Code Of Ethics

Download app

Subscribe To Print Edition

Sikh Jatha Pakistan: ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ 3 ਹਜ਼ਾਰ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜਣ ਨੂੰ ਕੇਂਦਰ ਵੱਲੋਂ ਪ੍ਰਵਾਨਗੀ

22 ਨਵੰਬਰ ਨੂੰ ਜੱਥਾ ਪਾਕਿਸਤਾਨ ਜਾਵੇਗਾ ਤੇ 1 ਦਸੰਬਰ ਨੂੰ ਵਾਪਸ ਪਰਤੇਗਾ

featured-img

ਭਾਰਤ ਸਰਕਾਰ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ 3 ਹਜ਼ਾਰ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਇਹ ਜੱਥਾ 22 ਨਵੰਬਰ ਨੂੰ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਰਵਾਨਾ ਹੋਵੇਗਾ ਤੇ 1 ਦਸੰਬਰ ਨੂੰ ਵਾਪਸ ਪਰਤੇਗਾ। ਇਹ ਪ੍ਰਗਟਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਅਤੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਪਰਮਜੀਤ ਸਿੰਘ ਚੰਢੋਕ ਨੇ ਕੀਤਾ ਹੈ।

ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ 1 ਜੁਲਾਈ 2026 ਨੂੰ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਇਸ ਬਾਰੇ ਪੱਤਰ ਲਿਖਿਆ ਸੀ ਤੇ ਗ੍ਰਹਿ ਮੰਤਰੀ ਨੇ ਕਮੇਟੀ ਦੀ ਬੇਨਤੀ ਪ੍ਰਵਾਨ ਕਰਦਿਆਂ 3 ਹਜ਼ਾਰ ਸ਼ਰਧਾਲੂਆਂ ਦੇ ਜੱਥੇ ਨੂੰ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 10 ਰੋਜ਼ਾ ਯਾਤਰਾ ਦੌਰਾਨ ਇਹ ਜੱਥਾ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸੱਚਾ ਸੌਦਾ, ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਦਰਸ਼ਨ ਕਰਨ ਉਪਰੰਤ ਵਾਪਸ ਪਰਤੇਗਾ।

ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਨੇ ਸਪਸ਼ਟ ਨਿਰਦੇਸ਼ ਦਿੱਤੇ ਹਨ ਕਿ ਭਾਰਤ ਸਰਕਾਰ ਵੱਲੋਂ ਦਿੱਤੀ ਪ੍ਰਵਾਨਗੀ ਤਹਿਤ ਪੂਰੇ ਦਸਤਾਵੇਜ਼ਾਂ ਦੀ ਘੋਖ ਉਪਰੰਤ ਗ੍ਰਹਿ ਮੰਤਰਾਲਾ ਪਾਕਿਸਤਾਨ ਸਰਕਾਰ ਨੂੰ ਸੂਚੀ ਭੇਜੇਗਾ ਜਿਸ ਮੁਤਾਬਕ ਹੀ ਜੱਥਾ ਰਵਾਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਜੱਥੇ ਵਿੱਚ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਦਾ ਕੋਟਾ ਵੀ ਤੈਅ ਕੀਤਾ ਹੈ।

ਇਸ ਮੁਤਾਬਕ: ਦਿੱਲੀ (ਦਿੱਲੀ ਗੁਰਦੁਆਰਾ ਕਮੇਟੀ): 555 ਸ਼ਰਧਾਲੂ, ਪੰਜਾਬ (ਸ਼੍ਰੋਮਣੀ ਕਮੇਟੀ): 1800 ਸ਼ਰਧਾਲੂ, ਹਰਿਆਣਾ: 200 ਸ਼ਰਧਾਲੂ, ਹਿੰਮਾਚਲ ਪ੍ਰਦੇਸ਼: 15 ਸ਼ਰਧਾਲੂ, ਜੰਮੂ-ਕਸ਼ਮੀਰ: 40 ਸ਼ਰਧਾਲੂ, ਝਾਰਖੰਡ: 16 ਸ਼ਰਧਾਲੂ, ਕਰਨਾਟਕ ਅਤੇ ਮੱਧ ਪ੍ਰਦੇਸ਼: 10-10 ਸ਼ਰਧਾਲੂ, ਮਹਾਰਾਸ਼ਟਰ: 90 ਸ਼ਰਧਾਲੂ, ਓੜੀਸਾ: 10 ਸ਼ਰਧਾਲੂ, ਰਾਜਸਥਾਨ: 50 ਸ਼ਰਧਾਲੂ, ਯੂ. ਪੀ. (ਉੱਤਰ ਪ੍ਰਦੇਸ਼): 35 ਸ਼ਰਧਾਲੂ, ਉੱਤਰਾਖੰਡ: 25 ਸ਼ਰਧਾਲੂ, ਪੱਛਮੀ ਬੰਗਾਲ: 5 ਸ਼ਰਧਾਲੂ ਅਤੇ ਚੰਡੀਗੜ੍ਹ ਦੇ 45 ਸ਼ਰਧਾਲੂ ਹਨ।

ਉਨ੍ਹਾਂ ਕਿਹਾ ਕਿ ਇਹ ਜੱਥਾ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਹੀ 22 ਨਵੰਬਰ ਨੂੰ ਵਾਹਗਾ ਸਰਹੱਦ ਪਾਰ ਕਰਕੇ ਪਾਕਿਸਤਾਨ ਵਿੱਚ ਦਾਖਲ ਹੋਵੇਗਾ ਤੇ 1 ਦਸੰਬਰ ਨੂੰ ਵਾਪਸ ਉਸੇ ਰਸਤੇ ਤੋਂ ਦੇਸ਼ ਪਰਤੇਗਾ। ਉਨ੍ਹਾਂ ਨੇ ਸੰਗਤ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਆਪੋ-ਆਪਣੇ ਪਾਸਪੋਰਟ ਤੇ ਹੋਰ ਦਸਤਾਵੇਜ਼ ਜਮ੍ਹਾਂ ਕਰਵਾਉਣ ਤਾਂ ਜੋ ਗ੍ਰਹਿ ਮੰਤਰਾਲੇ ਤੋਂ ਸਮਾਂ ਰਹਿੰਦਿਆਂ ਪ੍ਰਵਾਨਗੀ ਹਾਸਲ ਕੀਤੀ ਜਾ ਸਕੇ।

 

Leave a Comment

Advertisment

You May Like This