Code Of Ethics

Download app

Subscribe To Print Edition

Gyanesh Kumar ਨੂੰ ਲਾਂਭੇ ਕਰਨ ਲਈ ਵਿਰੋਧੀ ਧਿਰ ਨੇ ਘੜੀ ਰਣਨੀਤੀ

ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਸੰਸਦ ’ਚ ਨਵਾਂ ਨੋਟਿਸ ਦੇਣ ਦੀ ਤਿਆਰੀ

featured-img

Rahul Gandhi Election Commission: ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਲਈ ਸੰਸਦ ਦੇ ਦੋਵੇਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ ’ਚ ਮਤਾ ਪੇਸ਼ ਕਰਨ ਲਈ ਵਿਰੋਧੀ ਧਿਰਾਂ ਵੱਲੋਂ ਅਗਲੇ ਕੁਝ ਦਿਨਾਂ ’ਚ ਨਵਾਂ ਨੋਟਿਸ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਗਿਆਨੇਸ਼ ਕੁਮਾਰ ਨੂੰ ਹਟਾਉਣ ਲਈ ਵਿਰੋਧੀ ਧਿਰਾਂ ਵੱਲੋਂ ਇਹ ਤੀਜੀ ਵਾਰ ਕੋਸ਼ਿਸ਼ ਹੋਵੇਗੀ। ਇਹ ਮਾਮਲਾ ਉਦੋਂ ਭਖਿਆ ਜਦੋਂ ਦੋ ਚੋਣ ਕਮਿਸ਼ਨਰਾਂ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਅਤੇ ਵੋਟਰ ਸੂਚੀਆਂ ਨਾਲ ਸਬੰਧਤ ਫ਼ੈਸਲਿਆਂ ’ਤੇ ਵਾਰ ਵਾਰ ਇਤਰਾਜ਼ ਦਰਜ ਕਰਵਾਏ ਜਾਣ ਸਬੰਧੀ ਰਿਪੋਰਟਾਂ ਨਸ਼ਰ ਹੋਈਆਂ।

ਪਹਿਲੀ ਕੋਸ਼ਿਸ਼ ਦੌਰਾਨ ਲੋਕ ਸਭਾ ਅਤੇ ਰਾਜ ਸਭਾ ’ਚ ਪੇਸ਼ ਕੀਤੇ ਗਏ ਨੋਟਿਸ ਰੱਦ ਕਰ ਦਿੱਤੇ ਗਏ ਸਨ। ਸੂਤਰਾਂ ਨੇ ਕਿਹਾ ਕਿ ਸੰਸਦ ਦੇ ਦੋਵੇਂ ਸਦਨਾਂ ’ਚ ਦਿੱਤੇ ਜਾਣ ਵਾਲੇ ਨੋਟਿਸ ਦਾ ਖਰੜਾ ਕਾਨੂੰਨੀ ਮਾਹਿਰਾਂ ਦੀ ਰਾਇ ਨਾਲ ਤਿਆਰ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਅਗਲੇ ਹਫ਼ਤੇ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਨੇ ਕਿਹਾ ਕਿ 24 ਅਪਰੈਲ ਨੂੰ ਵਿਰੋਧੀ ਧਿਰ ਦੇ 73 ਸੰਸਦ ਮੈਂਬਰਾਂ ਵੱਲੋਂ ਗਿਆਨੇਸ਼ ਕੁਮਾਰ ਨੂੰ ਹਟਾਉਣ ਸਬੰਧੀ ਨੋਟਿਸ ਰਾਜ ਸਭਾ ’ਚ ਬਕਾਇਆ ਪਿਆ ਹੈ। ਹਾਲਾਂਕਿ ਚੋਣ ਕਮਿਸ਼ਨ ’ਚ ‘ਸਭ ਠੀਕ ਨਾ ਹੋਣ’ ਦੇ ਖ਼ੁਲਾਸੇ ਮਗਰੋਂ ਨਵਾਂ ਨੋਟਿਸ ਪੇਸ਼ ਕੀਤਾ ਜਾਵੇਗਾ। ਸੂਤਰਾਂ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਦੀਆਂ ਭਾਈਵਾਲ ਧਿਰਾਂ ਨਵਾਂ ਨੋਟਿਸ ਦੇਣ ਬਾਰੇ ਰਲ ਕੇ ਕੰਮ ਕਰ ਰਹੀਆਂ ਹਨ।

