ਆਈ ਆਰ ਸੀ ਟੀ ਸੀ ਦੀ ਤਤਕਾਲ ਟਿਕਟਾਂ ਬੁੱਕ ਕਰਨ ਸਮੇਂ ਸਭ ਤੋਂ ਵੱਧ ਸਮੱਸਿਆ ਆਈ; ਤਿਉਹਾਰਾਂ ਦੇ ਦਿਨਾਂ ਵਿਚ ਆਉਂਦੀ ਰਹਿੰਦੀ ਹੈ ਸਮੱਸਿਆ
IRCTC Ticket Booking: ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈਆਰਸੀਟੀਸੀ) ਦੀ ਵੈੱਬਸਾਈਟ ਅਤੇ ਐਪ ਰਾਹੀਂ ਰੇਲ ਗੱਡੀਆਂ ਦੀਆਂ ਟਿਕਟਾਂ ਬੁੱਕ ਕਰਨ ਵਿੱਚ ਯਾਤਰੀਆਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟਿਕਟ ਬੁੱਕ ਕਰਨ ਸਮੇਂ ਕਈ ਵਰਤੋਂਕਾਰਾਂ ਨੂੰ ‘ਹਾਈ ਲੋਡ’ ਦਾ ਸੁਨੇਹਾ ਦਿਖਾਈ ਦੇ ਰਿਹਾ ਹੈ। ਇਸ ਕਾਰਨ ਟਿਕਟ ਬੁੱਕ ਕਰਨ ਦੀ ਪ੍ਰਕਿਰਿਆ ਵਿਚਾਲੇ ਹੀ ਰੁਕ ਰਹੀ ਹੈ।
ਸਭ ਤੋਂ ਵੱਧ ਪ੍ਰੇਸ਼ਾਨੀ ਤਤਕਾਲ ਟਿਕਟਾਂ ਦੀ ਬੁਕਿੰਗ ਦੌਰਾਨ ਆਈ। ਕਈ ਵਰਤੋਂਕਾਰਾਂ ਲਈ ਵੈੱਬਸਾਈਟ ਦਾ ਪੰਨਾ ਖੁੱਲ੍ਹਣਾ ਵੀ ਮੁਸ਼ਕਲ ਹੋ ਗਿਆ ਜਾਂ ਇਸ ਨੂੰ ਖੁੱਲ੍ਹਣ ਵਿੱਚ ਕਾਫ਼ੀ ਸਮਾਂ ਲੱਗਿਆ। ਯੂਜ਼ਰ ਆਈਡੀ ਅਤੇ ਪਾਸਵਰਡ ਪਾਉਣ ਮਗਰੋਂ ਲੌਗਇਨ ਕਰਨ ਵਿੱਚ ਵੀ ਸਮੱਸਿਆ ਆਈ। ਕਈ ਯਾਤਰੀਆਂ ਨੇ ਸ਼ਿਕਾਇਤ ਕੀਤੀ ਕਿ ਰੇਲ ਗੱਡੀ ਚੁਣਨ ਅਤੇ ਯਾਤਰੀਆਂ ਦੇ ਵੇਰਵੇ ਭਰਨ ਤੋਂ ਬਾਅਦ ਵੀ ਬੁਕਿੰਗ ਦੀ ਪ੍ਰਕਿਰਿਆ ਅੱਗੇ ਨਹੀਂ ਵਧੀ। ਕੁਝ ਲੋਕਾਂ ਦੇ ਖਾਤਿਆਂ ਵਿੱਚੋਂ ਪੈਸੇ ਕੱਟੇ ਗਏ ਪਰ ਟਿਕਟ ਪੱਕੀ ਹੋਣ ਦਾ ਸੁਨੇਹਾ ਤੁਰੰਤ ਨਹੀਂ ਮਿਲਿਆ।
ਵੈੱਬਸਾਈਟ ਨਾ ਚੱਲਣ ’ਤੇ ਇਨ੍ਹਾਂ ਨੰਬਰਾਂ ’ਤੇ ਕਰੋ ਸੰਪਰਕ
ਆਈਆਰਸੀਟੀਸੀ ਦੀ ਵੈੱਬਸਾਈਟ ਜਾਂ ਐਪ ਕੰਮ ਨਾ ਕਰਨ ਦੀ ਸੂਰਤ ਵਿੱਚ ਯਾਤਰੀ ਗਾਹਕ ਸੇਵਾ ਨੰਬਰ 14646, 08044647999 ਅਤੇ 08035734999 ’ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ etickets\@irctc.co.in ’ਤੇ ਈਮੇਲ ਭੇਜ ਕੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਜੇ ਯਾਤਰਾ ਲਈ ਟਿਕਟ ਤੁਰੰਤ ਲੋੜੀਂਦੀ ਹੋਵੇ ਤਾਂ ਰੇਲਵੇ ਸਟੇਸ਼ਨ ਦੇ ਟਿਕਟ ਕਾਊਂਟਰ ਤੋਂ ਵੀ ਬੁਕਿੰਗ ਕਰਵਾਈ ਜਾ ਸਕਦੀ ਹੈ।
ਪੈਸੇ ਕੱਟਣ ਮਗਰੋਂ ਟਿਕਟ ਨਾ ਬਣੇ ਤਾਂ ਕੀ ਕਰੀਏ
ਜੇ ਖਾਤੇ ਵਿੱਚੋਂ ਪੈਸੇ ਕੱਟੇ ਜਾਣ ਪਰ ਟਿਕਟ ਨਾ ਅਪਲੋਡ ਹੋਵੇ ਤਾਂ ਤੁਰੰਤ ਦੁਬਾਰਾ ਬੁਕਿੰਗ ਨਹੀਂ ਕਰਨੀ ਚਾਹੀਦੀ। ਪਹਿਲਾਂ ਆਈਆਰਸੀਟੀਸੀ ਦੇ ‘ਮਾਈ ਟਰਾਂਜ਼ੈਕਸ਼ਨਜ਼’ ਜਾਂ ‘ਬੁੱਕਡ ਟਿਕਟ ਹਿਸਟਰੀ’ ਵਿੱਚ ਜਾ ਕੇ ਟਿਕਟ ਦਾ ਦਰਜਾ ਜਾਂਚਣਾ ਚਾਹੀਦਾ ਹੈ। ਜੇ ਗੂਗਲ ਕਰੋਮ ਰਾਹੀਂ ਵੈੱਬਸਾਈਟ ਨਹੀਂ ਚੱਲ ਰਹੀ ਤਾਂ ਮੋਜ਼ਿਲਾ ਜਾਂ ਪ੍ਰਾਈਵੇਟ ਬ੍ਰਾਊਜ਼ਿੰਗ ਰਾਹੀਂ ਕੋਸ਼ਿਸ਼ ਕੀਤੀ ਜਾ ਸਕਦੀ ਹੈ।
ਆਈਆਰਸੀਟੀਸੀ ਮੁਤਾਬਕ ਜੇ ਪੈਸੇ ਕੱਟਣ ਦੇ ਬਾਵਜੂਦ ਟਿਕਟ ਨਹੀਂ ਮਿਲਦੀ ਤਾਂ ਰਕਮ ਆਮ ਤੌਰ ’ਤੇ ਤਿੰਨ ਤੋਂ ਪੰਜ ਕੰਮਕਾਜੀ ਦਿਨਾਂ ਅੰਦਰ ਉਸੇ ਬੈਂਕ ਖਾਤੇ ਵਿੱਚ ਵਾਪਸ ਆ ਜਾਂਦੀ ਹੈ।
ਤਤਕਾਲ ਬੁਕਿੰਗ ਵੇਲੇ ਵਧ ਜਾਂਦਾ ਹੈ ਸਰਵਰ ’ਤੇ ਬੋਝ
ਆਈਆਰਸੀਟੀਸੀ ਰੇਲ ਮੰਤਰਾਲੇ ਅਧੀਨ ਸਰਕਾਰੀ ਕੰਪਨੀ ਹੈ, ਜੋ ਆਨਲਾਈਨ ਟਿਕਟ ਬੁਕਿੰਗ, ਖਾਣ-ਪੀਣ ਅਤੇ ਸੈਰ-ਸਪਾਟੇ ਦੀਆਂ ਸੇਵਾਵਾਂ ਸੰਭਾਲਦੀ ਹੈ। ਤਤਕਾਲ ਬੁਕਿੰਗ ਸਵੇਰੇ 10 ਅਤੇ 11 ਵਜੇ ਸ਼ੁਰੂ ਹੋਣ ਸਮੇਂ ਜਾਂ ਤਿਉਹਾਰਾਂ ਦੇ ਸੀਜ਼ਨ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਵੈੱਬਸਾਈਟ ’ਤੇ ਆਉਂਦੇ ਹਨ। ਇਸ ਕਾਰਨ ਸਰਵਰ ’ਤੇ ਬੋਝ ਵਧ ਜਾਂਦਾ ਹੈ ਅਤੇ ਵੈੱਬਸਾਈਟ ਹੌਲੀ ਚੱਲਣ ਜਾਂ ਲੌਗਇਨ ਵਿੱਚ ਦਿੱਕਤ ਆਉਣ ਲੱਗਦੀ ਹੈ।





















