ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਅਤੇ ਸਚਿਨ ਪਾਇਲਟ ਵੀਰਵਾਰ ਸਵੇਰੇ ਇੱਥੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ। ਇਸ ਮੌਕੇ ਪਾਰਟੀ ਅੰਦਰ ਤਾਕਤ ਅਤੇ ਏਕਤਾ ਦੇ ਪ੍ਰਦਰਸ਼ਨ ਵਜੋਂ ਉਨ੍ਹਾਂ ਦਾ ਸਵਾਗਤ ਕਰਨ ਲਈ…
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਅਤੇ ਸਚਿਨ ਪਾਇਲਟ ਵੀਰਵਾਰ ਸਵੇਰੇ ਇੱਥੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ। ਇਸ ਮੌਕੇ ਪਾਰਟੀ ਅੰਦਰ ਤਾਕਤ ਅਤੇ ਏਕਤਾ ਦੇ ਪ੍ਰਦਰਸ਼ਨ ਵਜੋਂ ਉਨ੍ਹਾਂ ਦਾ ਸਵਾਗਤ ਕਰਨ ਲਈ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਇਕੱਠੇ ਹੋਏ।
ਹਵਾਈ ਅੱਡੇ ‘ਤੇ ਕਾਂਗਰਸੀ ਵਰਕਰਾਂ ਦਾ ਇੱਕ ਉਤਸ਼ਾਹੀ ਇਕੱਠ ਦੇਖਣ ਨੂੰ ਮਿਲਿਆ, ਜਿਸ ਵਿੱਚ ਪਾਰਟੀ ਸਮਰਥਕ ਵੱਡੀ ਗਿਣਤੀ ਵਿੱਚ ਪਹੁੰਚੇ ਅਤੇ ਢੋਲ ਦੀਆਂ ਥਾਪਾਂ ਅਤੇ ਨਾਅਰੇਬਾਜ਼ੀ ਦੇ ਨਾਲ ਪਰਗਟ ਸਿੰਘ ਦਾ ਸਵਾਗਤ ਕੀਤਾ। ਕਈ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਵੀ ਆਪਣੇ ਸਮਰਥਕਾਂ ਸਮੇਤ ਹਵਾਈ ਅੱਡੇ ‘ਤੇ ਪਹੁੰਚੇ।
ਇਸ ਤੋਂ ਬਾਅਦ ਦਰਬਾਰ ਸਾਹਿਬ ਨਤਮਸਤਕ ਹੋਣ ਸਮੇਂ ਪਰਗਟ ਸਿੰਘ ਨੇ ਇੱਥੇ ਪੁੱਜੇ ਕਾਂਗਰਸੀ ਵਰਕਰਾਂ ਅਤੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਭਾਵੇਂ ਉਨ੍ਹਾਂ ਨੇ ਆਖਿਆ ਸੀ ਕਿ ਉਹ ਇੱਕ ਨਿਮਾਣੇ ਸਿੱਖ ਵਜੋਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ ਪਰ ਫਿਰ ਵੀ ਕਈ ਕਾਂਗਰਸੀ ਆਗੂ ਤੇ ਵਰਕਰ ਇੱਥੇ ਪਹਿਲਾਂ ਹੀ ਪੁੱਜੇ ਹੋਏ ਸਨ। ਜ਼ਿਕਰਯੋਗ ਹੈ ਕਿ ਹਵਾਈ ਅੱਡੇ ਤੋਂ ਸਚਿਨ ਪਾਇਲਟ ਨੇ ਕਾਰ ਨੂੰ ਡਰਾਈਵ ਕੀਤਾ, ਜਿਸ ਵਿੱਚ ਪ੍ਰਗਟ ਸਿੰਘ ਬੈਠੇ ਹੋਏ ਸਨ। ਉਹ ਦੋਵੇਂ ਹੀ ਇਕੱਠੇ ਹਰਿਮੰਦਰ ਸਾਹਿਬ ਪੁੱਜੇ।
ਸਵਾਗਤ ਕਰਨ ਲਈ ਪੁੱਜੇ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਆਖਿਆ ਕਿ ਪਰਗਟ ਸਿੰਘ ਵੱਲੋਂ ਆਖਿਆ ਗਿਆ ਸੀ ਕਿ ਉਹ ਨਿਮਾਣੇ ਸਿੱਖ ਵੱਜੋਂ ਸ੍ਰੀ ਹਰਿਮੰਦਰ ਸਾਹਿਬ ਜਾਣਾ ਚਾਹੁੰਦੇ ਹਨ ਅਤੇ ਇਸੇ ਕਾਰਨ ਹਵਾਈ ਅੱਡੇ ਵਿਖੇ ਹੀ ਵਧੇਰੇ ਜੋਸ਼ ਤੇ ਢੋਲ ਢਮੱਕੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਹੈ।
ਸਾਬਕਾ ਵਿਧਾਇਕ ਰਾਜਕੁਮਾਰ ਵੇਰਕਾ ਨੇ ਆਖਿਆ ਕਿ ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਸਮੁੱਚੀ ਕਾਂਗਰਸ ਇੱਕਜੁੱਟ ਹੋਵੇਗੀ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਚੰਗੇ ਨਤੀਜੇ ਸਾਹਮਣੇ ਆਉਣਗੇ। ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਆਖਿਆ ਕਿ ਪ੍ਰਗਟ ਸਿੰਘ ਇਕ ਚੰਗੇ ਇਨਸਾਨ ਹਨ ਅਤੇ ਚੰਗੇ ਖਿਡਾਰੀ ਰਹੇ ਹਨ। ਉਹ ਇੱਕ ਚੰਗੇ ਟੀਮ ਆਗੂ ਵੀ ਹਨ ਅਤੇ ਉਹ ਸਾਰੀ ਟੀਮ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦੇ ਹਨ।





















