ਸੰਗਰੂਰ ਜੇਲ੍ਹ ਵਿਚ ਬਿਤਾਏ ਪੰਜ ਦਿਨ ਜ਼ਿੰਦਗੀ ਭਰ ਨਹੀਂ ਭੁਲਾ ਸਕਣਗੀਆਂ ਬੇਰੁਜ਼ਗਾਰ ਲੜਕੀਆਂ; ਕਿੰਨੇ ਕਤਲ ਕਰਕੇ ਆਈਆਂ ਹੋ, ਕਿੰਨਾ ਚਿੱਟਾ ਵੇਚਿਐ ਵਰਗੇ ਮਹਿਲਾ ਕੈਦੀਆਂ ਨੇ ਕੀਤੇ ਸਵਾਲ
ETT Teachers Jail: ਸੰਗਰੂਰ ਜ਼ਿਲ੍ਹਾ ਜੇਲ੍ਹ ਵਿਚੋਂ ਰਿਹਾਅ ਹੋ ਕੇ ਆਈਆਂ ਪੰਜਾਬ ਦੀਆਂ ਪੰਜ ਬੇਰੁਜ਼ਗਾਰ ਅਧਿਆਪਕਾਵਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਸਰਕਾਰ ਕੋਲੋਂ ਰੁਜ਼ਗਾਰ ਮੰਗਿਆ ਸੀ ਪਰ ਉਨ੍ਹਾਂ ਨੂੰ ਜੇਲ੍ਹ ਯਾਤਰਾ ਜ਼ਰੂਰ ਕਰਵਾ ਦਿੱਤੀ ਹੈ। ਸੰਗਰੂਰ ਜੇਲ੍ਹ ਵਿਚ ਮਾਨਸ਼ਿਕ ਪ੍ਰੇਸ਼ਾਨੀ ਵਿਚ ਬਿਤਾਏ ਪੰਜ ਦਿਨ ਉਹ ਜ਼ਿੰਦਗੀ ਭਰ ਕਦੇ ਵੀ ਭੁਲਾ ਨਹੀਂ ਸਕਣਗੀਆਂ।
ਸੰਗਰੂਰ ਦੀ ਜ਼ਿਲ੍ਹਾ ਜੇਲ੍ਹ ਵਿਚੋਂ ਪੰਜਾਬ ਦੀਆਂ ਪੰਜ ਧੀਆਂ ਅੱਜ ਸ਼ਾਮ ਸਵਾ ਸੱਤ ਵਜੇ ਰਿਹਾਅ ਹੋ ਕੇ ਆਈਆਂ। ਇਹ ਬੇਰੁਜ਼ਗਾਰ ਈ ਟੀ ਟੀ ਅਧਿਆਪਕ ਹਨ ਜਿਨ੍ਹਾਂ ਨੂੰ ਬੀਤੀ 4 ਜੁਲਾਈ ਨੂੰ ਧੂਰੀ ਵਿਚ 5994 ਭਰਤੀ ਮੁਕੰਮਲ ਕਰਾਉਣ ਲਈ ਲਗਾਏ ਪੱਕੇ ਮੋਰਚੇ ਤੋਂ ਪੁਲੀਸ ਨੇ ਹਿਰਾਸਤ ਵਿਚ ਲੈਂਦਿਆਂ ਕੇਸ ਦਰਜ ਕਰਕੇ ਜੁਡੀਸ਼ੀਅਲ ਹਿਰਾਸਤ ਵਿਚ ਸੰਗਰੂਰ ਜੇਲ੍ਹ ਭੇਜ ਦਿੱਤਾ ਸੀ।
ਸੰਗਰੂਰ ਜੇਲ੍ਹ ਵਿਚ ਪੰਜ ਦਿਨ ਬੰਦ ਰਹਿਣ ਮਗਰੋਂ ਰਿਹਾਅ ਹੋ ਕੇ ਆਈਆਂ ਇਨ੍ਹਾਂ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਵਿਚੋਂ 4 ਲੜਕੀਆਂ ਕੁਆਰੀਆਂ ਹਨ ਜਿਨ੍ਹਾਂ ਨੂੰ ਸਰਕਾਰ ਨੇ ਛੋਟੀ ਉਮਰੇ ਜੇਲ੍ਹ ਵਿਖਾ ਦਿੱਤੀ ਹੈ।
