ਬਿਕਰਮ ਮਜੀਠੀਆ ਤੇ ਸੁਖਪਾਲ ਖਹਿਰਾ ਵੱਲੋਂ ਸਾਂਝੇ ਕੀਤੇ ਵੀਡੀਓਜ਼ ’ਚ ਸਮਰਾ ਦੇ ਵੱਡੇ ਖੁਲਾਸੇ; ਕੇਜਰੀਵਾਲ ਦੇ ਸੁਰੱਖਿਆ ਸਟਾਫ਼ ਵੱਲੋਂ ਹੋਈ ਬਦਸਲੂਕੀ ਤੋਂ ਬਾਅਦ ਵੀਡੀਓ ਮਿਲਣ ਦਾ ਕੀਤਾ ਦਾਅਵਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਥਿਤ ਅਤੇ ਵਿਵਾਦਤ ਵੀਡੀਓ ਨੂੰ ਲੈ ਕੇ ਸੂਬੇ ਦੀ ਸਿਆਸਤ ਵਿੱਚ ਖੜ੍ਹੇ ਹੋਏ ਜ਼ਬਰਦਸਤ ਤੂਫ਼ਾਨ ਦਰਮਿਆਨ ਇਸ ਮਾਮਲੇ ਦੇ ਮੁੱਖ ਸੂਤਰਧਾਰ ਜਗਮਨਦੀਪ ਸਿੰਘ ਉਰਫ਼ ਜਗਮਨ ਸਮਰਾ ਨੇ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ। ਸੋਸ਼ਲ ਮੀਡੀਆ ’ਤੇ ਬੈਕ-ਟੂ-ਬੈਕ (ਇੱਕ ਤੋਂ ਬਾਅਦ ਇੱਕ) ਵੀਡੀਓਜ਼ ਸਾਂਝੀਆਂ ਕਰਦਿਆਂ ਕੈਨੇਡਾ ਬੈਠੇ ਸਮਰਾ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਇਹ ਵਿਵਾਦਤ ਵੀਡੀਓਜ਼ ਆਮ ਆਦਮੀ ਪਾਰਟੀ (AAP) ਦੀ ਰਾਜਸਭਾ ਮੈਂਬਰ ਸਵਾਤੀ ਮਾਲੀਵਾਲ ਵੱਲੋਂ ਭੇਜੀਆਂ ਗਈਆਂ ਸਨ।
ਸੋਸ਼ਲ ਮੀਡੀਆ ’ਤੇ ਸਾਹਮਣੇ ਆਏ ਜਗਮਨ ਦੇ ਬਿਆਨ ਦੇ ਤੀਜੇ ਹਿੱਸੇ, ਜੋ ਕਿ ਲਗਭਗ 4 ਮਿੰਟ 56 ਸੈਕੰਡ ਲੰਬਾ ਹੈ, ਵਿੱਚ ਉਸ ਨੇ ਦਾਅਵਾ ਕੀਤਾ ਕਿ ਅਰਵਿੰਦ ਕੇਜਰੀਵਾਲ ਦੇ ਸੁਰੱਖਿਆ ਸਟਾਫ਼ ਵੱਲੋਂ ਕਥਿਤ ਕੁੱਟਮਾਰ ਅਤੇ ਅਪਮਾਨਿਤ ਕੀਤੇ ਜਾਣ ਤੋਂ ਬਾਅਦ ਸਵਾਤੀ ਮਾਲੀਵਾਲ ਨੇ ਇਹ ਵੀਡੀਓ ਉਸ ਨਾਲ ਸਾਂਝੀ ਕੀਤੀ ਸੀ। ਸਮਰਾ ਨੇ ਅੱਗੇ ਦੱਸਿਆ ਕਿ ਇਹ ਵੀਡੀਓ ਇੱਕ ਹੋਟਲ ਦੇ ਕਮਰੇ ਵਿੱਚ ਸ਼ੂਟ ਕੀਤੀ ਗਈ ਸੀ ਅਤੇ ਉਹ ਕਮਰਾ ‘ਜਰਨੈਲ ਸਿੰਘ’ ਨਾਮ ਦੇ ਕਿਸੇ ਵਿਅਕਤੀ ਦੇ ਨਾਮ ’ਤੇ ਬੁੱਕ ਸੀ। ਹਾਲਾਂਕਿ, ਇਸ ਜਰਨੈਲ ਸਿੰਘ ਦਾ ਮੁੱਖ ਮੰਤਰੀ ਮਾਨ ਨਾਲ ਕੀ ਸਬੰਧ ਹੈ, ਇਸ ਬਾਰੇ ਅਜੇ ਵੇਰਵੇ ਸਾਹਮਣੇ ਨਹੀਂ ਆਏ ਹਨ। ਸਮਰਾ ਨੇ ਕਿਹਾ ਕਿ ਉਸ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਹੈ ਕਿ ਇਹ ਵੀਡੀਓ ਕਿਸ ਨੇ ਬਣਾਈ, ਕਿਸ ਨੇ ਰਿਕਾਰਡ ਕੀਤੀ ਅਤੇ ਇਹ ਕਿਸ ਦੇ ਫ਼ੋਨ ਵਿੱਚ ਸਟੋਰ ਸੀ। ਉਸ ਨੇ ਚੁਣੌਤੀ ਦਿੰਦਿਆਂ ਕਿਹਾ, “ਉਹ ਚਾਹੁਣ ਤਾਂ ਮੇਰੇ ਘਰ ਦੀ ਤਲਾਸ਼ੀ ਵੀ ਲੈ ਸਕਦੇ ਹਨ।”
ਇਸ ਤੋਂ ਪਹਿਲਾਂ ਜਗਮਨ ਸਮਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਸ ਦਾਅਵੇ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ, ਜਿਸ ਵਿੱਚ ਸੀਐੱਮ ਨੇ ਕਿਹਾ ਸੀ ਕਿ ਵੀਡੀਓ ਵਿੱਚ ਉਨ੍ਹਾਂ ਦੀ ਸ਼ਕਲ ਵਰਗਾ ਨਕਲੀ (ਪ੍ਰੋਸਥੈਟਿਕ) ਮਾਸਕ ਵਰਤਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਫੇਸਬੁੱਕ ਪੇਜ ’ਤੇ ਸਾਂਝੇ ਕੀਤੇ ਗਏ 47 ਸੈਕੰਡ ਦੇ ਵੀਡੀਓ ਸੰਦੇਸ਼ ਵਿੱਚ ਸਮਰਾ ਨੇ ਪਰਿਵਾਰਕ ਰੁਝੇਵਿਆਂ ਦਾ ਹਵਾਲਾ ਦਿੰਦਿਆਂ ਸਪੱਸ਼ਟ ਕੀਤਾ, “ਨਾ ਤਾਂ ਕੋਈ ਕਦੇ ਮੇਰੇ ਕੋਲ ਮੁੱਖ ਮੰਤਰੀ ਦਾ ਮਾਸਕ ਲੈ ਕੇ ਆਇਆ ਹੈ ਅਤੇ ਨਾ ਹੀ ਮੈਂ ਕਿਸੇ ਨੂੰ ਕੋਈ ਪੇਮੈਂਟ ਕੀਤੀ ਹੈ। ਜੇਕਰ ਉਹ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹਨ, ਤਾਂ ਉਸ ਨੂੰ ਮੇਰੇ ਸਾਹਮਣੇ ਲਿਆਉਣ ਜੋ ਇਹ ਕਹੇ ਕਿ ਉਸਨੇ ਮਾਸਕ ਡਿਲੀਵਰ ਕੀਤਾ ਸੀ ਅਤੇ ਮੈਂ ਪੈਸੇ ਦਿੱਤੇ ਸਨ। ਮੈਂ ਪਹਿਲਾਂ ਹੀ ਕਿਹਾ ਸੀ ਕਿ ਅਜਿਹੀਆਂ ਬਹੁਤ ਗੱਲਾਂ ਘੜੀਆਂ ਜਾਣਗੀਆਂ, ਪਰ ਜੇ ਸਭ ਸਾਫ਼ ਸੀ ਤਾਂ ਇੱਕ ‘ਫਰਜ਼ੀ’ ਫੋਰੈਂਸਿਕ ਰਿਪੋਰਟ ਤਿਆਰ ਕਰਵਾਉਣ ਦੀ ਕੀ ਲੋੜ ਸੀ?”
