ਏਅਰ ਇੰਡੀਆ ਨੇ ਨਵੀਂ ਦਿੱਲੀ ਜਾਣ ਵਾਲੀ ਉਡਾਣ ਨੂੰ ਅਹਿਮਦਾਬਾਦ ਉਤਾਰਿਆ
Air India Bomb Threat: ਸਾਊਦੀ ਅਰਬ ਤੋਂ ਨਵੀਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਸੋਮਵਾਰ ਨੂੰ ਅਹਿਮਦਾਬਾਦ ਹਵਾਈ ਅੱਡੇ ਉੱਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਪੁਲੀਸ ਨੇ ਦੱਸਿਆ ਕਿ ਜਹਾਜ਼ ਦੇ ਇੱਕ ਮੈਂਬਰ ਨੂੰ ਟਿਸ਼ੂ ਪੇਪਰ ਉੱਤੇ ਬੰਬ ਹੋਣ ਦਾ ਸੁਨੇਹਾ ਮਿਲਿਆ ਸੀ ਜਿਸ ਤੋਂ ਬਾਅਦ ਇਹਤਿਆਤ ਵਜੋਂ ਇਹ ਕਦਮ ਚੁੱਕਿਆ ਗਿਆ।
ਜੀ-ਡਿਵੀਜ਼ਨ ਦੇ ਸਹਾਇਕ ਪੁਲੀਸ ਕਮਿਸ਼ਨਰ ਵੀ.ਐੱਨ. ਯਾਦਵ ਨੇ ਦੱਸਿਆ ਕਿ ਧਮਕੀ ਵਾਲਾ ਸੁਨੇਹਾ ਮਿਲਣ ਤੋਂ ਬਾਅਦ ਪਾਇਲਟਾਂ ਨੇ ਦਿੱਲੀ ਜਾਣ ਵਾਲੇ ਇਸ ਜਹਾਜ਼ ਦਾ ਰਸਤਾ ਬਦਲ ਕੇ ਇਸ ਨੂੰ ਅਹਿਮਦਾਬਾਦ ਵੱਲ ਮੋੜ ਲਿਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਜਹਾਜ਼ਾਂ ਵਿਚ ਬੰਬ ਹੋਣ ਦੇ ਧਮਕੀ ਭਰੇ ਸੁਨੇਹੇ ਮਿਲਦੇ ਰਹੇ ਹਨ।
ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਇਸ ਉਡਾਣ ਵਿੱਚ ਕੁੱਲ 32 ਯਾਤਰੀ ਸਵਾਰ ਸਨ ਅਤੇ ਸਾਰੇ ਯਾਤਰੀ ਬਿਲਕੁਲ ਸੁਰੱਖਿਅਤ ਹਨ। ਉਨ੍ਹਾਂ ਨੂੰ ਅਹਿਮਦਾਬਾਦ ਹਵਾਈ ਅੱਡੇ ਦੇ ਟਰਮੀਨਲ-2 ਵਿੱਚ ਠਹਿਰਾਇਆ ਗਿਆ ਹੈ। ਪੁਲੀਸ ਵੱਲੋਂ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।




















