ਪ੍ਰੇਮ ਸਬੰਧਾਂ ਕਾਰਨ ਵਾਰਦਾਤ ਨੂੰ ਦਿੱਤਾ ਅੰਜਾਮ; ਵਟਸਐਪ ’ਤੇ ਭੇਜੇ ਸੁਨੇਹੇ ਤੇ ਫੋਟੋ ਤੋਂ ਹੋਇਆ ਖੁਲਾਸਾ
ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿੱਚ ਇੱਕ 30 ਸਾਲਾ ਭਾਰਤੀ ਨਾਗਰਿਕ ’ਤੇ ਆਪਣੀ ਪਤਨੀ ਦੀ ਹੱਤਿਆ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਹ ਕਾਰਵਾਈ ਪਤਨੀ ਦੀ ਮੌਤ ਦੇ ਲਗਪਗ ਨੌਂ ਮਹੀਨਿਆਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।
ਕਿੰਗ ਕਾਊਂਟੀ ਦੇ ਸਰਕਾਰੀ ਵਕੀਲ ਦੇ ਦਫ਼ਤਰ ਨੇ 1 ਜੁਲਾਈ ਨੂੰ ਅਵਿਨਾਸ਼ ਨਾਰਨੇ ‘ਤੇ ਫਸਟ-ਡਿਗਰੀ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਅਵਿਨਾਸ਼ ਨੂੰ ਜੂਨ ਦੇ ਆਖਰੀ ਹਫ਼ਤੇ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਫਿਲਹਾਲ ਉਹ 5 ਮਿਲੀਅਨ ਅਮਰੀਕੀ ਡਾਲਰ ਦੀ ਜ਼ਮਾਨਤ ਰਾਸ਼ੀ ‘ਤੇ ਹਿਰਾਸਤ ਵਿੱਚ ਹੈ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਅਵਿਨਾਸ਼ ਦੇ ਭਾਰਤ ਵਿੱਚ ਇੱਕ ਹੋਰ ਔਰਤ ਨਾਲ ਪ੍ਰੇਮ ਸਬੰਧ ਸਨ ਅਤੇ ਉਸ ਨੇ ਵਟਸਐਪ ‘ਤੇ ਉਸ ਔਰਤ ਨੂੰ ਆਪਣੀ ਪਤਨੀ ਦੀ ਮ੍ਰਿਤਕ ਦੇਹ ਦੀਆਂ ਤਸਵੀਰਾਂ ਵੀ ਭੇਜੀਆਂ ਸਨ।
ਸਰਕਾਰੀ ਵਕੀਲਾਂ ਦਾ ਦੋਸ਼ ਹੈ ਕਿ ਅਵਿਨਾਸ਼ ਨੇ ਪਹਿਲਾਂ ਤੋਂ ਯੋਜਨਾ ਬਣਾ ਕੇ ਪਤਨੀ ਦਾ ਗਲਾ ਘੁੱਟਿਆ ਅਤੇ ਬੈਲੇਵਿਊ ਸਥਿਤ ਆਪਣੇ ਘਰ ਵਿੱਚ ਪੁਲੀਸ ਦੇ ਪਹੁੰਚਣ ਤੋਂ ਪਹਿਲਾਂ ਵਾਰਦਾਤ ਵਾਲੀ ਥਾਂ ਨੂੰ ਇਸ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਕੋਈ ਹਾਦਸਾ ਹੋਇਆ ਹੋਵੇ।
ਬੈਲੇਵਿਊ ਪੁਲੀਸ ਨੂੰ ਮਿਲੀ ਜਾਣਕਾਰੀ ਮੁਤਾਬਕ, ਅਵਿਨਾਸ਼ ਅਤੇ 27 ਸਾਲਾ ਰਾਜੀਥਾ ਸੱਬੀਨੇਨੀ ਦਾ ਵਿਆਹ ਪਰਿਵਾਰ ਦੀ ਮਰਜ਼ੀ ਨਾਲ ਹੋਇਆ ਸੀ ਅਤੇ ਵਿਆਹ ਦੇ ਮਹਿਜ਼ ਕੁਝ ਮਹੀਨਿਆਂ ਬਾਅਦ ਹੀ ਰਾਜੀਥਾ ਦੀ ਲਾਸ਼ ਇੱਕ ਬੰਦ ਬਾਥਰੂਮ ਵਿੱਚੋਂ ਮਿਲੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਪਿਛਲੇ ਸਾਲ 27 ਅਕਤੂਬਰ ਨੂੰ ਅਵਿਨਾਸ਼ ਨੇ 911 ‘ਤੇ ਕਾਲ ਕਰਕੇ ਪੁਲੀਸ ਨੂੰ ਸੂਚਨਾ ਦਿੱਤੀ ਸੀ ਕਿ ਉਸਦੀ ਪਤਨੀ ਬਾਥਰੂਮ ਵਿੱਚ ਬੰਦ ਹੈ ਅਤੇ ਕੋਈ ਜਵਾਬ ਨਹੀਂ ਦੇ ਰਹੀ। ਜਦੋਂ ਪੁਲੀਸ ਅਧਿਕਾਰੀ ਵੁੱਡਲੈਂਡ ਕਾਮਨਜ਼ ਅਪਾਰਟਮੈਂਟਸ ਪਹੁੰਚੇ ਤਾਂ ਉਨ੍ਹਾਂ ਨੇ ਰਾਜੀਥਾ ਨੂੰ ਬਾਥਰੂਮ ਦੇ ਫਰਸ਼ ’ਤੇ ਬੇਸੁੱਧ ਪਾਇਆ। ਹਾਲਾਂਕਿ ਬਚਾਅ ਕਰਮਚਾਰੀਆਂ ਨੇ ਉਸ ਦੀ ਜਾਨ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਐਮਾਜ਼ਾਨ ਕੰਪਨੀ ਵਿੱਚ ਕੰਮ ਕਰਨ ਵਾਲੇ ਅਵਿਨਾਸ਼ ਨੇ ਪੁਲੀਸ ਨੂੰ ਦੱਸਿਆ ਸੀ ਕਿ ਉਹ ਜਦੋਂ ਘਰ ਆਇਆ ਤਾਂ ਉਸ ਨੇ ਇਹ ਸਭ ਦੇਖਿਆ। ਦੋਵਾਂ ਦੇ ਵਿਆਹ ਨੂੰ ਮਹਿਜ਼ ਚਾਰ ਮਹੀਨੇ ਹੀ ਹੋਏ ਸਨ। ਬਾਅਦ ਵਿੱਚ ਮੈਡੀਕਲ ਜਾਂਚ ਦੀ ਰਿਪੋਰਟ ਵਿੱਚ ਸਪਸ਼ਟ ਹੋਇਆ ਕਿ ਰਾਜੀਥਾ ਦੀ ਮੌਤ ਗਲਾ ਘੁੱਟਣ ਕਾਰਨ ਦਮ ਘੁੱਟਣ ਨਾਲ ਹੋਈ ਸੀ ਜਿਸ ਤੋਂ ਬਾਅਦ ਪੁਲੀਸ ਨੇ ਇਸ ਸ਼ੱਕੀ ਮੌਤ ਦੇ ਮਾਮਲੇ ਨੂੰ ਹੱਤਿਆ ਦੀ ਜਾਂਚ ਵਿੱਚ ਬਦਲ ਦਿੱਤਾ।
ਮੋਬਾਈਲ ਡੇਟਾ ਅਤੇ ਦਰਵਾਜ਼ੇ ਦੇ ਲੌਕ ਰਿਕਾਰਡ ਤੋਂ ਮਿਲੇ ਅਹਿਮ ਸੁਰਾਗ
ਜਾਂਚ ਦੌਰਾਨ ਅਵਿਨਾਸ਼ ਨੇ ਹੱਤਿਆ ਵਿੱਚ ਆਪਣਾ ਹੱਥ ਹੋਣ ਤੋਂ ਸਾਫ਼ ਇਨਕਾਰ ਕੀਤਾ ਸੀ ਪਰ ਪੁਲੀਸ ਨੇ ਵਟਸਐਪ ਸੁਨੇਹਿਆਂ ਅਤੇ ਘਰ ਦੇ ਦਰਵਾਜ਼ੇ ਦੇ ਡਿਜੀਟਲ ਲੌਕ ਦੇ ਰਿਕਾਰਡ ਨੂੰ ਪੁਖਤਾ ਸਬੂਤ ਵਜੋਂ ਪੇਸ਼ ਕੀਤਾ ਹੈ। ਜਾਂਚਕਰਤਾਵਾਂ ਨੇ ਸਪਸ਼ਟ ਕੀਤਾ ਹੈ ਕਿ ਵਾਰਦਾਤ ਦੇ ਸਮੇਂ ਅਵਿਨਾਸ਼ ਤੋਂ ਇਲਾਵਾ ਕੋਈ ਵੀ ਹੋਰ ਵਿਅਕਤੀ ਅਪਾਰਟਮੈਂਟ ਦੇ ਅੰਦਰ ਨਹੀਂ ਗਿਆ ਸੀ। ਇਸ ਤੋਂ ਇਲਾਵਾ ਪੁੱਛਗਿੱਛ ਦੌਰਾਨ ਅਵਿਨਾਸ਼ ਨੇ ਖ਼ੁਦ ਹੀ ਆਪਣੀ ਪਤਨੀ ਦੀ ਲਾਸ਼ ਦੀ ਇੱਕ ਡਿਲੀਟ ਕੀਤੀ ਗਈ ਤਸਵੀਰ ਦਾ ਜ਼ਿਕਰ ਕਰ ਦਿੱਤਾ ਸੀ। ਸਥਾਨਕ ਮੀਡੀਆ ਅਨੁਸਾਰ ਜਦੋਂ ਪੁਲੀਸ ਨੇ ਅਵਿਨਾਸ਼ ਦੇ ਮੋਬਾਈਲ ਫ਼ੋਨ, ਗੂਗਲ, ਵਟਸਐਪ ਅਤੇ ਇੰਸਟਾਗ੍ਰਾਮ ਖਾਤਿਆਂ ਦੀ ਜਾਂਚ ਕੀਤੀ ਤਾਂ ਭਾਰਤ ਵਿੱਚ ਰਹਿਣ ਵਾਲੀ ਦੂਜੀ ਔਰਤ ਨਾਲ ਉਸ ਦੇ ਸਬੰਧਾਂ ਦਾ ਸੱਚ ਸਾਹਮਣੇ ਆ ਗਿਆ। ਅਦਾਲਤ ਵਿੱਚ ਪੇਸ਼ ਕੀਤੇ ਗਏ ਹਲਫ਼ਨਾਮੇ ਮੁਤਾਬਕ ਅਵਿਨਾਸ਼ ਨੇ ਸਾਲ 2024 ਦੇ ਅਖੀਰ ਵਿੱਚ ਉਸ ਔਰਤ ਨਾਲ ਮੰਗਣੀ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸਨੂੰ ਇੱਕ ਅੰਗੂਠੀ ਵੀ ਦਿੱਤੀ ਸੀ।




