ਰਾਜ ਸਭਾ ’ਚ ਅਪਰੈਲ ਮਹੀਨੇ ਦਿੱਤੇ ਗਏ ਨੋਟਿਸ ਵਿੱਚ ਸੰਵਿਧਾਨ ਦੀਆਂ ਧਾਰਾਵਾਂ 324(5) ਅਤੇ 124(4), ਮੁੱਖ ਚੋਣ ਕਮਿਸ਼ਨਰ ਅਤੇ ਹੋਰ ਚੋਣ ਕਮਿਸ਼ਨਰ (ਨਿਯੁਕਤੀ, ਸੇਵਾ ਸ਼ਰਤਾਂ ਅਤੇ ਕਾਰਜਕਾਲ) ਐਕਟ 2023 ਅਤੇ ਜੱਜ (ਜਾਂਚ) ਐਕਟ ਦੀਆਂ ਵਿਵਸਥਾਵਾਂ ਦਾ ਹਵਾਲਾ ਦਿੱਤਾ ਗਿਆ ਸੀ। ਇਹ ਤਾਜ਼ਾ ਕਦਮ ਉਨ੍ਹਾਂ ਰਿਪੋਰਟਾਂ ਤੋਂ ਬਾਅਦ ਸਾਹਮਣੇ ਆਇਆ ਹੈ ਜਿਨ੍ਹਾਂ ’ਚ ਕਿਹਾ ਗਿਆ ਸੀ ਕਿ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਨੇ ਪਿਛਲੇ 10 ਮਹੀਨਿਆਂ ’ਚ ਅਜਿਹੇ ਫ਼ੈਸਲਿਆਂ ਅਤੇ ਹੁਕਮਾਂ ’ਤੇ ਘੱਟੋ-ਘੱਟ 14 ਵਾਰ ਇਤਰਾਜ਼ ਦਰਜ ਕਰਵਾਏ ਸਨ ਜੋ ਉਨ੍ਹਾਂ ਦੀ ਜਾਣਕਾਰੀ ਤੋਂ ਬਿਨਾਂ ਜਾਰੀ ਕੀਤੇ ਗਏ ਸਨ। ਭਾਵੇਂ ਕਿ ਦੇਸ਼ਵਿਆਪੀ ਐੱਸ ਆਈ ਆਰ ਪ੍ਰਕਿਰਿਆ ਦੀ ਨਿਗਰਾਨੀ ਪੂਰੇ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਸੀ। ਦਰਜ ਕੀਤੇ ਗਏ ਇਤਰਾਜ਼ ਕਾਨੂੰਨੀ ਵੋਟਰ ਰਜਿਸਟਰੇਸ਼ਨ ਫਾਰਮ 6 ’ਚ ਤਬਦੀਲੀ, ਵੋਟਰ ਸੂਚੀਆਂ ’ਚ ਨਾਮ ਜੋੜਨ ਅਤੇ ਉਨ੍ਹਾਂ ਨੂੰ ਹਟਾਉਣ ਤੇ ਵੋਟਰ ਸੂਚੀ ਡੇਟਾਬੇਸ ਦੇ ਕੇਂਦਰੀਕ੍ਰਿਤ ਕੰਟਰੋਲ ਨਾਲ ਸਬੰਧਤ ਸਨ। ਉਧਰ ਚੋਣ ਕਮਿਸ਼ਨ ਨੇ ਕਿਹਾ ਕਿ ਕਿਸੇ ਵੀ ਅਦਾਰੇ ’ਚ ਵਿਚਾਰ ਵਟਾਂਦਰੇ ਦੌਰਾਨ ਵੱਖੋ-ਵੱਖ ਰਾਏ ਅਤੇ ਟਿੱਪਣੀਆਂ ਆਮ ਪ੍ਰਕਿਰਿਆ ਦਾ ਹਿੱਸਾ ਹੁੰਦੀਆਂ ਹਨ ਅਤੇ ਉਸ ਦੇ ਸਾਰੇ ਹੁਕਮਾਂ ਨੂੰ ਪੂਰੀ ਕਾਨੂੰਨੀ ਮਾਨਤਾ ਹਾਸਲ ਹੈ। ਸਿਰਫ਼ ਤਿੰਨ ਚੋਣ ਕਮਿਸ਼ਨਰ ਹੀ ਨਹੀਂ ਸਗੋਂ ਕਮਿਸ਼ਨ ਦਾ ਹਰੇਕ ਅਧਿਕਾਰੀ ਚੋਣ ਪ੍ਰਣਾਲੀ ’ਚ ਸੁਧਾਰ ਲਈ ਆਪਣੇ ਸੁਝਾਅ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਖਰੜੇ ਵਾਲੇ ਪੜਾਅ ਦੌਰਾਨ ਮੈਂਬਰਾਂ ਵੱਲੋਂ ਕੀਤੇ ਗਏ ਸਵਾਲ ਜਾਂ ਸੁਝਾਅ ਤੈਅ ਪ੍ਰਸ਼ਾਸਨਿਕ ਪ੍ਰਕਿਰਿਆ ਦਾ ਹਿੱਸਾ ਹਨ ਜਿਨ੍ਹਾਂ ਦਾ ਉਦੇਸ਼ ਵੋਟਰਾਂ ਦੇ ਹੱਕਾਂ ਦੀ ਰੱਖਿਆ ਕਰਨਾ ਹੈ। ਚੋਣ ਕਮਿਸ਼ਨ ਲੋਕਤੰਤਰ ਨੂੰ ਅੱਗੇ ਵਧਾਉਣ ’ਚ ਆਪਣੀ ਅਹਿਮ ਭੂਮਿਕਾ ਨੂੰ ਸਵੀਕਾਰ ਕਰਦਿਆਂ ਸੰਵਿਧਾਨਕ ਜ਼ਿੰਮੇਵਾਰੀਆਂ ਨਿਭਾਉਣ ਲਈ ਵਚਨਬੱਧ ਹੈ।

