ਪਾਕਿਸਤਾਨ ਸਣੇ ਅੱਠ ਦੇਸ਼ਾਂ ਵਿੱਚ ਕਰਵਾਇਆ ਜਾਵੇਗਾ ਟੂਰ; ਦੂਜਾ ਸ਼ੋਅ ਕੈਲਗਰੀ, ਤੀਜਾ ਵੈਨਕੂਵਰ ਅਤੇ ਚੌਥਾ ਸ਼ੋਅ ਕੈਲੇਫੋਰਨੀਆ ਵਿਚ ਹੋਵੇਗਾ
Sidhu Moosewala Hologram Tour: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ‘ਹੋਲੋਗ੍ਰਾਮ ਟੂਰ’ ਦਾ ਅਧਿਕਾਰਤ ਐਲਾਨ ਹੋ ਗਿਆ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ‘ਸਾਈਨ ਟੂ ਗੌਡ ਵਰਲਡ ਟੂਰ’ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਇਸ ਦਾ ਪਹਿਲਾ ਸ਼ੋਅ 9 ਅਕਤੂਬਰ ਨੂੰ ਟੋਰਾਂਟੋ ਵਿੱਚ ਕਰਵਾਇਆ ਜਾਵੇਗਾ। ਦੂਜਾ ਸ਼ੋਅ ਕੈਲਗਰੀ, ਤੀਜਾ ਵੈਨਕੂਵਰ ਅਤੇ ਚੌਥਾ ਸ਼ੋਅ ਕੈਲੇਫੋਰਨੀਆ ਵਿਚ ਹੋਵੇਗਾ।
ਆਪਣੇ ਇੰਸਟਾਗ੍ਰਾਮ ਖਾਤੇ ’ਤੇ ਵੀਡੀਓ ਸਾਂਝੀ ਕਰਦਿਆਂ ਬਲਕੌਰ ਸਿੰਘ ਨੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੂੰ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ‘ਬੇਸ਼ੱਕ ਸਿੱਧੂ ਸਰੀਰਕ ਤੌਰ ’ਤੇ ਸਾਡੇ ਵਿਚਕਾਰ ਨਹੀਂ ਹੈ, ਪਰ ਉਸ ਦੀ ਕਲਾ ਇਸ ਆਧੁਨਿਕ ਡਿਜੀਟਲ ਤਕਨੀਕ ਰਾਹੀਂ ਹਮੇਸ਼ਾ ਅਮਰ ਰਹੇਗੀ। ਪ੍ਰਸ਼ੰਸਕਾਂ ਲਈ ਇਹ ਸ਼ੋਅ ਬੇਹੱਦ ਭਾਵੁਕ ਪਲ ਹੋਵੇਗਾ, ਜਿੱਥੇ ਉਹ ਆਪਣੇ ਮਹਿਬੂਬ ਗਾਇਕ ਨੂੰ ਮੁੜ ਸਟੇਜ ’ਤੇ ਗਾਉਂਦਿਆਂ ਮਹਿਸੂਸ ਕਰ ਸਕਣਗੇ।’
ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀ ਤਕਨੀਕ ਪਹਿਲਾਂ ਮਾਈਕਲ ਜੈਕਸਨ ਅਤੇ ਟੁਪੈਕ ਵਰਗੇ ਕਲਾਕਾਰਾਂ ਲਈ ਹੀ ਵਰਤੀ ਗਈ ਹੈ। ਸਿੱਧੂ ਮੂਸੇਵਾਲਾ ਇਸ ਸੂਚੀ ਵਿੱਚ ਸ਼ਾਮਲ ਹੋਣ ਵਾਲਾ ਪਹਿਲਾ ਪੰਜਾਬੀ ਕਲਾਕਾਰ ਹੋਵੇਗਾ। ਇਹ ਸ਼ੋਅ ਭਾਰਤ, ਪਾਕਿਸਤਾਨ ਸਮੇਤ 8 ਦੇਸ਼ਾਂ ਵਿੱਚ ਦਿਖਾਇਆ ਜਾਵੇਗਾ। ਪਾਕਿਸਤਾਨ ਵਿੱਚ ਸ਼ੋਅ ਕਰ ਕੇ ਸਿੱਧੂ ਵੱਲੋਂ ਉੱਥੋਂ ਦੇ ਪ੍ਰਸ਼ੰਸਕਾਂ ਨਾਲ ਕੀਤਾ ਵਾਅਦਾ ਵੀ ਪੂਰਾ ਕੀਤਾ ਜਾਵੇਗਾ।
