Code Of Ethics

Download app

Subscribe To Print Edition

ਸਟੇਟ ਐਵਾਰਡ: ਮੁੱਖ ਮੰਤਰੀ ਵੱਲੋਂ ਕੀਤਾ ਜਾਵੇਗਾ 27 ਅਹਿਮ ਹਸਤੀਆਂ ਦਾ ਸਨਮਾਨ

ਪੰਜਾਬ ਸਰਕਾਰ ਨੇ ਸੂਚੀ ਐਲਾਨੀ; ਫ਼ਿਰੋਜ਼ਪੁਰ ’ਚ ਤਿਰੰਗਾ ਲਹਿਰਾਉਣਗੇ ਮੁੱਖ ਮੰਤਰੀ

featured-img

ਮੁੱਖ ਮੰਤਰੀ ਭਗਵੰਤ ਮਾਨ ਭਲਕੇ ਆਜ਼ਾਦੀ ਦਿਹਾੜੇ ਦੇ ਮੌਕੇ ’ਤੇ ਫ਼ਿਰੋਜ਼ਪੁਰ ਵਿਖੇ ਤਿਰੰਗਾ ਲਹਿਰਾਉਣਗੇ। ਇਨ੍ਹਾਂ ਸਮਾਗਮਾਂ ’ਚ ਮੁੱਖ ਮੰਤਰੀ ਵੱਲੋਂ ਵੱਖ-ਵੱਖ ਖੇਤਰਾਂ ’ਚ ਵਿਲੱਖਣ ਯੋਗਦਾਨ ਪਾਉਣ ਵਾਲੀਆਂ 27 ਉੱਘੀਆਂ ਸ਼ਖ਼ਸੀਅਤਾਂ ਨੂੰ ‘ਪੰਜਾਬ ਸਰਕਾਰ ਪ੍ਰਮਾਣ ਪੱਤਰ-2026’ (ਸਟੇਟ ਐਵਾਰਡ) ਨਾਲ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਪੰਜਾਬ ਸਰਕਾਰ ਵੱਲੋਂ ਅੱਜ ਜਾਰੀ ਸੂਚੀ ਅਨੁਸਾਰ ਬਠਿੰਡਾ ਦੇ ਪਿੰਡ ਬਾਘਾ ਦੇ ਜਗਦੇਵ ਸਿੰਘ ਨੂੰ ਬਹਾਦਰੀ ਵਜੋਂ ਸਨਮਾਨ ਦਿੱਤਾ ਜਾਵੇਗਾ ਜਦੋਂ ਕਿ ਕਿੱਤਾ ਮਾਹਿਰ ਵਜੋਂ ਜ਼ੀਰਕਪੁਰ ਕੌਂਸਲ ਦੇ ਸੀਵਰਮੈਨ ਅਸ਼ੋਕ ਕੁਮਾਰ, ਅੰਮ੍ਰਿਤਸਰ ਨਿਗਮ ਦੀ ਸਫਾਈ ਸੇਵਕਾ ਕਾਂਤਾ, ਲੁਧਿਆਣਾ ਦੇ ਪਿੰਡ ਖਾਸੀ ਕਲਾਂ ਦੇ ਕਮਲਜੀਤ ਸਿੰਘ ਤੇ ਡਾ. ਪਰਮਿੰਦਰ ਸਿੰਘ ਅੰਮ੍ਰਿਤਸਰ ਨੂੰ ਸਟੇਟ ਐਵਾਰਡ ਦਿੱਤਾ ਜਾਵੇਗਾ।

ਆਜ਼ਾਦੀ ਦਿਹਾੜੇ ਮੌਕੇ 12 ਸ਼ਖ਼ਸੀਅਤਾਂ ਤੇ ਸੰਸਥਾਵਾਂ ਨੂੰ ਸਮਾਜ ਸੇਵਾ ਦੇ ਖੇਤਰ ’ਚ ਸਟੇਟ ਐਵਾਰਡ ਦਿੱਤਾ ਜਾਵੇਗਾ, ਜਿਨ੍ਹਾਂ ’ਚ ਬਠਿੰਡਾ ਦੇ ਪਿੰਡ ਬੱਲ੍ਹੋ ’ਚ ਸਮਾਜ ਸੇਵੀ ਤੇ ਉੱਘੇ ਕਾਰੋਬਾਰੀ ਗੁਰਮੀਤ ਸਿੰਘ ਮਾਨ ਦੀ ਅਗਵਾਈ ਵਾਲੀ ਤਰਨਜੋਤ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਮਾਨ, ਇੰਦਰਜੀਤ ਸਿੰਘ (ਮਲੇਰਕੋਟਲਾ), ਸੁਰਿੰਦਰ ਜਗਤ (ਜਲੰਧਰ), ਸ੍ਰੀਮਤੀ ਸੁਨੀਤਾ ਕਪੂਰ (ਜਲੰਧਰ), ਸੁਖਦੀਪ ਸਿੰਘ ਢਿੱਲੋਂ ਦੁੱਲੇਵਾਲਾ (ਬਠਿੰਡਾ), ਡਾ. ਉਪਿੰਦਰ ਸਿੰਘ ਘਈ (ਜਲੰਧਰ), ਜਸਵੀਰ ਸਿੰਘ (ਬਲਾਚੌਰ), ਜਤਿੰਦਰ ਸਿੰਘ (ਖਰੜ), ਵਿਨੋਦ ਕੁਮਾਰ (ਅੰਮ੍ਰਿਤਸਰ), ਅਵਤਾਰ ਸਿੰਘ (ਅੰਮ੍ਰਿਤਸਰ), ਪ੍ਰਦੀਪ ਕੁਮਾਰ (ਸੰਗਰੂਰ) ਅਤੇ ਨਿਰਮਲ ਸਿੰਘ (ਅੰਮ੍ਰਿਤਸਰ) ਸ਼ਾਮਲ ਹਨ।

ਇਸੇ ਤਰ੍ਹਾਂ ਸਾਹਿਤ ਦੇ ਖੇਤਰ ’ਚ ਕਹਾਣੀਕਾਰ ਮੇਹਰ ਮਲਿਕ (ਜਲੰਧਰ), ਬੇਅੰਤ ਸਿੰਘ ਬਾਜਵਾ (ਤਪਾ), ਬਾਜ ਸਿੰਘ (ਪਾਤੜਾਂ), ਡਾ. ਮੁਹੰਮਦ ਅੱਯੂਬ ਖ਼ਾਨ (ਮਲੇਰਕੋਟਲਾ), ਪ੍ਰੇਮ ਲਤਾ (ਧੂਰੀ) ਤੇ ਸੰਜੀਵ ਸੈਣੀ ਨੂੰ ਪ੍ਰਮਾਣ ਪੱਤਰ ਦਿੱਤਾ ਜਾਵੇਗਾ। ਕਲਾ ਦੇ ਖੇਤਰ ’ਚ ਸਤਵੀਰ ਕੌਰ (ਪਟਿਆਲਾ) ਤੇ ਪਰਮਜੀਤ ਕੌਰ (ਅੰਮ੍ਰਿਤਸਰ) ਤੋਂ ਇਲਾਵਾ ਸਾਇੰਸ ਤੇ ਤਕਨਾਲੋਜੀ ’ਚ ਤਲਵਿੰਦਰ ਸਿੰਘ ਜ਼ਿਲ੍ਹਾ ਕਪੂਰਥਲਾ, ਸੁਖਰਾਜ ਭੁੱਲਰ (ਲੁਧਿਆਣਾ) ਨੂੰ ਸਨਮਾਨਿਤ ਕੀਤਾ ਜਾਵੇਗਾ। ਇਨ੍ਹਾਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਮੌਕੇ ਗੋਲਡ ਪਾਲਿਸ਼ਡ ਮੈਡਲ, ਸ਼ਾਲ ਅਤੇ ਪ੍ਰਮਾਣ ਪੱਤਰ ਦਿੱਤਾ ਜਾਵੇਗਾ।

Leave a Comment

Advertisment

You May Like This