 

ਚੋਣ ਕਮਿਸ਼ਨ ਦਾ ਇਹ ਬਿਆਨ ਅੰਗਰੇਜ਼ੀ ਅਖ਼ਬਾਰ ‘ਇੰਡੀਅਨ ਐਕਸਪ੍ਰੈੱਸ’ ਦੀ ਉਸ ਖ਼ਬਰ ਮਗਰੋਂ ਆਇਆ ਹੈ ਜਿਸ ’ਚ ਕਿਹਾ ਗਿਆ ਹੈ ਕਿ ਚੋਣ ਕਮਿਸ਼ਨਰਾਂ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਨੇ ਮੁਲਕ ’ਚ ਐੱਸ ਆਈ ਆਰ ਦੌਰਾਨ ਨਾਮ ਜੋੜਨ ਅਤੇ ਹਟਾਏ ਜਾਣ ਸਮੇਤ ਕਈ ਮੁੱਦਿਆਂ ’ਤੇ ਇਤਰਾਜ਼ ਜਤਾਏ ਸਨ। ਅਖ਼ਬਾਰ ਨੇ ਆਪਣੀ ਰਿਪੋਰਟ ’ਚ ਇਹ ਵੀ ਕਿਹਾ ਕਿ ਸੰਧੂ ਅਤੇ ਜੋਸ਼ੀ ਨੇ ਬੀਤੇ 10 ਮਹੀਨਿਆਂ ’ਚ 14 ਵਾਰ ਲਿਖਤੀ ਤੌਰ ’ਤੇ ਇਤਰਾਜ਼ ਦਰਜ ਕਰਵਾਏ ਸਨ। ਇਨ੍ਹਾਂ ’ਚੋਂ ਚਾਰ ਇਤਰਾਜ਼ ਇੱਕ ਹੀ ਦਿਨ ’ਚ ਉਨ੍ਹਾਂ ਫ਼ੈਸਲਿਆਂ ਅਤੇ ਹੁਕਮਾਂ ਬਾਰੇ ਦਰਜ ਕਰਵਾਏ ਗਏ ਜਿਨ੍ਹਾਂ ਦੀ ਜਾਣਕਾਰੀ ਉਨ੍ਹਾਂ ਨੂੰ ਨਹੀਂ ਸੀ।

ਕੌਕਰੋਚ ਪਾਰਟੀ ਵੱਲੋਂ ਅੰਦੋਲਨ ਦੀ ਚਿਤਾਵਨੀ

ਨਵੀਂ ਦਿੱਲੀ: ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਉਨ੍ਹਾਂ ਨੂੰ 48 ਘੰਟੇ ਦਾ ਸਮਾਂ ਦਿੱਤਾ ਹੈ। ਸੀ ਜੇ ਪੀ ਦੇ ਬਾਨੀ ਅਭਿਜੀਤ ਦੀਪਕੇ ਨੇ ਪ੍ਰੈੱਸ ਕਾਨਫਰੰਸ ’ਚ ਚਿਤਾਵਨੀ ਦਿੱਤੀ ਕਿ ਜੇ ਗਿਆਨੇਸ਼ ਕੁਮਾਰ ਨੇ ਅਹੁਦੇ ਤੋਂ ਅਸਤੀਫ਼ਾ ਨਾ ਦਿੱਤਾ ਤਾਂ ਉਹ ਜੰਤਰ ਮੰਤਰ ਸਮੇਤ ਪੂਰੇ ਮੁਲਕ ’ਚ ਅੰਦੋਲਨ ਕਰਨਗੇ। ਦੀਪਕੇ ਨੇ ਦੋਸ਼ ਲਾਇਆ ਕਿ ਚੋਣ ਅਮਲ ’ਚ ਹੇਰਾਫੇਰੀ ਕਰ ਕੇ ਨਾਗਰਿਕਾਂ ਤੋਂ ਵੋਟਿੰਗ ਦਾ ਹੱਕ ਖੋਹਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਵਿਰੋਧੀ ਧਿਰਾਂ ਨੂੰ ਜਾਪਦਾ ਹੈ ਕਿ ਗੜਬੜਾਂ ਹੋ ਰਹੀਆਂ ਹਨ ਤਾਂ ਉਹ ਚੋਣਾਂ ’ਚ ਹਿੱਸਾ ਨਾ ਲੈਣ। ਉਨ੍ਹਾਂ ਗਿਆਨੇਸ਼ ਕੁਮਾਰ ਨੂੰ ਭਾਰਤੀ ਲੋਕਤੰਤਰ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ। -ਪੀਟੀਆਈ