ਬਲਕੌਰ ਸਿੰਘ ਨੇ ਸਪੱਸ਼ਟ ਕੀਤਾ ਕਿ ਇਸ ਸ਼ੋਅ ਵਿੱਚ ਸਿਰਫ਼ ਹੋਲੋਗ੍ਰਾਮ ਹੀ ਨਹੀਂ ਹੋਵੇਗਾ, ਸਗੋਂ ਕਈ ਨਾਮੀ ਕਲਾਕਾਰ ਵੀ ਆਪਣੀ ਪੇਸ਼ਕਾਰੀ ਦੇਣਗੇ। ਉਹ ਖ਼ੁਦ ਆਪਣੇ ਪਰਿਵਾਰ ਸਮੇਤ ਇਸ ਸ਼ੋਅ ਵਿੱਚ ਹਾਜ਼ਰ ਰਹਿਣਗੇ ਅਤੇ ਸਿੱਧੂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਯਾਦਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਨਗੇ। ਉਨ੍ਹਾਂ ਉਮੀਦ ਜਤਾਈ ਕਿ ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਸ਼ੋਅ ਨੂੰ ਇਤਿਹਾਸਕ ਬਣਾਉਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੇ 30 ਸਾਲਾਂ ਤੱਕ ਹਰ ਸਾਲ ਸਿੱਧੂ ਦਾ ਲਿਖਿਆ ਗੀਤ ਰਿਲੀਜ਼ ਕੀਤਾ ਜਾਂਦਾ ਰਹੇਗਾ।
ਇਸ ਟੂਰ ਨੂੰ ਬਿਲਕੁਲ ਅਸਲੀ ਸ਼ੋਅ ਵਾਂਗ ਤਿਆਰ ਕੀਤਾ ਗਿਆ ਹੈ। ਜਦੋਂ ਤੇਜ਼ ਰੌਸ਼ਨੀਆਂ ਅਤੇ ਗੂੰਜਦੇ ਸੁਪਰਹਿੱਟ ਗੀਤਾਂ ਵਿਚਾਲੇ ਥ੍ਰੀ-ਡੀ ਪ੍ਰੋਜੈਕਸ਼ਨ ਤਕਨੀਕ ਰਾਹੀਂ ਸਿੱਧੂ ਮੂਸੇਵਾਲਾ ਦਾ ਹੋਲੋਗ੍ਰਾਮ ਮੰਚ ’ਤੇ ਨਜ਼ਰ ਆਵੇਗਾ, ਤਾਂ ਦਰਸ਼ਕਾਂ ਨੂੰ ਮਹਿਸੂਸ ਹੋਵੇਗਾ ਜਿਵੇਂ ਉਹ ਅਸਲ ਵਿੱਚ ਉਨ੍ਹਾਂ ਦੇ ਸਾਹਮਣੇ ਖੜ੍ਹਾ ਹੋਵੇ। ਇਸ ਤਕਨੀਕ ਰਾਹੀਂ ਸਿੱਧੂ ਦੀ ਅਸਲੀ ਆਵਾਜ਼ ਅਤੇ ਉਸ ਦਾ ਖ਼ਾਸ ਸਵੈਗ ਮੁੜ ਸਟੇਜ ’ਤੇ ਜਿਉਂਦਾ ਹੋ ਜਾਵੇਗਾ।
Sidhu Moosewala Murder Case: ਗੈਂਗਸਟਰ ਅਨਮੋਲ ਬਿਸ਼ਨੋਈ ਦੀ ਪਟੀਸ਼ਨ ’ਤੇ 9 ਅਕਤੂਬਰ ਨੂੰ ਹੋਵੇਗੀ ਬਹਿਸ





















