਆਹ ਦੇ ਛੇ ਮਹੀਨਿਆਂ ਬਾਅਦ, ਉਸ ਨੇ ਮੁੰਡੇ ਨੂੰ ਤਲਾਕ ਦੇ ਦਿੱਤਾ। ਉਹ ਪਰਿਵਾਰ ਦੀ ਕੋਈ ਵੀ ਗੱਲ ਸੁਣਨ ਲਈ ਤਿਆਰ ਨਹੀਂ ਸੀ। ਮਹਿਕਦੀਪ ਦੀ ਮਾਂ ਨੇ ਦੱਸਿਆ ਕਿ ਧਮਾਕੇ ਤੋਂ ਦੋ ਦਿਨ ਪਹਿਲਾਂ, ਉਸ ਦੀ ਧੀ ਇੱਕ ਦੋਸਤ ਨੂੰ ਮਿਲਣ ਦੇ ਬਹਾਨੇ ਘਰੋਂ ਚਲੀ ਗਈ ਸੀ। ਉਹ ਧਮਾਕੇ ਤੋਂ ਚਾਰ ਜਾਂ ਪੰਜ ਦਿਨ ਬਾਅਦ ਘਰ ਵਾਪਸ ਆਈ ਅਤੇ ਆਪਣੇ ਕਮਰੇ ਵਿੱਚ ਜਾ ਕੇ ਕਿਸੇ ਨਾਲ ਫ਼ੋਨ ’ਤੇ ਗੱਲ ਕਰ ਰਹੀ ਸੀ। ਉਸ ਦੀ ਮਾਂ ਕਹਿੰਦੀ ਹੈ ਕਿ ਉਸ ਨੂੰ ਨਹੀਂ ਪਤਾ ਕਿ ਉਹ ਧਮਾਕੇ ਵਿੱਚ ਸ਼ਾਮਲ ਸੀ ਜਾਂ ਨਹੀਂ।
ਜਾਣਕਾਰੀ ਅਨੁਸਾਰ ਰਾਜਸਥਾਨ ਪੁਲੀਸ ਨੇ ਮਹਿਕਦੀਪ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ 30,000 ਰੁਪਏ ਨਕਦ ਬਰਾਮਦ ਕੀਤੇ। ਦੂਸਰੇ ਪਾਸੇ ਦਵਿੰਦਰ ਸਿੰਘ ਦੇ ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਪਹਿਲਾਂ ਮਹਿਕਦੀਪ ਕੌਰ ਨੇ ਪਿਆਰ ਵਿੱਚ ਫਸਾਇਆ ਅਤੇ ਬਾਅਦ ਵਿੱਚ ਬੰਬ ਧਮਾਕੇ ਵਿੱਚ ਫਸਾਇਆ। ਉਨ੍ਹਾਂ ਦਾ ਪੁੱਤਰ ਪੂਰੀ ਤਰ੍ਹਾਂ ਬੇਕਸੂਰ ਹੈ। ਉਸ ਰਾਤ ਵੀ ਦਵਿੰਦਰ ਝੋਨੇ ਦੀ ਫਸਲ ਦੀ ਪੇਮੈਂਟ ਲੈਣ ਲਈ ਅਨਾਜ ਮੰਡੀ ਗਿਆ ਸੀ ਅਤੇ ਮਹਿਕਦੀਪ ਨੇ ਉਸ ਨੂੰ ਪੁਲੀਸ ਕੋਲ ਗ੍ਰਿਫ਼ਤਾਰ ਕਰਵਾ ਦਿੱਤਾ।
ਰਾਜਸਥਾਨ ਪੁਲੀਸ ਦੇ ਅਨੁਸਾਰ ਮਹਿਕਦੀਪ ਕੌਰ ਦੇ ਸਾਬਕਾ ਪਤੀ ਕਰਮਵੀਰ ਸਿੰਘ ਨੂੰ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਦੋਂ ਤੋਂ, ਮਹਿਕਦੀਪ ਕੌਰ ਕਥਿਤ ਤੌਰ ’ਤੇ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ ਵਿੱਚ ਹੈ। ਇਹ ਵੀ ਸਾਹਮਣੇ ਆਇਆ ਹੈ ਕਿ 6 ਅਕਤੂਬਰ ਨੂੰ, ਪਾਕਿਸਤਾਨੀ ਹੈਂਡਲਰਾਂ ਦੇ ਇਸ਼ਾਰੇ ’ਤੇ, ਰਾਮਸਿੰਘਪੁਰ ਪੁਲੀਸ ਸਟੇਸ਼ਨ ਦੇ ਨੇੜੇ ਰੇਲਵੇ ਪਟੜੀਆਂ ਨੂੰ ਵਿਸਫੋਟਕ ਲਗਾ ਕੇ ਉਡਾਉਣ ਦੀ ਯੋਜਨਾ ਬਣਾਈ ਗਈ ਸੀ। ਹਾਲਾਂਕਿ, ਪਾਕਿਸਤਾਨ ਤੋਂ ਬੰਬ ਨਾ ਮਿਲਣ ਕਾਰਨ ਧਮਾਕਾ ਅਸਫਲ ਰਿਹਾ। ਬੀਤੀ 12 ਅਤੇ 13 ਅਕਤੂਬਰ ਨੂੰ, ਮੁਲਜ਼ਮਾਂ ਨੇ ਪਾਕਿਸਤਾਨੀ ਹੈਂਡਲਰਾਂ ਵੱਲੋਂ ਦਿੱਤਾ ਗਿਆ ਇੱਕ ਬੰਬ ਟਾਈਮਰ ਪਟੜੀਆਂ ’ਤੇ ਲਗਾਇਆ, ਪਰ ਧਮਾਕਾ ਅਸਫਲ ਰਿਹਾ। ਫਿਰ ਉਨ੍ਹਾਂ ਨੇ ਇੱਕ ਹੋਰ ਬੰਬ ਲਗਾਇਆ ਅਤੇ 3 ਨਵੰਬਰ ਨੂੰ ਧਮਾਕਾ ਕੀਤਾ।




















