ਦਿੱਲੀ ਗੁਰਦੁਆਰਾ ਕਮੇਟੀ ਨੇ ਸੀ ਈ ਸੀ ਵਿਰੋਧੀ ਪ੍ਰਦਰਸ਼ਨਾਂ ਦੌਰਾਨ ‘ਗੁਮਰਾਹਕੁਨ’ ਵੀਡੀਓਜ਼ ਸਰਕੁਲੇਟ ਕਰਨ ਦਾ ਦੋਸ਼ ਲਾਇਆ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਗਲਾ ਸਾਹਿਬ ਗੁਰਦੁਆਰੇ ਵਿਚ ਕਥਿਤ ਅੜਿੱਕਾ ਡਾਹੁਣ ਅਤੇ ਸੀ ਈ ਸੀ ਵਿਰੋਧੀ ਪ੍ਰਦਰਸ਼ਨਾਂ ਦੌਰਾਨ ‘ਗੁਮਰਾਹਕੁਨ’ ਵੀਡੀਓਜ਼ ਸਰਕੁਲੇਟ ਕਰਨ ਦੇ ਮਾਮਲੇ ਵਿੱਚ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਸਣੇ ‘ਆਪ’ ਆਗੂਆਂ ਖਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕੀਤੀ ਹੈ। ਸ਼ਨਿੱਚਰਵਾਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਰੋਸ ਪ੍ਰਦਰਸ਼ਨ ਦੌਰਾਨ ਜੰਤਰ ਮੰਤਰ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਵੱਡੀ ਗਿਣਤੀ ਵਿਖਾਵਾਕਾਰੀ ਬੰਗਲਾ ਸਾਹਿਬ ਗੁਰਦੁਆਰੇ ਦੇ ਅਹਾਤੇ ਵਿੱਚ ਇਕੱਠੇ ਹੋਏ ਸਨ। ਪੁਲੀਸ ਨੇ ਹਾਲਾਂਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਕਾਮ ਕਰ ਦਿੱਤੀਆਂ ਤੇ ਹਿਰਾਸਤ ਵਿੱਚ ਲੈ ਲਿਆ। ਕਮੇਟੀ ਨੇ ਦਾਅਵਾ ਕੀਤਾ ਕਿ ਦਿੱਲੀ ਪੁਲੀਸ ਨੇ ਗੁਰਦੁਆਰਾ ਅਹਾਤੇ ਵਿੱਚ ਕਿਸੇ ਤਰ੍ਹਾਂ ਦੀ ਮਰਿਆਦਾ ਨਹੀਂ ਉਲੰਘੀ।
ਦਿੱਲੀ ਗੁਰਦੁਆਰਾ ਕਮੇਟੀ ਦੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਕਿ ‘ਆਪ’ ਨਾਲ ਜੁੜੇ ਵਰਕਰਾਂ ਅਤੇ ਹਮਾਇਤੀਆਂ ਨੇ ਗੁਰਦੁਆਰਾ ਸਾਹਿਬ ਦੇ ਅਹਾਤੇ ਵਿੱਚ ਦਾਖਲ ਹੋ ਕੇ ਰੋਸ ਪ੍ਰਦਰਸ਼ਨ ਕੀਤਾ, ਜਿਸ ਨਾਲ ਅਫ਼ਰਾ ਤਫ਼ਰੀ ਅਤੇ ਅਸ਼ਾਂਤੀ ਦਾ ਮਾਹੌਲ ਬਣਿਆ। ਕਮੇਟੀ ਅਨਸਾਰ ‘ਆਪ’ ਆਗੂਆਂ ਨੇ ਸਿਆਸੀ ਸਰਗਰਮੀ ਲਈ ‘ਗੁਰੂ ਘਰ’ ਦੀ ਪਵਿੱਤਰਤਾ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕੀਤੀ। ਸ਼ਿਕਾਇਤ ਮੁਤਾਬਕ, ‘‘ਪ੍ਰਦਰਸ਼ਨਕਾਰੀਆਂ ਨੇ ਗੁਰਦੁਆਰੇ ਦੇ ਅਹਾਤੇ ਵਿੱਚ ਸਿਆਸੀ ਨਾਅਰੇ ਲਾਏ ਅਤੇ ਗੁਰੂ ਘਰ ਦੀ ਮਰਿਆਦਾ ਤੇ ਪਵਿੱਤਰਤਾ ਦੀ ਉਲੰਘਣੀ ਕੀਤੀ ਅਤੇ ਧਾਰਮਿਕ ਮਾਹੌਲ ਵਿਗਾੜਿਆ। ਇਸ ਨਾਲ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਸੱੱਟ ਲੱਗੀ।’’ ਕਮੇਟੀ ਦੇ ਅਹੁਦੇਦਾਰਾਂ, ਜਿਨ੍ਹਾਂ ਵਿੱਚ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੀ ਮੌਜੂਦ ਸਨ, ਨੇ ਡੀ ਸੀ ਪੀ ਦਫ਼ਤਰ ਜਾ ਕੇ ਸ਼ਿਕਾਇਤ ਦਿੱਤੀ ਤੇ ਗੁਰਦੁਆਰਾ ਬੰਗਲਾ ਸਾਹਿਬ ਦੇ ਅਹਾਤੇ ਵਿੱਚ ਪ੍ਰਦਰਸ਼ਨਕਾਰੀਆਂ ਦੀ ਮੌਜੂਦਗੀ ਵਾਲੀ ਵੀਡੀਓਜ਼ ਵੀ ਨਾਲ ਨੱਥੀ ਕੀਤੀਆਂ। ਕਮੇਟੀ ਨੇ ਮੰਗ ਕੀਤੀ ਕਿ ਵੀਡੀਓਜ਼ ਤੋਂ ਸਬੰਧਤ ਲੋਕਾਂ ਦੀ ਪਛਾਣ ਕਰ ਕੇ ਉਨ੍ਹਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪ੍ਰਧਾਨ ਕਾਲਕਾ ਨੇ ਕਿਹਾ ਕਿ ਸੰਗਤ ਗੁਰੂ ਘਰ ਵਿਚ ਆ ਕੇ ਮੱਥਾ ਟੇਕ ਸਕਦੀ ਹੈ, ਲੰਗਰ ਛਕ ਸਕਦੀ ਹੈ ਤੇ ਆਪਣੀ ਸ਼ਰਧਾ ਭੇਟ ਕਰ ਸਕਦੀ ਹੈ ਪਰ ਨਾਅਰੇਬਾਜ਼ੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਗਿਣੀ ਮਿਥੀ ਸਾਜ਼ਿਸ਼ ਤਹਿਤ ਨਾਅਰੇਬਾਜ਼ੀ ਕਰਵਾਈ ਗਈ ਤੇ ਫਿਰ ਸੋਸ਼ਲ ਮੀਡੀਆ ’ਤੇ ਵੀਡੀਓ ਸਰਕੁਲੇਟ ਕਰ ਕੇ ਇਸ ਮਾਮਲੇ ਵਿਚ ਪੁਲੀਸ ਵੱਲੋਂ ਕਾਰਵਾਈ ਕਰਨ ਬਾਰੇ ਕੂੜ ਪ੍ਰਚਾਰ ਕੀਤਾ ਗਿਆ। ਪੁਲੀਸ ਮੁਲਾਜ਼ਮ ਅਸ਼ੋਕਾ ਰੋਡ ਵੱਲੋਂ ਗੁਰੂ ਘਰ ਵਿਚ ਦਾਖ਼ਲ ਹੋਏ ਤੇ ਉਨ੍ਹਾਂ ਨੇ ਸਿਰਫ਼ ਵਿਖਾਵਾਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਤੇ ਕੋਈ ਵੀ ਪੁਲੀਸ ਮੁਲਾਜ਼ਮ ਗੁਰਦੁਆਰਾ ਬੰਗਲਾ ਸਾਹਿਬ ਦੇ ਦਰਬਾਰ ਹਾਲ ਦੀਆਂ ਪੌੜੀਆਂ ਵੱਲ ਨਹੀਂ ਗਿਆ। ਪੁਲੀਸ ਮੁਲਾਜ਼ਮ ਅਸ਼ੋਕਾ ਰੋਡ ਤੋਂ ਗੁਰਦੁਆਰਾ ਕੰਪਲੈਕਸ ਵਿਚ ਦਾਖਲ ਹੋਏ ਤੇ ਮਗਰੋਂ ਦੂਜੇ ਗੇਟ ਤੋਂ ਪੁਲੀਸ ਹੈੱਡਕੁਆਰਟਰ ਵੱਲ ਬਾਹਰ ਨਿਕਲ ਗਏ। ਉਨ੍ਹਾਂ ਨੇ ਮਰਿਆਦਾ ਦੀ ਉਲੰਘਣਾ ਨਹੀਂ ਕੀਤੀ।





















