Code Of Ethics

Download app

Subscribe To Print Edition

ਜਥੇਦਾਰ ਗੜਗੱਜ ਵੱਲੋਂ ਵਿਦੇਸ਼ ਵੱਸਦੀ ਸੰਗਤ ਨੂੰ ਪਾਵਨ ਸਰੂਪ ਵਿਦੇਸ਼ਾਂ ਵਿੱਚ ਭੇਜਣ ਲਈ ਪ੍ਰਣਾਲੀ ਹੋਰ ਸੁਖਾਲੀ ਕਰਨ ਦਾ ਭਰੋਸਾ

ਜਥੇਦਾਰ ਨੇ ਸੰਗਤ ਨੂੰ ਗੁਰਦੁਆਰਾ ਸਾਹਿਬ ਜ਼ਰੂਰ ਆਉਣ ਅਤੇ ਆਪਣੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨ ਲਈ ਆਖਿਆ

featured-img

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਕੌਮੀ ਹਿੱਤਾਂ ਲਈ ਕਾਰਜ ਕਰਨ, ਪੰਥ ਤੇ ਪੰਜਾਬ ਨਾਲ ਜੁੜੇ ਰਹਿਣ, ਨਵੀਂ ਪੀੜ੍ਹੀ ਨੂੰ ਸਿੱਖੀ ਤੇ ਮਾਂ-ਬੋਲੀ ਗੁਰਮੁਖੀ ਪੰਜਾਬੀ ਨਾਲ ਜੋੜਨ ਅਤੇ ਕੇਂਦਰੀ ਸਿੱਖ ਸੰਸਥਾਵਾਂ ਨੂੰ ਮਜ਼ਬੂਤ ਕਰਨ ਦੀ ਪ੍ਰੇਰਨਾ ਕੀਤੀ ਹੈ। ਉਹ ਹਾਂਗਕਾਂਗ ਦੌਰੇ ‘ਤੇ ਹਨ, ਜਿੱਥੇ ਗੁਰਦੁਆਰਾ ਖ਼ਾਲਸਾ ਦੀਵਾਨ ਹਾਂਗਕਾਂਗ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ ਹੈ।

ਇਸ ਸਮਾਗਮ ਵਿੱਚ ਗੁਰਦੁਆਰਾ ਖ਼ਾਲਸਾ ਦੀਵਾਨ ਹਾਂਗਕਾਂਗ ਦੇ ਗ੍ਰੰਥੀ ਸਿੰਘ ਰਹੇ ਗਿਆਨੀ ਨੰਦ ਸਿੰਘ, ਜੋ ਕਿ ਵਿਸ਼ਵ ਯੁੱਧ ਸਮੇਂ ਗੁਰੂ ਘਰ ਵਿੱਚ ਸੇਵਾ ਕਰਦਿਆਂ ਸ਼ਹੀਦ ਹੋਏ ਸਨ, ਉਨ੍ਹਾਂ ਨੂੰ ਵੀ ਯਾਦ ਕੀਤਾ ਗਿਆ। ਸਮਾਗਮ ਮੌਕੇ ਜਥੇਦਾਰ ਗੜਗੱਜ ਨੇ ਦੇਸ਼-ਵਿਦੇਸ਼ ਵਿੱਚ ਵੱਸਦੀ ਸਿੱਖ ਕੌਮ ਦੀ ਚੜ੍ਹਦੀ ਕਲਾ ਅਤੇ ਇਕਜੁੱਟਤਾ ਲਈ ਅਰਦਾਸ ਕੀਤੀ।

ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਵਿੱਚ ਖ਼ਾਲਸਾ ਦੀਵਾਨ ਹਾਂਗਕਾਂਗ ਦਾ ਮੁੱਢਲਾ ਯੋਗਦਾਨ ਹੈ। ਸਿੱਖਾਂ ਨੇ ਸੰਨ 1901 ਵਿੱਚ ਇੱਥੇ ਸ੍ਰੀ ਗੁਰੂ ਸਿੰਘ ਸਭਾ ਸਥਾਪਤ ਕੀਤੀ। ਇਸ ਧਰਤੀ ਉੱਤੇ ਗੁਰੂ ਨਾਨਕ ਜਹਾਜ਼ (ਕਾਮਾਗਾਟਾਮਾਰੂ) ਵਾਲੇ ਬਾਬਾ ਗੁਰਦਿੱਤ ਸਿੰਘ ਅਤੇ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਜਿਹੇ ਗ਼ਦਰੀ ਬਾਬੇ ਕਾਰਜਸ਼ੀਲ ਰਹੇ ਅਤੇ ਸੰਨ 1903 ਵਿੱਚ 33ਵੀਂ ਬਰਮਾ ਇਨਫੈਂਟਰੀ ਦੇ ਸਿੱਖ ਫ਼ੌਜੀ ਵੀ ਇੱਥੇ ਆਏ, ਜਿਨ੍ਹਾਂ ਨੇ ਗੁਰੂ ਘਰ ਵਾਲੀ ਥਾਂ ਉੱਤੇ ਮਿੱਠੇ ਜਲ ਦਾ ਖੂਹ ਤਿਆਰ ਕੀਤਾ ਜੋ ਅੱਜ ਵੀ ਚਾਲੂ ਤੇ ਮੌਜੂਦ ਹੈ। ਉਨ੍ਹਾਂ ਹਾਂਗਕਾਂਗ ਦੀ ਸੰਗਤ ਨੂੰ ਆਪਣੀ ਸਿੱਖ ਵਿਰਾਸਤ ਤੇ ਇਤਿਹਾਸ ਸੰਭਾਲ ਕੇ ਰੱਖਣ ਲਈ ਕਿਹਾ।

ਹਾਂਗਕਾਂਗ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਹੈ ਕਿ ਪੰਜਾਬ ਸਰਕਾਰ ਦੇ ਨਵੇਂ ਕਾਨੂੰਨ ਦੇ ਡਰ ਤੋਂ ਉਨ੍ਹਾਂ ਨੂੰ ਗੁਰਬਾਣੀ ਦੇ ਬਿਰਧ ਗੁਟਕਾ ਸਾਹਿਬ ਅਤੇ ਪੋਥੀਆਂ ਨੂੰ ਸਸਕਾਰ ਲਈ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ਭੇਜਣ ਵਿੱਚ ਪਰੇਸ਼ਾਨੀ ਆ ਰਹੀ ਹੈ। ਪਹਿਲਾਂ ਉਹ ਰਾਗੀ ਸਿੰਘਾਂ ਦੇ ਜਥਿਆਂ ਰਾਹੀਂ ਸਸਕਾਰ ਲਈ ਬਿਰਧ ਗੁਟਕਾ ਸਾਹਿਬ ਤੇ ਪੋਥੀਆਂ ਭਾਰਤ ਭੇਜਦੇ ਸਨ, ਪਰੰਤੂ ਹੁਣ ਸਰਕਾਰ ਦੇ ਕਾਨੂੰਨ ਦੇ ਕਾਰਨ ਰਾਗੀ ਜਥੇ ਡਰ ਰਹੇ ਹਨ। ਜਥੇਦਾਰ ਨੇ ਹਾਂਗਕਾਂਗ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਿਨਾਂ ਕਿਸੇ ਡਰ-ਭੈਅ ਦੇ ਗੁਰਬਾਣੀ ਦੇ ਬਿਰਧ ਗੁਟਕਾ ਸਾਹਿਬ ਤੇ ਪੋਥੀਆਂ ਦਾ ਰਿਕਾਰਡ ਮੁਕੰਮਲ ਤਿਆਰ ਕਰਕੇ, ਇਸ ਦੀ ਜਾਣਕਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਹਿਲਾਂ ਭੇਜ ਕੇ ਇਹ ਕਾਰਜ ਕਰਨ ਦੀ ਹਿਦਾਇਤ ਕੀਤੀ। ਉਨ੍ਹਾਂ ਸੰਗਤ ਨੂੰ ਗੁਰਦੁਆਰਾ ਸਾਹਿਬ ਜ਼ਰੂਰ ਆਉਣ ਅਤੇ ਆਪਣੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨ ਲਈ ਆਖਿਆ।

ਇਸ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੰਘ ਸਾਹਿਬ ਦੇ ਕੋਲ ਵਿਦੇਸ਼ਾਂ ਵਿੱਚ ਪਾਵਨ ਸਰੂਪ ਲਿਆਉਣ ਸਬੰਧੀ ਆਉਂਦੀਆਂ ਮੁਸ਼ਕਲਾਂ ਵੀ ਰੱਖੀਆਂ, ਜਿਨ੍ਹਾਂ ਸਬੰਧੀ ਜਥੇਦਾਰ ਗੜਗੱਜ ਨੇ ਸੰਗਤ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਪੰਥ ਨਾਲ ਵਿਚਾਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿਦੇਸ਼ਾਂ ਵਿੱਚ ਮਰਯਾਦਾ ਅਨੁਸਾਰ ਭੇਜਣ ਲਈ ਪ੍ਰਣਾਲੀ ਹੋਰ ਸੁਖਾਲੀ ਕਰਨ ਵਾਸਤੇ ਕਾਰਜ ਕੀਤਾ ਜਾਵੇਗਾ।

Leave a Comment

Advertisment

You May Like This

ਪੰਜਵੀਂ ਜਮਾਤ ਦੇ ਵਿਦਿਆਰਥੀ ਪ੍ਰਭਕੀਰਤ ਸਿੰਘ ਨੇ ਆਪਣੀ ਅਸਾਧਾਰਣ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ SOF ਇੰਟਰਨੈਸ਼ਨਲ ਹਿੰਦੀ ਓਲੰਪਿਆਡ 2025–26 ਵਿੱਚ ਇੰਟਰਨੈਸ਼ਨਲ ਗੋਲਡ ਮੈਡਲ, ਇੰਟਰਨੈਸ਼ਨਲ ਰੈਂਕ–1 ਅਤੇ ਪੰਜਾਬ/ਚੰਡੀਗੜ੍ਹ ਜੋਨ ਵਿੱਚ ਜੋਨਲ ਰੈਂਕ–1 ਹਾਸਲ ਕਰਕੇ ਸਕੂਲ, ਮਾਪਿਆਂ ਅਤੇ ਪੂਰੇ ਖੇਤਰ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ।