ਅਹਿਮਦਾਬਾਦ-ਮੁੰਬਈ ਬੁਲੇਟ ਟਰੇਨ ਪ੍ਰਾਜੈਕਟ ਨੂੰ ਵੱਡਾ ਬਲ ਮਿਲਿਆ ਹੈ। ਐਤਵਾਰ ਨੂੰ ਮੁੰਬਈ ਦੇ ਵਿਖਰੋਲੀ ਸ਼ਾਫਟ ਤੋਂ ਭਾਰਤ ਦੀ ਸਭ ਤੋਂ ਵੱਡੀ ਟਨਲ ਬੋਰਿੰਗ ਮਸ਼ੀਨ (TBM) ਨੇ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ। 21 ਕਿਲੋਮੀਟਰ ਲੰਬੇ ਭੂਮੀਗਤ ਸੁਰੰਗ ਮਾਰਗ ਵਿੱਚੋਂ 16…
ਅਹਿਮਦਾਬਾਦ-ਮੁੰਬਈ ਬੁਲੇਟ ਟਰੇਨ ਪ੍ਰਾਜੈਕਟ ਨੂੰ ਵੱਡਾ ਬਲ ਮਿਲਿਆ ਹੈ। ਐਤਵਾਰ ਨੂੰ ਮੁੰਬਈ ਦੇ ਵਿਖਰੋਲੀ ਸ਼ਾਫਟ ਤੋਂ ਭਾਰਤ ਦੀ ਸਭ ਤੋਂ ਵੱਡੀ ਟਨਲ ਬੋਰਿੰਗ ਮਸ਼ੀਨ (TBM) ਨੇ ਖੁਦਾਈ ਦਾ ਕੰਮ ਸ਼ੁਰੂ ਕਰ ਦਿੱਤਾ।
21 ਕਿਲੋਮੀਟਰ ਲੰਬੇ ਭੂਮੀਗਤ ਸੁਰੰਗ ਮਾਰਗ ਵਿੱਚੋਂ 16 ਕਿਲੋਮੀਟਰ ਦਾ ਹਿੱਸਾ ਸਾਵਲੀ (ਘਣਸੋਲੀ) ਤੋਂ ਬਾਂਦਰਾ ਕੁਰਲਾ ਕੰਪਲੈਕਸ (BKC) ਤੱਕ TBM ਰਾਹੀਂ ਬਣਾਇਆ ਜਾਵੇਗਾ, ਜਦਕਿ ਬਾਕੀ 5 ਕਿਲੋਮੀਟਰ ਸੁਰੰਗ ਨਿਊ ਆਸਟਰੀਅਨ ਟਨਲਿੰਗ ਮੈਥਡ (NATM) ਨਾਲ ਪਹਿਲਾਂ ਹੀ ਤਿਆਰ ਕੀਤੀ ਜਾ ਚੁੱਕੀ ਹੈ।
ਵਿਖਰੋਲੀ ਤੋਂ ਸ਼ੁਰੂ ਹੋਈ ਇਹ TBM 6 ਕਿਲੋਮੀਟਰ ਲੰਬੀ ਇਕੱਲੀ ਸੁਰੰਗ ਬਣਾਏਗੀ, ਜਿਸ ਵਿੱਚ ਬੁਲੇਟ ਟਰੇਨ ਦੀਆਂ ਦੋਵੇਂ ਦਿਸ਼ਾਵਾਂ (ਅੱਪ ਅਤੇ ਡਾਊਨ) ਲਈ ਪਟੜੀਆਂ ਹੋਣਗੀਆਂ।
ਖੁਦਾਈ ਦੌਰਾਨ ਇਹ ਮਸ਼ੀਨ ਬਹੁ-ਮੰਜ਼ਿਲਾ ਇਮਾਰਤਾਂ, ਮੁੱਖ ਸੜਕਾਂ, ਮਿੱਠੀ ਦਰਿਆ ਅਤੇ ਹੋਰ ਮਹੱਤਵਪੂਰਨ ਬੁਨਿਆਦੀ ਢਾਂਚਿਆਂ ਦੇ ਹੇਠਾਂ ਤੋਂ ਲੰਘੇਗੀ। ਇਸ ਲਈ ਉੱਚ ਪੱਧਰੀ ਸਟੀਕਤਾ ਅਤੇ ਲਗਾਤਾਰ ਨਿਗਰਾਨੀ ਦੀ ਲੋੜ ਹੋਵੇਗੀ।
