3 ਸਾਲ ਪੁਰਾਣੇ ਕਤਲ ਕਾਂਡ ਵਿੱਚ ਇਨਸਾਫ਼ ਨਾ ਮਿਲਣ ਕਾਰਨ ਭੜਕਿਆ ਰੋਸ; ਸੜਕ ਦੇ ਦੋਵੇਂ ਪਾਸੇ ਧਰਨਾ ਲਾ ਕੇ ਬੈਠੇ ਪ੍ਰਦਰਸ਼ਨਕਾਰੀ
ਤਿੰਨ ਸਾਲ ਪਹਿਲਾਂ ਲਲਤੋਂ ਇਲਾਕੇ ਵਿੱਚ ਹੋਏ ਨਿਹੰਗ ਸਿੰਘ ਦੇ ਕਤਲ ਮਾਮਲੇ ਵਿੱਚ ਇਨਸਾਫ਼ ਨਾ ਮਿਲਣ ਤੋਂ ਨਾਰਾਜ਼ ਨਿਹੰਗ ਸਿੰਘਾਂ ਨੇ ਅੱਜ ਡਿਪਟੀ ਕਮਿਸ਼ਨਰ (ਡੀ.ਸੀ.) ਦਫ਼ਤਰ ਦੇ ਬਾਹਰ ਫਿਰੋਜ਼ਪੁਰ ਰੋਡ ਨੂੰ ਦੋਵਾਂ ਪਾਸਿਆਂ ਤੋਂ ਮੁਕੰਮਲ ਤੌਰ ’ਤੇ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀ ਅੱਜ ਸਵੇਰੇ 10 ਵਜੇ ਤੋਂ ਹੀ ਮੁੱਖ ਸੜਕ ਦੇ ਵਿਚਕਾਰ ਦਰੀਆਂ ਵਿਛਾ ਕੇ ਧਰਨੇ ’ਤੇ ਬੈਠ ਗਏ। ਸੜਕ ਦੇ ਦੋਵੇਂ ਹਿੱਸੇ ਬੰਦ ਹੋਣ ਕਾਰਨ ਇੱਥੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ, ਜਿਸ ਕਾਰਨ ਆਮ ਰਾਹਗੀਰਾਂ ਅਤੇ ਮੁਸਾਫ਼ਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹਾ ਕਚਿਹਰੀ ਤੇ ਸੀ.ਪੀ. (ਕਮਿਸ਼ਨਰ ਆਫ਼ ਪੁਲੀਸ) ਦਫ਼ਤਰ ਵਿੱਚ ਜਾਣ ਵਾਲੇ ਲੋਕਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ, ਜਿਸ ਕਰਕੇ ਲੋਕ ਲਗਾਤਾਰ ਪਰੇਸ਼ਾਨ ਹੋ ਰਹੇ ਹਨ। ਦੂਜੇ ਪਾਸੇ, ਪੁਲੀਸ ਦੇ ਉੱਚ ਅਧਿਕਾਰੀ ਨਿਹੰਗ ਸਿੰਘਾਂ ਨੂੰ ਮਨਾਉਣ ਵਿੱਚ ਲੱਗੇ ਹੋਏ ਹਨ।
ਪੁਲੀਸ ਦੀ ਕਾਰਗੁਜ਼ਾਰੀ ‘ਤੇ ਗੰਭੀਰ ਦੋਸ਼
ਧਰਨੇ ’ਤੇ ਬੈਠੇ ਨਿਹੰਗ ਸਿੰਘਾਂ ਨੇ ਪੁਲੀਸ ਪ੍ਰਸ਼ਾਸਨ ’ਤੇ ਦੋਸ਼ ਲਾਉਂਦਿਆਂ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਨਿਹੰਗ ਫ਼ਤਹਿਵੀਰ ਸਿੰਘ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਸ ਅੰਨ੍ਹੇ ਕਤਲ ਕਾਂਡ ਦੇ ਬਾਵਜੂਦ ਪੁਲੀਸ ਪ੍ਰਸ਼ਾਸਨ ਵੱਲੋਂ ਪਿਛਲੇ 3 ਸਾਲਾਂ ਦੌਰਾਨ ਕੋਈ ਵੀ ਠੋਸ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਅੱਜ ਵੀ ਸ਼ਰੇਆਮ ਆਜ਼ਾਦ ਘੁੰਮ ਰਹੇ ਹਨ।
ਪ੍ਰਸ਼ਾਸਨਿਕ ਰਵੱਈਏ ਤੋਂ ਤੰਗ ਆ ਕੇ ਲਿਆ ਫ਼ੈਸਲਾ
ਪ੍ਰਦਰਸ਼ਨਕਾਰੀਆਂ ਦੇ ਆਗੂਆਂ ਮੁਤਾਬਕ ਉਹ ਆਪਣੇ ਸਾਥੀ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਅਤੇ ਇਨਸਾਫ਼ ਲੈਣ ਲਈ ਪਿਛਲੇ ਲੰਮੇ ਸਮੇਂ ਤੋਂ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਕੱਟ-ਕੱਟ ਕੇ ਥੱਕ ਚੁੱਕੇ ਹਨ, ਪਰ ਹਰ ਵਾਰ ਉਨ੍ਹਾਂ ਨੂੰ ਸਿਰਫ਼ ਭਰੋਸਿਆਂ ਤੋਂ ਬਿਨਾਂ ਕੁਝ ਹਾਸਲ ਨਹੀਂ ਹੋਇਆ। ਅਧਿਕਾਰੀਆਂ ਦੇ ਇਸੇ ਢਿੱਲੇ ਅਤੇ ਟਾਲ-ਮਟੋਲ ਵਾਲੇ ਰਵੱਈਏ ਤੋਂ ਤੰਗ ਆ ਕੇ ਅੱਜ ਉਨ੍ਹਾਂ ਨੂੰ ਮਜਬੂਰਨ ਸੜਕਾਂ ’ਤੇ ਉਤਰ ਕੇ ਚੱਕਾ ਜਾਮ ਕਰਨ ਦਾ ਫ਼ੈਸਲਾ ਲੈਣਾ ਪਿਆ ਹੈ।
ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਧਰਨਾ ਚੁੱਕਣ ਤੋਂ ਨਾਂਹ
ਮੌਕੇ ’ਤੇ ਮੌਜੂਦ ਨਿਹੰਗ ਸਿੰਘਾਂ ਨੇ ਪ੍ਰਸ਼ਾਸਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਸਾਫ਼ ਕਿਹਾ ਹੈ ਕਿ ਜਦੋਂ ਤੱਕ ਪੁਲੀਸ ਵਿਭਾਗ ਦੇ ਉੱਚ ਅਧਿਕਾਰੀ ਇਸ ਮਾਮਲੇ ਵਿੱਚ ਤੁਰੰਤ ਠੋਸ ਕਾਰਵਾਈ ਦਾ ਲਿਖਤੀ ਭਰੋਸਾ ਨਹੀਂ ਦਿੰਦੇ ਅਤੇ ਫ਼ਤਹਿਵੀਰ ਸਿੰਘ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਨ੍ਹਾਂ ਦਾ ਇਹ ਰੋਸ ਪ੍ਰਦਰਸ਼ਨ ਅਤੇ ਚੱਕਾ ਜਾਮ ਅਣਮਿੱਥੇ ਸਮੇਂ ਲਈ ਇਸੇ ਤਰ੍ਹਾਂ ਜਾਰੀ ਰਹੇਗਾ।




