ਮੋਦੀ, ਸ਼ਾਹ ਤੇ ਮੁੱਖ ਚੋਣ ਕਮਿਸ਼ਨਰ ਦੇਸ਼ਧਰੋਹੀ: ਰਾਹੁਲ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਭਾਰਤ ਦੀ ਵੋਟ ਪ੍ਰਣਾਲੀ ਨੂੰ ਢਾਹ ਲਾਉਣ ਲਈ ਦੇਸ਼ਧਰੋਹੀ ਕਰਾਰ ਦਿੱਤਾ ਹੈ। ਉਨ੍ਹਾਂ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣ ਦੀ ਮੰਗ ਕੀਤੀ। ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਮੋਦੀ ਅਤੇ ਸ਼ਾਹ ਇਸ ਸਾਜ਼ਿਸ਼ ਦੇ ਮੁੱਖ ਸਾਜ਼ਿਸ਼ਘਾੜੇ ਹਨ ਅਤੇ ਉਨ੍ਹਾਂ ਜੋ ਇਸ ਮੁਲਕ ਨਾਲ ਕੀਤਾ ਹੈ, ਉਸ ਲਈ ਉਨ੍ਹਾਂ ਵਿਰੁੱਧ ਜਾਂਚ ਕੀਤੀ ਜਾਵੇਗੀ। ਰਾਹੁਲ ਨੇ ਦਾਅਵਾ ਕੀਤਾ ਕਿ ਵੋਟ ਚੋਰੀ ਤੋਂ ਕਾਨੂੰਨ ਅਤੇ ਫਿਰ ਸੰਸਥਾ ਚੋਰੀ ਕੀਤੀ ਜਾ ਰਹੀ ਹੈ। ਗਿਆਨੇਸ਼ ਕੁਮਾਰ ’ਤੇ ਵਰ੍ਹਦਿਆਂ ਰਾਹੁਲ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਨੇ ਭਾਰਤ ਖ਼ਿਲਾਫ਼ ਧਰੋਹ ਕਮਾਇਆ ਹੈ। ਇੱਥੇ ਇੰਦਰਾ ਭਵਨ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ, ‘‘ਇਹ ਸੰਵਿਧਾਨ ਅਤੇ ਮੁਲਕ ਦੇ ਕਾਨੂੰਨੀ ਢਾਂਚੇ ’ਤੇ ਹਮਲਾ ਹੈ। ਤੁਹਾਡੀ ਜ਼ਿੰਮੇਵਾਰੀ ਵੋਟ ਦੀ ਰੱਖਿਆ ਯਕੀਨੀ ਬਣਾਉਣਾ ਸੀ। ਸਾਡੇ ਕੋਲ ਵੋਟ ਚੋਰੀ ਦੇ ਪੁਖ਼ਤਾ ਸਬੂਤ ਹਨ। ਇਸ ਦੇ ਗੰਭੀਰ ਸਿੱਟੇ ਨਿਕਲਣਗੇ। ਅਸੀਂ ਲੋਕਤੰਤਰ ਨੂੰ ਢਾਹ ਨਹੀਂ ਲੱਗਣ ਦੇਵਾਂਗੇ ਅਤੇ ਖ਼ਾਮੋਸ਼ ਨਹੀਂ ਬੈਠਾਂਗੇ। ਜਿਹੜੇ ਜ਼ਿੰਮੇਵਾਰ ਹੋਣਗੇ, ਉਨ੍ਹਾਂ ਨੂੰ ਸਜ਼ਾ ਮਿਲੇਗੀ।’’ ਉਨ੍ਹਾਂ ਗਿਆਨੇਸ਼ ਕੁਮਾਰ ਨੂੰ ਸੁਝਾਅ ਦਿੱਤਾ ਕਿ ਉਹ ‘ਵਾਅਦਾ ਮੁਆਫ਼ ਗਵਾਹ’ ਬਣ ਜਾਣ ਕਿਉਂਕਿ ਇਹ ਰਾਸ਼ਟਰਵਾਦ ਦੀ ਕਾਰਵਾਈ ਹੋਵੇਗੀ।

ਰਾਹੁਲ ਨੇ ਕੁਝ ਵੀਡੀਓ ਵੀ ਦਿਖਾਏ ਅਤੇ ਲੋਕਾਂ ਨੂੰ ਕਿਹਾ ਕਿ ਉਹ ਮੋਦੀ ਅਤੇ ਸ਼ਾਹ ਦੇ ਸੁਰ ਵੱਲ ਗ਼ੌਰ ਕਰਨ। ਵੀਡੀਓਜ਼ ’ਚ ਸ਼ਾਹ ਆਖ ਰਹੇ ਹਨ ਕਿ ਭਾਜਪਾ 30 ਸਾਲ ਤੱਕ ਸੱਤਾ ’ਚ ਰਹੇਗੀ ਅਤੇ ਪ੍ਰਧਾਨ ਮੰਤਰੀ ‘ਅਬਕੀ ਬਾਰ 400 ਪਾਰ’ ਦਾ ਨਾਅਰਾ ਲਾ ਰਹੇ ਹਨ। ਕਾਂਗਰਸ ਆਗੂ ਨੇ ਕਿਹਾ ਕਿ ਕੋਈ ਵੀ ਸਿਆਸੀ ਨੇਤਾ ਲੋਕਤੰਤਰ ’ਚ ਅਜਿਹੇ ਬਿਆਨ ਨਹੀਂ ਦੇ ਸਕਦਾ ਹੈ। ਉਨ੍ਹਾਂ ਕਿਹਾ, ‘‘ਸੱਤਾ ਵਿਰੋਧੀ ਲਹਿਰ ਕਦੇ ਵੀ ਕਿਸੇ ਨੂੰ ਨਹੀਂ ਬਖ਼ਸ਼ਦੀ।

