ਆਗੂਆਂ ਨੇ ਕੀਤੀ ਰਾਣਾ ਗੁਰਜੀਤ ਦੇ ਘਰ ਕੀਤੀ ਮੀਟਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਸਿਆਸੀ ਮੈਦਾਨ ’ਚ ਕੁੱਦੇ ਨਾਰਾਜ਼ ਕਾਂਗਰਸੀ ਆਗੂ ਪਾਰਟੀ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਨਾਲ ਗੱਲਬਾਤ ਕਰਨ ਲਈ ਰਜ਼ਾਮੰਦ ਹੋ ਗਏ ਹਨ ਜੋ ਲੰਘੇ ਤਿੰਨ ਦਿਨਾਂ ਤੋਂ ਮੀਟਿੰਗਾਂ ’ਚ ਜੁਟੇ ਹੋਏ ਹਨ। ਬਘੇਲ ਨੇ ਲੰਘੇ ਦੋ ਦਿਨਾਂ ਤੋਂ ਸਖ਼ਤ ਲਹਿਜ਼ਾ ਅਖ਼ਤਿਆਰ ਕੀਤਾ ਹੋਇਆ ਸੀ ਅਤੇ ਉਨ੍ਹਾਂ ਪਾਰਟੀ ਪ੍ਰਧਾਨ ਦੇ ਫ਼ੈਸਲੇ ’ਤੇ ਮੁੜ ਵਿਚਾਰ ਕੀਤੇ ਜਾਣ ਦਾ ਸਵਾਲ ਨੂੰ ਪੂਰੀ ਤਰ੍ਹਾਂ ਖ਼ਾਰਜ ਕਰ ਦਿੱਤਾ ਸੀ।
ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਇੱਥੇ ਰਿਹਾਇਸ਼ ’ਤੇ ਇਸ ਧੜੇ ਦੇ ਪ੍ਰਮੁੱਖ ਆਗੂਆਂ ਦੀ ਮੀਟਿੰਗ ’ਚ ਪਾਰਟੀ ਨਾਲ ਗੱਲਬਾਤ ਲਈ ਰਾਹ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਅਹਿਮ ਸੂਤਰਾਂ ਅਨੁਸਾਰ ਆਉਂਦੇ ਇੱਕ ਦੋ ਦਿਨਾਂ ’ਚ ਇਹ ਧੜਾ ਪੰਜਾਬ ਇੰਚਾਰਜ ਬਘੇਲ ਨੂੰ ਗੱਲਬਾਤ ਲਈ ਸੱਦਾ ਦੇ ਸਕਦਾ ਹੈ।
ਪੰਜਾਬ ਕਾਂਗਰਸ ਦੇ ਨਾਰਾਜ਼ ਆਗੂਆਂ ਨੇ ਕਈ ਦਿਨਾਂ ਦੀ ਖ਼ਾਮੋਸ਼ੀ ਮਗਰੋਂ ਹੁਣ ਬਘੇਲ ਨਾਲ ਗੱਲਬਾਤ ਕਰਨ ਵਾਸਤੇ ਕਦਮ ਅੱਗੇ ਵਧਾਉਣ ਦਾ ਫ਼ੈਸਲਾ ਲਿਆ ਹੈ। ਦੂਜੇ ਪਾਸੇ ਪੰਜਾਬ ਇੰਚਾਰਜ ਬਘੇਲ ਦਾ ਕਹਿਣਾ ਹੈ ਕਿ ਹਾਲੇ ਨਾਰਾਜ਼ ਆਗੂਆਂ ਤਰਫ਼ੋਂ ਕੋਈ ਸੁਨੇਹਾ ਨਹੀਂ ਮਿਲਿਆ ਹੈ ਅਤੇ ਜਦੋਂ ਵੀ ਰਸਮੀ ਸੱਦਾ ਆਵੇਗਾ ਤਾਂ ਉਹ ਗੱਲਬਾਤ ਲਈ ਜਾਣਗੇ। ਸੂਤਰਾਂ ਅਨੁਸਾਰ ਨਾਰਾਜ਼ ਆਗੂਆਂ ਦਾ ਪਾਰਟੀ ਪ੍ਰਧਾਨ ਰਾਜਾ ਵੜਿੰਗ ਖ਼ਿਲਾਫ਼ ਗ਼ੁੱਸਾ ਹਾਲੇ ਠੰਢਾ ਨਹੀਂ ਹੋਇਆ ਹੈ।
ਅੱਜ ਆਗੂਆਂ ਨੇ ਇਹ ਵੀ ਨਿਰਣਾ ਲਿਆ ਹੈ ਕਿ ਮੀਟਿੰਗ ਸਿਰਫ਼ ਭੁਪੇਸ਼ ਬਘੇਲ ਨਾਲ ਕੀਤੀ ਜਾਵੇਗੀ ਜਿਸ ’ਚ ਰਾਜਾ ਵੜਿੰਗ ਦੀ ਮੌਜੂਦਗੀ ਪ੍ਰਵਾਨ ਨਹੀਂ ਹੋਵੇਗੀ। ਰਾਣਾ ਗੁਰਜੀਤ ਸਿੰਘ ਦੇ ਘਰ ਹੋਈ ਮੀਟਿੰਗ ’ਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਪਰਗਟ ਸਿੰਘ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਆਦਿ ਸ਼ਾਮਲ ਹੋਏ।
ਮੀਟਿੰਗ ਮਗਰੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪਾਰਟੀ ਅੰਦਰ ਵਿਚਾਰਾਂ ਦੇ ਮਤਭੇਦ ਹੋ ਸਕਦੇ ਹਨ ਪਰ ਕਾਂਗਰਸ ਇੱਕਜੁੱਟ ਹੈ ਤੇ ਮਜ਼ਬੂਤ ਹੈ। ਸਾਬਕਾ ਮੰਤਰੀ ਪਰਗਟ ਸਿੰਘ ਨੇ ਵੀ ਇਸ ਦੌਰਾਨ ਕਿਹਾ ਕਿ ਕਾਂਗਰਸ ਪਾਰਟੀ ’ਚ ਭਾਜਪਾ ਤੇ ‘ਆਪ’ ਦੀ ਤਰ੍ਹਾਂ ਡਿਕਟੇਟਰਸ਼ਿਪ ਨਹੀਂ ਹੈ ਅਤੇ ਕਾਂਗਰਸ ’ਚ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ। ਉਨ੍ਹਾਂ ਕਿਹਾ ਕਿ ਸੁਖਜਿੰਦਰ ਰੰਧਾਵਾ ਪੰਜਾਬ ਇੰਚਾਰਜ ਨਾਲ ਸਮਾਂ ਤੈਅ ਕਰਨਗੇ ਅਤੇ ਸਾਰੇ ਆਗੂ ਗੱਲਬਾਤ ਲਈ ਟੇਬਲ ’ਤੇ ਬੈਠਣਗੇ।




