ਇਨ੍ਹਾਂ ਚੋਂ ਇੱਕ ਲੜਕੀ ਨੇ ਭਰੇ ਮਨ ਨਾਲ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲ ਕਰਦਿਆਂ ਦੱਸਿਆ ਕਿ ਜੇਲ੍ਹ ਵਿਚ ਉਨ੍ਹਾਂ ਨੂੰ ਬਹੁਤ ਮਾਨਸ਼ਿਕ ਪ੍ਰੇਸ਼ਾਨੀ ਝੱਲਣੀ ਪਈ ਹੈ ਅਤੇ ਜੇਲ੍ਹ ਵਿਚ ਬਿਤਾਏ ਪੰਜ ਦਿਨ ਉਹ ਜ਼ਿੰਦਗੀ ਭਰ ਕਦੇ ਵੀ ਭੁਲਾ ਨਹੀਂ ਸਕਣਗੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੰਗਰੂਰ ਜੇਲ੍ਹ ਦੀ ਉਸ ਬੈਰਕ ਵਿਚ ਰੱਖਿਆ ਗਿਆ ਜਿਸ ਬੈਰਕ ਵਿਚ ਅਪਰਾਧਿਕ ਕਿਸਮ ਦੀਆਂ ਮਹਿਲਾ ਕੈਦੀ ਮੌਜੂਦ ਸਨ।
ਪੜ੍ਹੀਆਂ ਲਿਖੀਆਂ ਤੋਂ ਕਰਵਾਈ ਬੈਰਕਾਂ ਦੀ ਸਫ਼ਾਈ
ਉਨ੍ਹਾਂ ਦੱਸਿਆ ਕਿ ਉਨ੍ਹਾਂ ਸਮੇਤ ਬੈਰਕ ਵਿਚ ਕੁੱਲ 18 ਮਹਿਲਾਵਾਂ ਬੰਦ ਸਨ। ਉਨ੍ਹਾਂ ਭਾਵੁਕ ਹੁੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਮਹਿਲਾ ਕੈਦੀਆਂ ਵਲੋਂ ਇਹ ਸਵਾਲ ਕੀਤੇ ਗਏ ਕਿ ਤੁਸੀਂ ਕਿੰਨੇ ਕਤਲ ਕਰਕੇ ਆਈਆਂ ਹੋ, ਕਿੰਨਾ ਚਿੱਟਾ ਵੇਚਿਆ ਹੈ ਅਤੇ ਕਿਹੜੇ ਨਸ਼ੇ ਦੀ ਤਸ਼ਕਰੀ ਕੀਤੀ ਹੈ। ਕਿਹੜੇ ਕੇਸ ਵਿਚ ਗ੍ਰਿਫ਼ਤਾਰ ਕੀਤਾ ਹੈ, ਆਦਿ ਸਵਾਲ ਕੀਤੇ ਗਏ। ਉਨ੍ਹਾਂ ਦੱਸਿਆ ਕਿ ਉਹ ਪੜ੍ਹੀਆਂ ਲਿਖੀਆਂ ਹਨ ਪਰੰਤੂ ਉਨ੍ਹਾਂ ਤੋਂ ਬੈਰਕਾਂ ਦੀ ਸਫ਼ਾਈ ਵੀ ਕਰਵਾਈ ਜਾਂਦੀ ਸੀ।
ਬੇਰੁਜ਼ਗਾਰ ਈਟੀਟੀ 5994 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਅਸ਼ੋਕ ਬਾਵਾ ਨੇ ਕਿਹਾ ਕਿ ਸਰਕਾਰ ਬੇਟੀ-ਬਚਾਓ, ਬੇਟੀ-ਪੜ੍ਹਾਓ ਦਾ ਨਾਅਰਾ ਦਿੰਦੀ ਹੈ ਪਰੰਤੂ ਪੜ੍ਹ -ਲਿਖ ਕੇ ਰੁਜ਼ਗਾਰ ਮੰਗਣ ਵਾਲੀਆਂ ਬੇਟੀਆਂ ਨੂੰ ਜੇਲ੍ਹਾਂ ਵਿਚ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ 1000/1500 ਰੁਪਏ ਦੇ ਕੇ ਮਾਵਾਂ-ਧੀਆਂ ਦਾ ਮਾਣ ਸਨਮਾਨ ਵਧਾ ਰਹੀ ਹੈ ਪਰੰਤੂ ਦੂਜੇ ਪਾਸੇ ਰੁਜ਼ਗਾਰ ਮੰਗਣ ਵਾਲੀਆਂ ਧੀਆਂ ਨੂੰ ਜੇਲ੍ਹੀਂ ਡੱਕ ਕੇ ਉਨ੍ਹਾਂ ਦੇ ਮਾਨ ਸਨਮਾਨ ਨੂੰ ਢਾਹ ਲਗਾਈ ਜਾ ਰਹੀ ਹੈ।