ਇੰਦਰਾ ਗਾਂਧੀ ਨੇ ਬੰਗਲਾਦੇਸ਼ ਦੀ ਜੰਗ ਜਿੱਤੀ ਸੀ ਅਤੇ ਇੱਕ-ਦੋ ਸਾਲਾਂ ’ਚ ਹੀ ਸੱਤਾ ਵਿਰੋਧੀ ਲਹਿਰ ਕਾਰਨ ਭਾਰੀ ਦਬਾਅ ਪਿਆ ਸੀ। ਇਹ ਦਬਾਅ ਕਈ ਆਗੂਆਂ ਨੂੰ ਝੱਲਣਾ ਪਿਆ ਸੀ ਪਰ ਮੋਦੀ, ਸ਼ਾਹ ਅਤੇ ਭਾਜਪਾ ਨਾਲ ਇੰਜ ਨਹੀਂ ਵਾਪਰਿਆ। ਹੁਣ ਸਾਨੂੰ ਇਸ ਦਾ ਜਵਾਬ ਮਿਲ ਗਿਆ ਹੈ। ਅਸੀਂ ਇੱਕ ਵਿਅਕਤੀ ਦੀ ਮਕਬੂਲੀਅਤ ਅਤੇ ਸਰਕਾਰ ਦੀ ਕਾਰਗੁਜ਼ਾਰੀ ਨੂੰ ਸਮਝ ਸਕਦੇ ਹਾਂ ਪਰ ਸੱਤਾ ਵਿਰੋਧੀ ਲਹਿਰ ਪੂਰੀ ਤਰ੍ਹਾਂ ਗਾਇਬ ਹੋ ਗਈ ਹੈ। ਇਹ ਸੱਦਾਮ ਹੁਸੈਨ ਦੇ ਇਰਾਕ ਅਤੇ ਉੱਤਰ ਕੋਰੀਆ ’ਚ ਨਹੀਂ ਹੈ।’’ ਉਨ੍ਹਾਂ ਕਿਹਾ ਕਿ ਹੁਣ ਜਦੋਂ ਭਾਜਪਾ ਕਿਸੇ ਸੂਬੇ ’ਚ ਸੱਤਾ ਵਿੱਚ ਆਉਂਦੀ ਹੈ ਤਾਂ ਲੋਕ ਯਕੀਨ ਨਹੀਂ ਕਰਨਗੇ। ਇਸ ਤੋਂ ਪਹਿਲਾਂ ਰਾਹੁਲ ਨੇ ਕਿਹਾ ਸੀ ਕਿ ਸੰਵਿਧਾਨ ਦੇ ਦੁਸ਼ਮਣਾਂ ਦਾ ਪਰਦਾਫ਼ਾਸ਼ ਹੋ ਗਿਆ ਹੈ ਅਤੇ ਇਨਸਾਫ਼ ਕੀਤਾ ਜਾਵੇਗਾ। -ਪੀਟੀਆਈ

