ਬਾਬਾ ਬਕਾਲਾ ਸਾਹਿਬ ਵਿਖੇ ਸੂਬਾ ਪੱਧਰੀ ਸਮਾਗਮ ਦੌਰਾਨ ਸੀਐੱਮ ਮਾਨ ਨੇ 5.30 ਲੱਖ ਹੋਰ ਲਾਭਪਾਤਰੀਆਂ ਦੇ ਖਾਤਿਆਂ ’ਚ ਭੇਜੇ 181.50 ਕਰੋੜ ਰੁਪਏ
ਪੰਜਾਬ ਸਰਕਾਰ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਕੁੱਲ 70.92 ਲੱਖ ਔਰਤਾਂ ਦੇ ਖਾਤਿਆਂ ਵਿੱਚ ਸਨਮਾਨ ਰਾਸ਼ੀ ਪਾ ਦਿੱਤੀ ਹੈ। ਬਾਬਾ ਬਕਾਲਾ ਸਾਹਿਬ ਵਿਖੇ ਲੰਘੇ ਕੱਲ੍ਹ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 5.30 ਲੱਖ ਹੋਰ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਤਿੰਨ ਮਹੀਨਿਆਂ ਦੀ ‘ਸਨਮਾਨ ਰਾਸ਼ੀ’ ਵਜੋਂ 181.50 ਕਰੋੜ ਰੁਪਏ ਸਿੱਧੇ ਤਬਦੀਲ ਕੀਤੇ।
ਇਸ ਨਵੀਂ ਕਿਸ਼ਤ ਨਾਲ ਯੋਜਨਾ ਦੇ ਕੁੱਲ ਲਾਭਪਾਤਰੀਆਂ ਦੀ ਗਿਣਤੀ 70.92 ਲੱਖ ਹੋ ਗਈ ਹੈ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਸੂਬੇ ਦੀਆਂ 1 ਕਰੋੜ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸੇ ਤਰ੍ਹਾਂ ਰਜਿਸਟਰੇਸ਼ਨ ਵਿੱਚ ਮਦਦ ਕਰਨ ਵਾਲੀਆਂ 1.38 ਲੱਖ ‘ਸਤਿਕਾਰ ਸਖੀਆਂ’ ਨੂੰ ਹੁਣ ਤੱਕ 51 ਕਰੋੜ ਰੁਪਏ ਦਾ ਮਾਣ-ਭੱਤਾ ਦਿੱਤਾ ਜਾ ਚੁੱਕਾ ਹੈ ਅਤੇ ਆਂਗਣਵਾੜੀ ਵਰਕਰਾਂ ਨੂੰ ਵੀ 25 ਕਰੋੜ ਰੁਪਏ ਜਾਰੀ ਕੀਤੇ ਜਾਣਗੇ।
ਮੌਜੂਦਾ ਰਜਿਸਟਰੇਸ਼ਨ ਦੇ ਲਿਹਾਜ਼ ਨਾਲ ਇਸ ਸਕੀਮ ’ਤੇ ਸਾਲਾਨਾ 10,492.80 ਕਰੋੜ ਰੁਪਏ ਦਾ ਖ਼ਰਚਾ ਆਵੇਗਾ, ਜੋ ਪ੍ਰਤੀ ਮਹੀਨਾ 874.40 ਕਰੋੜ ਰੁਪਏ ਬਣਦਾ ਹੈ। ਔਸਤਨ ਦੇਖੀਏ ਤਾਂ ਔਰਤਾਂ ਦੀ ਝੋਲੀ ਵਿੱਚ ਰੋਜ਼ਾਨਾ 28.74 ਕਰੋੜ ਰੁਪਏ ਦਾ ਸਤਿਕਾਰ ਭੱਤਾ ਪਵੇਗਾ। ਜਾਣਕਾਰੀ ਅਨੁਸਾਰ ਇਸ ਸਕੀਮ ਲਈ ਔਰਤਾਂ ਦੀ ਰਜਿਸਟਰੇਸ਼ਨ 75.50 ਲੱਖ ’ਤੇ ਰੁਕ ਗਈ ਹੈ, ਜਦੋਂ ਕਿ ਇਸ ਸਕੀਮ ਦਾ ਲਾਭ 90 ਲੱਖ ਔਰਤਾਂ ਨੂੰ ਮਿਲਣ ਦੇ ਅੰਦਾਜ਼ੇ ਲਾਏ ਗਏ ਸਨ। ਪੰਜਾਬ ਵਿੱਚ ਔਰਤ ਵੋਟਰਾਂ ਦੀ ਗਿਣਤੀ ਇੱਕ ਕਰੋੜ ਤੋਂ ਵੱਧ ਹੈ। ਵੱਡੀ ਗਿਣਤੀ ਵਿੱਚ ਔਰਤਾਂ ਹਾਲੇ ਇਸ ਸਕੀਮ ਨਾਲ ਜੁੜੀਆਂ ਵੀ ਨਹੀਂ ਹਨ। ਅਗਸਤ ਮਹੀਨੇ ਵਿੱਚ ਇਸ ਸਕੀਮ ਲਈ ਨਵੀਂ ਰਜਿਸਟਰੇਸ਼ਨ ਕਾਫ਼ੀ ਸੁਸਤ ਹੋ ਗਈ ਹੈ। ਇਸ ਯੋਜਨਾ ਤਹਿਤ ਜਨਰਲ ਵਰਗ ਦੀਆਂ ਔਰਤਾਂ ਨੂੰ 1,000 ਰੁਪਏ ਅਤੇ ਦਲਿਤ ਵਰਗ ਦੀਆਂ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਸਤਿਕਾਰ ਭੱਤਾ ਦਿੱਤਾ ਜਾ ਰਿਹਾ ਹੈ।




