ਪੰਜਾਬ ਦੀਆਂ ਧੀਆਂ ਦੇ ਮਾਣ ਸਨਮਾਨ ਦੀ ਰਾਖੀ ਕੌਣ ਕਰੇਗਾ: ਅਧਿਆਪਕ ਆਗੂ
ਉਨ੍ਹਾਂ ਸਰਕਾਰ ਨੂੰ ਸਵਾਲ ਕੀਤਾ ਕਿ ਇਨ੍ਹਾਂ ਧੀਆਂ ਦੇ ਮਾਣ ਸਨਮਾਨ ਦੀ ਰਾਖੀ ਕੌਣ ਕਰੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੰਜ ਲੜਕੀਆਂ ਨੇ ਜ਼ਮਾਨਤ ਨਹੀਂ ਕਰਵਾਈ ਸੀ ਜਿਨ੍ਹਾਂ ਨੂੰ ਅੱਜ ਰਿਹਾਅ ਕੀਤਾ ਗਿਆ ਹੈ ਜਦੋਂ ਕਿ 15 ਬੇਰੁਜ਼ਗਾਰ ਅਧਿਆਪਕ ਹਾਲੇ ਵੀ ਜੇਲ੍ਹ ਵਿਚ ਬੰਦ ਹਨ।
ਇਸ ਤੋਂ ਪਹਿਲਾਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਜੇਲ੍ਹ ਤੋਂ ਬਾਹਰ ਆਈਆਂ ਇਨ੍ਹਾਂ ਲੜਕੀਆਂ ਦੇ ਹਾਰ ਪਾ ਕੇ ਨਾਅਰਿਆਂ ਦੀ ਗੂੰਜ ਵਿਚ ਸਵਾਗਤ ਕੀਤਾ ਗਿਆ। ਇਸ ਮੌਕੇ ਦਾਤਾ ਸਿੰਘ (ਡੀ.ਟੀ.ਐੱਫ.), ਸੁਖਵਿੰਦਰ ਗਿਰ (ਡੀ.ਟੀ.ਐੱਫ.), ਨਿਰਭੈ ਸਿੰਘ (1158 ਯੂਨੀਅਨ), ਬਲਵੀਰ ਸਿੰਘ ਲੌਂਗੋਵਾਲ (ਦੇਸ਼ ਭਗਤ ਯਾਦਗਾਰ ਕਮੇਟੀ, ਲੌਂਗੋਵਾਲ),ਜਮਹੂਰੀ ਅਧਿਕਾਰ ਸਭਾ ਤੋਂ ਜੁਝਾਰ ਲੌਂਗੋਵਾਲ, ਦੇਵੀ ਦਿਆਲ ਅਤੇ ਬੱਗਾ ਸਿੰਘ ਜੀਟੀਯੂ, ਐਸਸੀ/ਬੀਸੀ ਦੇ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ, ਪੀਐੱਸਯੂ ਤੋ ਮੰਗਾ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਤੋ ਲਖਵੀਰ ਲੌਂਗੋਵਾਲ ਅਤੇ ਜਗਦੀਪ ਸਿੰਘ ਬੀਕੇਯੂ ਸਮੇਤ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।




