ਰੇਲਵੇ ਸੁਰੰਗ ਨਿਰਮਾਣ ਲਈ ਵਰਤੀ ਜਾ ਰਹੀ ਇਹ ਭਾਰਤ ਦੀ ਸਭ ਤੋਂ ਵੱਡੀ TBM ਹੈ। ਇਸ ਦਾ ਕਟਰਹੈੱਡ 13.6 ਮੀਟਰ ਵਿਆਸ ਵਾਲਾ ਹੈ, ਜੋ ਚਾਰ ਮੰਜ਼ਿਲਾ ਇਮਾਰਤ ਜਿੰਨਾ ਉੱਚਾ ਹੈ। ਮਸ਼ੀਨ ਦਾ ਵਜ਼ਨ ਕਰੀਬ 3,100 ਟਨ (ਲਗਪਗ 500 ਏਸ਼ੀਆਈ ਹਾਥੀਆਂ ਦੇ ਬਰਾਬਰ) ਅਤੇ ਲੰਬਾਈ 96 ਮੀਟਰ ਹੈ।
ਇਹ ਇੱਕ ਮਿਕਸਸ਼ੀਲਡ TBM ਹੈ, ਜੋ ਵੱਖ-ਵੱਖ ਕਿਸਮ ਦੀ ਭੂ-ਸੰਰਚਨਾ ਅਤੇ ਉੱਚੇ ਭੂ-ਜਲ ਦਬਾਅ ਵਾਲੇ ਇਲਾਕਿਆਂ ਵਿੱਚ ਵੱਡੇ ਵਿਆਸ ਦੀਆਂ ਸੁਰੰਗਾਂ ਬਣਾਉਣ ਲਈ ਤਿਆਰ ਕੀਤੀ ਗਈ ਹੈ।
TBM ਨੂੰ ਲਾਂਚ ਕਰਨ ਲਈ ਵਿਖਰੋਲੀ ਵਿੱਚ 56 ਮੀਟਰ ਡੂੰਘਾ ਸ਼ਾਫਟ ਬਣਾਇਆ ਗਿਆ ਹੈ, ਜੋ ਜ਼ਮੀਨ ਹੇਠਾਂ 20 ਮੰਜ਼ਿਲਾ ਇਮਾਰਤ ਦੇ ਬਰਾਬਰ ਹੈ। ਨੇੜਲੇ ਢਾਂਚਿਆਂ ਦੀ ਸੁਰੱਖਿਆ ਲਈ ਰੀਅਲ-ਟਾਈਮ ਨਿਗਰਾਨੀ ਪ੍ਰਣਾਲੀ ਵੀ ਲਗਾਈ ਗਈ ਹੈ।
TBM ਨਾਲ ਬਣਨ ਵਾਲੀ ਸੁਰੰਗ ਨੂੰ ਪੂਰੀ ਤਰ੍ਹਾਂ ਵਾਟਰਪਰੂਫ ਬਣਾਇਆ ਜਾ ਰਿਹਾ ਹੈ ਅਤੇ ਇਸ ਦੀ ਮਜ਼ਬੂਤੀ, ਭੂ-ਜਲ ਦੀ ਸਥਿਤੀ ਅਤੇ ਨਿਰਮਾਣ ਸੁਰੱਖਿਆ ’ਤੇ ਲਗਾਤਾਰ ਨਿਗਰਾਨੀ ਰੱਖੀ ਜਾਵੇਗੀ।
ਰੇਲ ਮੰਤਰੀ ਅਸ਼ਵਨੀ ਵੈਸ਼ਣਵ ਮੁਤਾਬਕ, ਮੁੰਬਈ-ਅਹਿਮਦਾਬਾਦ ਹਾਈ-ਸਪੀਡ ਰੇਲ ਪ੍ਰਾਜੈਕਟ ਦੇ ਸੂਰਤ-ਬਿਲੀਮੋਰਾ ਖੰਡ ’ਤੇ ਅਗਸਤ 2027 ਤੋਂ ਬੁਲੇਟ ਟਰੇਨ ਸੇਵਾ ਸ਼ੁਰੂ ਹੋਣ ਦੀ ਉਮੀਦ ਹੈ।




















