Venezuela Earthquakes: ਵੈਨੇਜ਼ੁਏਲਾ ਵਿੱਚ ਬੁੱਧਵਾਰ ਸ਼ਾਮ ਨੂੰ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। 7.2 ਅਤੇ 7.5 ਤੀਬਰਤਾ ਦੇ ਇਨ੍ਹਾਂ ਭੂਚਾਲਾਂ ਕਾਰਨ ਹੁਣ ਤੱਕ ਲਗਪਗ 235 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ 4300…
Venezuela Earthquakes: ਵੈਨੇਜ਼ੁਏਲਾ ਵਿੱਚ ਬੁੱਧਵਾਰ ਸ਼ਾਮ ਨੂੰ ਆਏ ਦੋ ਸ਼ਕਤੀਸ਼ਾਲੀ ਭੂਚਾਲਾਂ ਨੇ ਭਾਰੀ ਤਬਾਹੀ ਮਚਾ ਦਿੱਤੀ ਹੈ। 7.2 ਅਤੇ 7.5 ਤੀਬਰਤਾ ਦੇ ਇਨ੍ਹਾਂ ਭੂਚਾਲਾਂ ਕਾਰਨ ਹੁਣ ਤੱਕ ਲਗਪਗ 235 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ 4300 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਸਿਹਤ ਮੰਤਰੀ ਕਾਰਲੋਸ ਅਲਵਾਰਾਡੋ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਕਿਉਂਕਿ ਹਾਲੇ ਵੀ ਹਜ਼ਾਰਾਂ ਲੋਕ ਲਾਪਤਾ ਹਨ। ਪਿਛਲੇ ਇੱਕ ਸਦੀ ਵਿੱਚ ਦੇਸ਼ ਵਿੱਚ ਆਏ ਇਹ ਸਭ ਤੋਂ ਤਾਕਤਵਰ ਭੂਚਾਲ ਮੰਨੇ ਜਾ ਰਹੇ ਹਨ।
ਤਬਾਹੀ ਦਾ ਸਭ ਤੋਂ ਵੱਧ ਅਸਰ ਰਾਜਧਾਨੀ ਕਾਰਾਕਸ ਦੇ ਉੱਤਰ ਵਿੱਚ ਸਥਿਤ ਤੱਟਵਰਤੀ ਖੇਤਰ ‘ਲਾ ਗੁਆਇਰਾ’ ਵਿੱਚ ਦੇਖਣ ਨੂੰ ਮਿਲਿਆ ਹੈ। ਇੱਥੇ ਮੁੱਖ ਹਵਾਈ ਅੱਡਾ ਵੀ ਨੁਕਸਾਨਿਆ ਗਿਆ ਹੈ, ਜਿਸ ਕਾਰਨ ਰਾਹਤ ਸਮੱਗਰੀ ਪਹੁੰਚਾਉਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਸਰਕਾਰੀ ਮਸ਼ੀਨਰੀ ਦੀ ਘਾਟ ਕਾਰਨ ਆਮ ਲੋਕ ਆਪਣੇ ਪੱਧਰ ‘ਤੇ ਹੀ ਮਲਬੇ ਵਿੱਚੋਂ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਕਈ ਪਰਿਵਾਰਾਂ ਨੇ ਆਪਣੇ ਅਜ਼ੀਜ਼ਾਂ ਦੀ ਭਾਲ ਲਈ ਸੋਸ਼ਲ ਮੀਡੀਆ ਅਤੇ ਹੱਥ-ਲਿਖਤ ਸੂਚੀਆਂ ਦਾ ਸਹਾਰਾ ਲਿਆ ਹੈ।