ਸੁਖਪਾਲ ਖਹਿਰਾ ਨੇ ਸਾਂਝੀ ਕੀਤੀ ਵੀਡੀਓ
ਦੂਜੇ ਪਾਸੇ, ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਸਾਂਝੀ ਕੀਤੀ ਗਈ 4 ਮਿੰਟ 20 ਸੈਕੰਡ ਦੀ ਇੱਕ ਹੋਰ ਵੀਡੀਓ ਵਿੱਚ ਜਗਮਨ ਸਮਰਾ ਨੇ ਚਿਤਾਵਨੀ ਦਿੱਤੀ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਹੋਰ ਵੀ ਕਈ ਵਿਵਾਦਤ ਵੀਡੀਓਜ਼ ਅਤੇ ਮੁੱਖ ਮੰਤਰੀ ਵੱਲੋਂ ਪਵਿੱਤਰ ਅਰਦਾਸ ਦੀ ਕੀਤੀ ਗਈ ਕਥਿਤ ਨਕਲ (ਪੈਰੋਡੀ) ਦੀਆਂ ਵੀਡੀਓਜ਼ ਸਾਂਝੀਆਂ ਕੀਤੀਆਂ ਜਾਣਗੀਆਂ। ਸਮਰਾ ਨੇ ਸਿਆਸੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਹਿਲਾਂ ਮਾਨ ਨੇ ਦਾਅਵਾ ਕੀਤਾ ਸੀ ਕਿ ਗੁਰੂ ਸਾਹਿਬਾਨ ਦੇ ਖਿਲਾਫ਼ ਅਪਮਾਨਜਨਕ ਟਿੱਪਣੀਆਂ ਵਾਲੀ ਇਹ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਾਹੀਂ ਤਿਆਰ ਕੀਤੀ ਗਈ ਹੈ। ਜਦੋਂ ਦੇਸ਼ ਦੀਆਂ ਚੋਟੀ ਦੀਆਂ ਲੈਬਾਰਟਰੀਆਂ ਨੇ ਇਸ ਨੂੰ ਰੱਦ ਕਰ ਦਿੱਤਾ, ਤਾਂ ਮਾਨ ਕਹਿਣ ਲੱਗੇ ਕਿ ਵੀਡੀਓ AI ਦੀ ਨਹੀਂ ਹੈ ਪਰ ਵੀਡੀਓ ਵਾਲਾ ਵਿਅਕਤੀ ਉਹ ਨਹੀਂ ਹੈ। ਹੁਣ ਉਹ ਨਵਾਂ ਦਾਅਵਾ ਕਰ ਰਹੇ ਹਨ ਕਿ ਕਿਸੇ ਨੇ ਮਾਸਕ ਪਾਇਆ ਹੋਇਆ ਸੀ, ਜਦੋਂ ਕਿ ਸੱਚਾਈ ਇਹ ਹੈ ਕਿ ਇਹ ਵੀਡੀਓ ਸਵਾਤੀ ਮਾਲੀਵਾਲ ਰਾਹੀਂ ਬਾਹਰ ਆਈ ਹੈ। ਸਮਰਾ ਨੇ ਇਹ ਵੀ ਕਿਹਾ ਕਿ ਉਹ ਮਾਨ ਨੂੰ ਬਚਪਨ ਤੋਂ ਜਾਣਦਾ ਹੈ, ਉਨ੍ਹਾਂ ਦੇ ਵਿਆਹ ਵਿੱਚ ਵੀ ਸ਼ਾਮਲ ਹੋਇਆ ਸੀ ਅਤੇ ਸ਼ੂਟਿੰਗ ਲਈ ਆਪਣੀ ਗੱਡੀ ਵੀ ਦਿੱਤੀ ਸੀ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਵਾਤੀ ਮਾਲੀਵਾਲ ਉਨ੍ਹਾਂ ਸੱਤ ਰਾਜਸਭਾ ਮੈਂਬਰਾਂ ਵਿੱਚ ਸ਼ਾਮਲ ਸੀ (ਜਿਨ੍ਹਾਂ ਵਿੱਚ ਰਾਘਵ ਚੱਢਾ, ਅਸ਼ੋਕ ਮਿੱਤਲ, ਸੰਦੇਸ਼ ਪਾਠਕ, ਹਰਭਜਨ ਸਿੰਘ, ਰਾਜਿੰਦਰ ਗੁਪਤਾ ਅਤੇ ਵਿਕਰਮਜੀਤ ਸਾਹਨੀ ਦੇ ਨਾਮ ਵੀ ਹਨ) ਜਿਨ੍ਹਾਂ ਨੇ ਪਾਰਟੀ ਛੱਡ ਕੇ ਰਾਜਸਭਾ ਦੇ ਚੇਅਰਮੈਨ ਨੂੰ ਭਾਜਪਾ ਵਿੱਚ ਵਿਲੀਨ (Merger) ਹੋਣ ਬਾਰੇ ਪੱਤਰ ਸੌਂਪਿਆ ਸੀ।
ਕੌਣ ਹੈ ਜਗਮਨ ਸਮਰਾ?
ਕੈਨੇਡਾ ਵਿੱਚ ਰਹਿ ਰਿਹਾ ਪਰਵਾਸੀ ਭਾਰਤੀ (NRI) ਜਗਮਨਦੀਪ ਸਿੰਘ ਉਰਫ਼ ਜਗਮਨ ਸਮਰਾ ਸਾਲ 2022 ਵਿੱਚ ਪੰਜਾਬ ਪੁਲੀਸ ਦੀ ਹਿਰਾਸਤ ਵਿੱਚੋਂ ਉਸ ਵੇਲੇ ਫਰਾਰ ਹੋ ਗਿਆ ਸੀ, ਜਦੋਂ ਇੱਕ ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀ। ਸਮਰਾ ਵਿਰੁੱਧ 28 ਨਵੰਬਰ 2020 ਨੂੰ ਫਿਰੋਜ਼ਪੁਰ ਵਿਖੇ 65 ਲੱਖ ਰੁਪਏ ਦੀ ਠੱਗੀ ਅਤੇ ਅਪਰਾਧਿਕ ਸਾਜ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਫਰੀਦਕੋਟ ਦੀ ਕੇਂਦਰੀ ਜੇਲ੍ਹ ਵਿੱਚ ਰੱਖਿਆ ਗਿਆ ਸੀ। ਬਾਅਦ ਵਿੱਚ, 23 ਦਸੰਬਰ 2021 ਨੂੰ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫਰੀਦਕੋਟ ਦੇ ਆਰਥੋਪੈਡਿਕਸ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੋਂ ਉਹ 1 ਫਰਵਰੀ 2022 ਨੂੰ ਚੋਣਾਂ ਤੋਂ ਠੀਕ ਦੋ ਮਹੀਨੇ ਪਹਿਲਾਂ ਜੇਲ੍ਹ ਗਾਰਡਾਂ ਨੂੰ ਚਕਮਾ ਦੇ ਕੇ ਫਰਾਰ ਹੋਣ ਅਤੇ ਨੇਪਾਲ ਦੇ ਰਸਤੇ ਕੈਨੇਡਾ ਪਹੁੰਚਣ ਵਿੱਚ ਕਾਮਯਾਬ ਹੋ ਗਿਆ ਸੀ।





















