ਕਿਸਾਨ ਰੋਹ ਦੇ ਡਰੋਂ ਅਗੇਤੀ ਪਹਿਲ, ਖੇਤੀ ਮੰਤਰੀ ਖੁੱਡੀਆਂ ਨੇ ਪੱਤਰ ਲਿਖਿਆ
Punjab DAP Shortage: ਪੰਜਾਬ ਸਰਕਾਰ ਨੇ ਅਗਲੀ ਹਾੜ੍ਹੀ ਦੀ ਫ਼ਸਲ ਲਈ ਡੀ ਏ ਪੀ ਖਾਦ ਦੀ ਕਿੱਲਤ ਨਾਲ ਨਜਿੱਠਣ ਲਈ ਕੇਂਦਰ ਦਾ ਬੂਹਾ ਖੜਕਾਇਆ ਹੈ। ਸੂਬਾ ਸਰਕਾਰ ਨੂੰ ਅਗਾਮੀ ਸੀਜ਼ਨ ’ਚ ਡੀ ਏ ਪੀ ਦੀ ਕਮੀ ਆਉਣ ਦਾ ਖ਼ਦਸ਼ਾ ਹੈ, ਜਿਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਤੋਂ ਤਿੰਨ ਲੱਖ ਟਨ ਡੀ ਏ ਪੀ ਖਾਦ ਦੀ ਤੁਰੰਤ ਅਲਾਟਮੈਂਟ ਕਰਨ ਦੀ ਮੰਗ ਕੀਤੀ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਅਤੇ ਸੂਬਾ ਸਰਕਾਰ ਕਿਸੇ ਵੀ ਖੇਤੀ ਉਤਪਾਦ ਦੀ ਕਿੱਲਤ ਨੂੰ ਲੈ ਕੇ ਕਿਸਾਨਾਂ ਦੀ ਨਾਰਾਜ਼ਗੀ ਮੁੱਲ ਨਹੀਂ ਲੈਣਾ ਚਾਹੁੰਦੀ ਹੈ। ਇਸ ਲਈ ਹੁਣ ਅਗੇਤੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।
ਅਗਲੀ ਕਣਕ ਅਤੇ ਆਲੂ ਦੀ ਫ਼ਸਲ ਲਈ ਡੀ ਏ ਪੀ ਖਾਦ ਅਹਿਮ ਹੈ। ਪੰਜਾਬ ਨੂੰ ਇਸ ਵੇਲੇ 5.50 ਲੱਖ ਟਨ ਡੀ ਏ ਪੀ ਖਾਦ ਦੀ ਲੋੜ ਹੈ, ਜਿਸ ’ਚੋਂ 70 ਹਜ਼ਾਰ ਟਨ ਖਾਦ ਆਲੂ ਦੀ ਫ਼ਸਲ ਲਈ ਲੋੜੀਂਦੀ ਹੈ। ਕਣਕ ਦੀ ਫ਼ਸਲ ਦੀ ਬਿਜਾਂਦ ਅਕਤੂਬਰ ਦੇ ਅਖੀਰਲੇ ਹਫ਼ਤੇ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਨਵੰਬਰ ਦੇ ਅੱਧ ਤੱਕ ਬਿਜਾਂਦ ਮੁਕੰਮਲ ਹੋਣ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਕੋਲ ਇਸ ਵੇਲੇ ਡੀ ਏ ਪੀ ਖਾਦ ਦਾ ਸਿਰਫ਼ 1.60 ਲੱਖ ਟਨ ਦਾ ਹੀ ਸਟਾਕ ਹੈ। ਹਾੜੀ ਦੀ ਫ਼ਸਲ ਲਈ ਕਰੀਬ 3.90 ਲੱਖਕ ਟਨ ਡੀ ਏ ਪੀ ਦੀ ਕਮੀ ਹੈ।
ਪਿਛਲੇ ਦਿਨੀਂ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਡੀ ਏ ਪੀ ਦੀ ਸੰਭਾਵੀ ਕਿੱਲਤ ਨੂੰ ਲੈ ਕੇ ਵਿਚਾਰ ਚਰਚਾ ਹੋਈ ਸੀ ਅਤੇ ਮੀਟਿੰਗ ’ਚ ਫ਼ੌਰੀ ਇਹ ਮਾਮਲਾ ਕੇਂਦਰ ਕੋਲ ਉਠਾਏ ਜਾਣ ਦਾ ਫ਼ੈਸਲਾ ਹੋਇਆ ਸੀ। ਖੁੱਡੀਆਂ ਨੇ ਕੇਂਦਰੀ ਰਸਾਇਣ ਅਤੇ ਖਾਦ ਮੰਤਰੀ ਜੇ ਪੀ ਨੱਢਾ ਨੂੰ ਪੱਤਰ ਲਿਖਿਆ ਹੈ ਜਿਸ ’ਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਅਕਤੂਬਰ 2026 ਲਈ ਪੰਜਾਬ ਦੀ ਡੀ ਏ ਪੀ ਖਾਦ ਦੀ ਅਲਾਟਮੈਂਟ ਵਧਾ ਕੇ ਤਿੰਨ ਲੱਖ ਟਨ ਕੀਤੀ ਜਾਵੇ ਅਤੇ 15 ਅਕਤੂਬਰ ਤੱਕ ਪੰਜਾਬ ਨੂੰ ਵੱਧ ਤੋਂ ਵੱਧ ਡੀ ਏ ਪੀ ਖਾਦ ਦੀ ਸਪਲਾਈ ਦਿੱਤੀ ਜਾਵੇ। ਪਤਾ ਲੱਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਆਉਂਦੇ ਦਿਨਾਂ ’ਚ ਕੇਂਦਰ ਸਰਕਾਰ ਨੂੰ ਖਾਦ ਦੀ ਸਪਲਾਈ ਲਈ ਪੱਤਰ ਲਿਖਣਗੇ
ਖੁੱਡੀਆਂ ਨੇ ਕਿਹਾ ਹੈ ਕਿ ਜੁਲਾਈ ਤੇ ਅਗਸਤ ਮਹੀਨੇ ’ਚ ਪੰਜਾਬ ਨੂੰ 1.49 ਲੱਖ ਟਨ ਡੀ ਏ ਪੀ ਖਾਦ ਪ੍ਰਾਪਤ ਹੋਈ ਹੈ। ਇਸੇ ਤਰ੍ਹਾਂ ਸਤੰਬਰ ਮਹੀਨੇ ’ਚ ਅੱਧ ਤੱਕ 46 ਹਜ਼ਾਰ ਟਨ ਖਾਦ ਮਿਲੀ ਹੈ ਜਦੋਂ ਕਿ ਪੰਜਾਬ ਨੂੰ ਸਤੰਬਰ ਮਹੀਨੇ ਲਈ 1.02 ਲੱਖ ਟਨ ਦੀ ਅਲਾਟਮੈਂਟ ਸੀ। ਖੁੱਡੀਆਂ ਨੇ ਕਿਹਾ ਕਿ ਖਾਦ ਦਾ ਸਮੇਂ ਸਿਰ ਸਟਾਕ ਹੋਣਾ ਕਾਫ਼ੀ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮੰਗ ਨੂੰ ਤਰਜੀਹੀ ਰੱਖਿਆ ਜਾਵੇ।





