ਕਾਂਗਰਸ ਵੱਲੋਂ ਮੁਲਕ ਭਰ ’ਚ ਵਿਖਾਵੇ ਅੱਜ

ਨਵੀਂ ਦਿੱਲੀ: ਕਾਂਗਰਸ ਨੇ ਆਪਣੀਆਂ ਸੂਬਾ ਇਕਾਈਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਫ਼ੌਰੀ ਗ੍ਰਿਫ਼ਤਾਰੀ ਦੀ ਮੰਗ ਲਈ ਆਪੋ-ਆਪਣੇ ਸੂਬਿਆਂ ’ਚ ਚੋਣ ਕਮਿਸ਼ਨ ਦੇ ਦਫ਼ਤਰਾਂ ਅੱਗੇ ਭਲਕੇ 25 ਸਤੰਬਰ ਨੂੰ ਮੁਜ਼ਾਹਰੇ ਕਰਨ। ਸਾਰੀਆਂ ਜ਼ਿਲ੍ਹਾ ਕਾਂਗਰਸ ਕਮੇਟੀਆਂ 28 ਸਤੰਬਰ ਨੂੰ ਜ਼ਿਲ੍ਹਾ ਕੁਲੈਕਟਰ/ਡੀ ਸੀ ਦਫ਼ਤਰਾਂ ’ਤੇ ਰੋਸ ਮਾਰਚ ਕਰਨਗੀਆਂ। ਇਸ ਦੌਰਾਨ ਕਾਂਗਰਸ ਵਰਕਿੰਗ ਕਮੇਟੀ ਦੀ 29 ਸਤੰਬਰ ਨੂੰ ਮੀਟਿੰਗ ਹੋਵੇਗੀ ਜਿਸ ’ਚ ਚੋਣ ਕਮਿਸ਼ਨਰਾਂ ’ਚ ਪੈਦਾ ਹੋਏ ਮਤਭੇਦਾਂ ਮਗਰੋਂ ਪਾਰਟੀ ਦੀ ਰਣਨੀਤੀ ਬਾਰੇ ਚਰਚਾ ਕੀਤੀ ਜਾਵੇਗੀ।

ਉਧਰ ਪੰਜ ਖੱਬੀਆਂ ਪਾਰਟੀਆਂ ਨੇ ਵੀ ਮੁੱਖ ਚੋਣ ਕਮਿਸ਼ਨਰ ਨੂੰ ਅਹੁਦੇ ਤੋਂ ਹਟਾਉਣ ਅਤੇ ਐੱਸ ਆਈ ਆਰ ਪ੍ਰਕਿਰਿਆ ਰੱਦ ਕਰਨ ਦੀ ਮੰਗ ਕਰਦਿਆਂ 26 ਸਤੰਬਰ ਤੋਂ 2 ਅਕਤੂਬਰ ਤੱਕ ਮੁਲਕ ਭਰ ’ਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਸੀ ਪੀ ਐੱਮ ਦੇ ਜਨਰਲ ਸਕੱਤਰ ਐੱਮ ਏ ਬੇਬੀ, ਸੀ ਪੀ ਆਈ ਜਨਰਲ ਸਕੱਤਰ ਡੀ ਰਾਜਾ ਅਤੇ ਸੀ ਪੀ ਆਈ (ਐੱਮ ਐੱਲ)-ਲਿਬਰੇਸ਼ਨ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰਿਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਹਫ਼ਤਾ ਭਰ ਚੱਲਣ ਵਾਲੇ ਰੋਸ ਪ੍ਰਦਰਸ਼ਨਾਂ ਬਾਰੇ ਜਾਣਕਾਰੀ ਦਿੱਤੀ। ਆਰ ਐੱਸ ਪੀ ਅਤੇ ਆਲ ਇੰਡੀਆ ਫਾਰਵਰਡ ਬਲਾਕ ਦੇ ਨਾਲ ਸਾਰੀਆਂ ਖੱਬੀਆਂ ਧਿਰਾਂ ਨੇ ਵੋਟਰਾਂ ਸੂਚੀਆਂ ’ਚੋਂ ਗ਼ਲਤ ਢੰਗ ਨਾਲ ਹਟਾਏ ਗਏ ਨਾਮ ਦੁਬਾਰਾ ਤੋਂ ਜੋੜਨ ਦੀ ਵੀ ਮੰਗ ਕੀਤੀ ਹੈ। -ਪੀਟੀਆਈ

Leave a Comment

Advertisment

You May Like This