24 ਘੰਟਿਆਂ ਦੀ ਦਿੱਤੀ ਮਿਆਦ; ਸੌਰਭ ਦਾਸ ਅਤੇ ਆਸ਼ੂਤੋਸ਼ ਰਾਂਕਾ ਪਹੁੰਚੇ ਪਾਰਲੀਮੈਂਟ ਪੁਲੀਸ ਸਟੇਸ਼ਨ
ਕੌਕਰੋਚ ਜਨਤਾ ਪਾਰਟੀ (CJP) ਦੇ ਕਾਰਕੁਨਾਂ ਨੇ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਪਾਰਲੀਮੈਂਟ ਸਟ੍ਰੀਟ ਪੁਲੀਸ ਸਟੇਸ਼ਨ ਪਹੁੰਚ ਕੇ ਦਿੱਲੀ ਪੁਲੀਸ ਤੋਂ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰਨ ਲਈ ਤਾਰੀਖ ਅਤੇ ਸਮਾਂ ਮੰਗਿਆ। ਸੀ ਜੇ ਪੀ ਆਗੂਆਂ ਨੇ ਅਧਿਕਾਰੀਆਂ ਨੂੰ ਜਵਾਬ ਦੇਣ ਲਈ 24 ਘੰਟਿਆਂ ਦਾ ਸਮਾਂ ਦਿੱਤਾ।
ਪੁਲੀਸ ਸਟੇਸ਼ਨ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਸੀ ਜੇ ਪੀ ਦੇ ਮੁੱਖ ਬੁਲਾਰੇ ਸੌਰਭ ਦਾਸ ਨੇ ਕਿਹਾ ਕਿ ਪਾਰਟੀ ਇਹ ਫੈਸਲਾ ਪੁਲੀਸ ‘ਤੇ ਛੱਡ ਰਹੀ ਹੈ ਕਿ ਪ੍ਰਦਰਸ਼ਨ ਕਦੋਂ ਕੀਤਾ ਜਾ ਸਕਦਾ ਹੈ।
ਸੌਰਵ ਦਾਸ ਨੇ ਕਿਹਾ ਕਿ ਜਿੱਥੇ ਪੁਲੀਸ ਆਮ ਤੌਰ ‘ਤੇ ਪ੍ਰਦਰਸ਼ਨਕਾਰੀਆਂ ਨੂੰ ਘੱਟੋ-ਘੱਟ 10 ਦਿਨ ਪਹਿਲਾਂ ਸੰਪਰਕ ਕਰਨ ਲਈ ਕਹਿੰਦੀ ਹੈ, ਉੱਥੇ ਹੀ ਹੁਣ ਸੀ ਜੇ ਪੀ ਪੁਲੀਸ ਨੂੰ ਖੁਦ ਪ੍ਰਦਰਸ਼ਨ ਲਈ ਤਾਰੀਖ ਅਤੇ ਸਮਾਂ ਦੇਣ ਲਈ ਕਹਿ ਰਹੀ ਹੈ। ਉਨ੍ਹਾਂ ਕਿਹਾ, “ਅਸੀਂ ਦਿੱਲੀ ਪੁਲੀਸ ਨੂੰ ਇਹ ਦੱਸਣ ਲਈ 24 ਘੰਟੇ ਦੇ ਰਹੇ ਹਾਂ ਕਿ ਅਸੀਂ ਕਦੋਂ ਪ੍ਰਦਰਸ਼ਨ ਕਰ ਸਕਦੇ ਹਾਂ।”
ਦੂਜੇ ਪਾਸੇ, ਆਸ਼ੂਤੋਸ਼ ਰਾਂਕਾ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਪੁਲੀਸ ਉਨ੍ਹਾਂ ਦੀ ਬੇਨਤੀ ਦਾ ਹਾਂ-ਪੱਖੀ ਜਵਾਬ ਦੇਵੇਗੀ। ਉਨ੍ਹਾਂ ਕਿਹਾ ਕਿ ਜੇਕਰ 24 ਘੰਟਿਆਂ ਅੰਦਰ ਕੋਈ ਤਾਰੀਖ ਨਾ ਦਿੱਤੀ ਗਈ, ਤਾਂ ਸੀ ਜੇ ਪੀ ਆਪਣੀ ਅਗਲੀ ਕਾਰਵਾਈ ਬਾਰੇ ਫੈਸਲਾ ਕਰੇਗੀ।
ਰਾਂਕਾ ਨੇ ਕਿਹਾ, “ਪ੍ਰਦਰਸ਼ਨ ਕਿਸੇ ਵੀ ਹਾਲਤ ਵਿੱਚ ਸ਼ਾਂਤੀਪੂਰਵਕ ਹੋਵੇਗਾ, ਪਰ ਅਸੀਂ ਪੁਲੀਸ ਜਾਂ ਸਰਕਾਰ ਨੂੰ ਸਾਡੇ ‘ਤੇ ਸਵਾਲ ਚੁੱਕਣ ਜਾਂ ਸਾਨੂੰ ਫਸਾਉਣ ਦਾ ਕੋਈ ਮੌਕਾ ਨਹੀਂ ਦੇਣਾ ਚਾਹੁੰਦੇ ਅਤੇ ਇਸੇ ਲਈ ਅਸੀਂ ਇੱਥੇ ਆਏ ਸੀ।”
ਇਹ ਕਦਮ ਚੋਣ ਕਮਿਸ਼ਨ ਦੇ ਖ਼ਿਲਾਫ਼ ‘ਇੰਡੀਆ’ (INDIA) ਗਠਜੋੜ ਦੇ ਯੋਜਨਾਬੱਧ ਰੋਸ ਮਾਰਚ ਤੋਂ ਪਹਿਲਾਂ ਕੇਂਦਰੀ ਦਿੱਲੀ ਵਿੱਚ ਵਧਾਈ ਗਈ ਸੁਰੱਖਿਆ ਦੇ ਦਰਮਿਆਨ ਚੁੱਕਿਆ ਗਿਆ ਹੈ।





