ਰਾਸ਼ਟਰਪਤੀ ਡੇਲਸੀ ਰੌਡਰਿਗਜ਼ ਨੇ ਦੇਸ਼ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਅਤੇ 200 ਮਿਲੀਅਨ ਡਾਲਰ ਦਾ ਮੁੜ-ਨਿਰਮਾਣ ਫੰਡ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਵੱਧ ਤੋਂ ਵੱਧ ਲੋਕਾਂ ਨੂੰ ਬਚਾਉਣ ਲਈ ਵਚਨਬੱਧ ਹੈ। ਇਸ ਸੰਕਟ ਦੀ ਘੜੀ ਵਿੱਚ ਅਮਰੀਕਾ, ਮੈਕਸੀਕੋ, ਬ੍ਰਾਜ਼ੀਲ, ਕਤਰ, ਸਪੇਨ, ਪੁਰਤਗਾਲ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ ਨੇ ਮਦਦ ਦੀ ਪੇਸ਼ਕਸ਼ ਕੀਤੀ ਹੈ। ਅਮਰੀਕਾ ਨੇ ਰਾਹਤ ਕਾਰਜਾਂ ਲਈ ਕੁਝ ਪਾਬੰਦੀਆਂ ਵਿੱਚ 23 ਅਕਤੂਬਰ ਤੱਕ ਢਿੱਲ ਦੇਣ ਦਾ ਫੈਸਲਾ ਕੀਤਾ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਅਮਰੀਕਾ ਤੁਰੰਤ ਖੋਜ ਅਤੇ ਬਚਾਅ ਟੀਮਾਂ ਤੇ ਮੈਡੀਕਲ ਸਹਾਇਤਾ ਭੇਜ ਰਿਹਾ ਹੈ।
ਭੂਚਾਲ ਕਾਰਨ ਬਿਜਲੀ, ਮੋਬਾਈਲ ਸੇਵਾਵਾਂ ਅਤੇ ਗੈਸ ਸਪਲਾਈ ਪ੍ਰਭਾਵਿਤ ਹੋਈ ਹੈ। ਸਰਕਾਰ ਨੇ ਸਕੂਲਾਂ ਵਿੱਚ ਰਾਹਤ ਕੈਂਪ ਸਥਾਪਿਤ ਕੀਤੇ ਹਨ। ਖਾਸ ਗੱਲ ਇਹ ਹੈ ਕਿ ਭੂਚਾਲ ਤੋਂ ਬਾਅਦ ਲੋਕਾਂ ਨੂੰ ਸੂਚਨਾ ਦੇਣ ਲਈ ਸਰਕਾਰ ਨੇ ਸੋਸ਼ਲ ਮੀਡੀਆ ਪਾਬੰਦੀਆਂ ਵੀ ਹਟਾ ਦਿੱਤੀਆਂ ਹਨ। ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਇਹ ਬ੍ਰਾਜ਼ੀਲ ਦੇ ਐਮਾਜ਼ਾਨ ਖੇਤਰ ਤੱਕ ਮਹਿਸੂਸ ਕੀਤੇ ਗਏ। ਮਾਹਿਰਾਂ ਦਾ ਮੰਨਣਾ ਹੈ ਕਿ ਦੋ ਭੂਚਾਲਾਂ ਦਾ ਇੱਕ ਮਿੰਟ ਦੇ ਵਕਫ਼ੇ ਨਾਲ ਆਉਣਾ ਅਤੇ ਘੱਟ ਡੂੰਘਾਈ ਹੋਣ ਕਾਰਨ ਤਬਾਹੀ ਦੀ ਤੀਬਰਤਾ ਕਈ ਗੁਣਾ ਵੱਧ ਗਈ। ਵਰਤਮਾਨ ਵਿੱਚ ਰਾਹਤ ਟੀਮਾਂ ਮਲਬੇ ਹੇਠ ਦੱਬੇ ਲੋਕਾਂ ਨੂੰ ਬਚਾਉਣ ਲਈ ਯੁੱਧ ਪੱਧਰ ‘ਤੇ ਕੰਮ ਕਰ ਰਹੀਆਂ ਹਨ।





















